ETT ਕੈਡਰ ਪ੍ਰੀਖਿਆ ਦੀ ਨੋਟੀਫਿਕੇਸ਼ਨ ਜਾਰੀ ਪਰ ਸਿਲੇਬਸ ਉਡੀਕ ਰਹੇ ਉਮੀਦਵਾਰ 

ਏਜੰਸੀ

ਖ਼ਬਰਾਂ, ਪੰਜਾਬ

ਆਖ਼ਰੀ ਤਰੀਕ ਤੋਂ 7 ਦਿਨ ਉੱਪਰ ਟੱਪੇ  

ETT Exam

- 5994 ਅਸਾਮੀਆਂ ਲਈ ਅਪਲਾਈ ਕਰਨ ਦਾ ਸਮਾਂ 14 ਅਕਤੂਬਰ ਤੋਂ 10 ਨਵੰਬਰ ਕੀਤਾ ਗਿਆ ਸੀ ਤੈਅ 

ਚੰਡੀਗੜ੍ਹ - ਈਟੀਟੀ ਕਾਡਰ ਦੀਆਂ 5994 ਅਸਾਮੀਆਂ ਲਈ ਅਪਲਾਈ ਕਰਨ ਤੋਂ ਬਾਅਦ ਸਿੱਖਿਆ ਵਿਭਾਗ ਨੇ ਅਜੇ ਤੱਕ ਇਸ ਲਈ ਸਿਲੇਬਸ ਜਾਰੀ ਨਹੀਂ ਕੀਤਾ ਹੈ। ਸਿੱਖਿਆ ਵਿਭਾਗ ਨੇ 14 ਅਕਤੂਬਰ ਤੋਂ 10 ਨਵੰਬਰ ਤੱਕ ਅਪਲਾਈ ਕਰਨ ਦਾ ਸਮਾਂ ਤੈਅ ਕੀਤਾ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਖ਼ਰੀ ਤਰੀਕ ਦੇ 7 ਦਿਨ ਬੀਤ ਜਾਣ ਤੋਂ ਬਾਅਦ ਵੀ ਵਿਭਾਗ ਨੇ ਅਜੇ ਤੱਕ ਸਿਲੇਬਸ ਜਾਰੀ ਨਹੀਂ ਕੀਤਾ ਹੈ।  

ਇਸ ਕਾਰਨ ਜਿਨ੍ਹਾਂ ਉਮੀਦਵਾਰਾਂ ਨੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕੀਤਾ ਹੈ, ਉਹ ਭੰਬਲਭੂਸੇ ਵਿਚ ਹਨ ਕਿ ਉਨ੍ਹਾਂ ਨੂੰ ਕਿਸ ਪੈਟਰਨ ਦੀ ਪ੍ਰੀਖਿਆ ਦੀ ਤਿਆਰੀ ਕਰਨੀ ਚਾਹੀਦੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਵੱਲੋਂ ਈ.ਟੀ.ਟੀ ਕਾਡਰ ਦੀਆਂ 2364 ਅਤੇ 6635 ਅਸਾਮੀਆਂ ਲਈ 100 ਅੰਕਾਂ ਦੀ ਪ੍ਰੀਖਿਆ ਲਈ ਜਾਂਦੀ ਸੀ ਪਰ ਇਸ ਵਾਰ ਸਿੱਖਿਆ ਵਿਭਾਗ ਨੇ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਲਈ 200 ਅੰਕਾਂ ਦੀ ਪ੍ਰੀਖਿਆ ਲੈਣ ਸਬੰਧੀ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰ ਦਿੱਤਾ ਹੈ। ਉਮੀਦਵਾਰ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਸਿਲੇਬਸ ਤੋਂ ਬਿਨਾਂ ਤਿਆਰੀ ਕਿਵੇਂ ਕੀਤੀ ਜਾਵੇ।

ਮਾਲੇਰਕੋਟਲਾ, ਸ਼ੰਕਰ ਬਰੇਟਾ, ਸੁਖਜੀਤ ਨਾਭਾ, ਗਗਨ ਮਾਨਸਾ ਅਤੇ ਵਿਪਨ ਕਪੂਰਥਲਾ ਨੇ ਦੱਸਿਆ ਕਿ ਇਨ੍ਹਾਂ 5994 ਅਸਾਮੀਆਂ ਸਬੰਧੀ ਇਸ਼ਤਿਹਾਰ ਤਤਕਾਲੀ ਕਾਂਗਰਸ ਸਰਕਾਰ ਦੇ ਸਮੇਂ 16 ਦਸੰਬਰ 2021 ਨੂੰ ਜਾਰੀ ਕੀਤਾ ਗਿਆ ਸੀ। ਇਸ ਤੋਂ ਕਰੀਬ ਇੱਕ ਸਾਲ ਬਾਅਦ ਵਿਭਾਗ ਨੇ 12 ਅਕਤੂਬਰ ਨੂੰ ਇਨ੍ਹਾਂ ਅਸਾਮੀਆਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ 14 ਅਕਤੂਬਰ 2022 ਤੋਂ ਪੋਰਟਲ ਖੋਲ੍ਹਿਆ। ਇਸ ਤੋਂ ਬਾਅਦ ਉਮੀਦਵਾਰਾਂ ਨੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਵੀ ਕੀਤਾ ਸੀ ਪਰ ਸਿਲੇਬਸ ਜਾਰੀ ਨਾ ਹੋਣ ਕਾਰਨ ਉਮੀਦਵਾਰ ਭੰਬਲਭੂਸੇ ਦੀ ਸਥਿਤੀ ਵਿਚ ਹੈ। 

ਯੂਨੀਅਨ ਦੇ ਇਨ੍ਹਾਂ ਆਗੂਆਂ ਨੇ ਦੱਸਿਆ ਕਿ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਲਗਭਗ ਸਾਰੇ ਉਮੀਦਵਾਰ ਪਿਛਲੀਆਂ 2364 ਅਤੇ 6635 ਅਸਾਮੀਆਂ ਦੇ ਸਿਲੇਬਸ ਅਨੁਸਾਰ ਵੱਖ-ਵੱਖ ਕੋਚਿੰਗ ਸੈਂਟਰਾਂ ਤੋਂ ਸਿਖਲਾਈ ਲੈਣ ਵਿਚ ਲੱਗੇ ਹੋਏ ਸਨ ਪਰ 200 ਨੰਬਰਾਂ ਦੀ ਪ੍ਰੀਖਿਆ ਕਰਵਾ ਕੇ ਟਰੇਨਿੰਗ ਦੇ ਉਮੀਦਵਾਰਾਂ ਨੂੰ ਵੀ ਅੜਿੱਕਾ ਪਿਆ। ਹੁਣ ਪੰਜਾਬ ਭਰ ਦੇ ਇਹ ਉਮੀਦਵਾਰ ਵਿਭਾਗ ਵੱਲੋਂ ਜਾਰੀ ਕੀਤੇ ਜਾਣ ਵਾਲੇ ਅਧਿਕਾਰਤ ਸਿਲੇਬਸ ਦੀ ਉਡੀਕ ਕਰ ਰਹੇ ਹਨ, ਜਿਸ ਤੋਂ ਬਾਅਦ ਹੀ ਉਹ ਪ੍ਰੀਖਿਆ ਦੀ ਤਿਆਰੀ ਕਰ ਸਕਣਗੇ।