ਗੁਜਰਾਤ ਚੋਣਾਂ ਦੇ ਬਹਾਨੇ ਪੰਜਾਬ ਨੂੰ ਬਦਨਾਮ ਨਾ ਕਰੋ!

ਏਜੰਸੀ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਭਾਜਪਾ ਦਾ ਕਾਂਗਰਸ ਮੁਕਤ ਸੁਪਨਾ ‘ਆਪ’ ਦੇ ਅਰਵਿੰਦ ਕੇਜਰੀਵਾਲ ਪੂਰਾ ਕਰ ਰਹੇ ਹਨ

Don't defame Punjab on the pretext of Gujarat elections!

 

ਚੋਣਾਂ ਗੁਜਰਾਤ ਵਿਚ ਹੋ ਰਹੀਆਂ ਹਨ ਤੇ ਨਿਸ਼ਾਨੇ ਪੰਜਾਬ ਉਤੇ ਸਾਧੇ ਜਾ ਰਹੇ ਹਨ। ਇਕ ਪਾਸੇ ਜੇ ਪੰਜਾਬ ਦੇ ਮੰਤਰੀ ਗੁਜਰਾਤ ਵਿਚ ਹਨ ਤਾਂ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਸਣੇ ਕੇਂਦਰੀ ਕੈਬਨਿਟ ਵੀ ਗੁਜਰਾਤ ਵਿਚ ਬੈਠੀ ਹੈ। ਇਨ੍ਹਾਂ ਦੋਹਾਂ ਪਾਰਟੀਆਂ ਵਾਸਤੇ ਹਰ ਚੋਣ ਮਹੱਤਵਪੂਰਨ ਹੁੰਦੀ ਹੈ ਜੋ ਕਾਂਗਰਸ ਦੇ ਦੌਰ ਵਿਚ ਘੱਟ ਹੀ ਵੇਖਿਆ ਜਾਂਦਾ ਸੀ। ਸੋ ਅੱਜ ਕਾਂਗਰਸ ਦੇ ਪ੍ਰਮੁੱਖ ਆਗੂਆਂ ਨੂੰ ਛੱਡ ਸਾਰੇ ਵੱਡੇ ਆਗੂ ਗੁਜਰਾਤ ਵਿਚ ਹੀ ਅਪਣਾ ਪ੍ਰਚਾਰ ਕਰ ਰਹੇ ਹਨ। ਜਿਥੇ ਭਾਜਪਾ ਕੋਲ ਰਾਮ ਮੰਦਰ ਤੇ ਜੰਮੂ ਕਸ਼ਮੀਰ ਦੀ 35-ਏ ਤੇ ਧਾਰਾ 370 ਦੀਆਂ ਪ੍ਰਾਪਤੀਆਂ ਹਨ, ਆਪ ਕੋਲ ਦਿੱਲੀ ਮਾਡਲ ਤੇ ਹੁਣ ਪੰਜਾਬ ਦੀਆਂ ਪ੍ਰਾਪਤੀਆਂ ਹਨ ਅਤੇ ਜੇ ਅਰਵਿੰਦ ਕੇਜਰੀਵਾਲ ਗੁਜਰਾਤ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਬਣਾ ਗਏ ਤਾਂ ਉਨ੍ਹਾਂ ਦਾ ਕੱਦ ਕਾਂਗਰਸ ਤੋਂ ਕਿਤੇ ਉੱਚਾ ਹੋ ਜਾਵੇਗਾ।

ਭਾਜਪਾ ਦਾ ਕਾਂਗਰਸ ਮੁਕਤ ਸੁਪਨਾ ‘ਆਪ’ ਦੇ ਅਰਵਿੰਦ ਕੇਜਰੀਵਾਲ ਪੂਰਾ ਕਰ ਰਹੇ ਹਨ ਤਾਂ ਭਾਜਪਾ ਘਬਰਾਹਟ ਵਿਚ ਆ ਕੇ ਪੰਜਾਬ ਵਲ ਨਿਸ਼ਾਨੇ ਸੇਧਣੇ ਸ਼ੁਰੂੁ ਕਰ ਰਹੀ ਹੈ। ਸੱਭ ਤੋਂ ਸੌਖਾ ਤੇ ਵਾਰ ਵਾਰ ਵਰਤਿਆ ਗਿਆ ਸਿਆਸੀ ਝੂਠ ਇਹ ਹੈ ਕਿ ਪੰਜਾਬ ਵਿਚ ਬੰਦੂਕ ਦੇ ਆਤੰਕ ਦਾ ਖ਼ਤਰਾ ਦਿਖਾਇਆ ਜਾਵੇ ਕਿਉਂਕਿ ਇਸ ਸੋਚ ਦੀ ਬੁਨਿਆਦ ਇੰਦਰਾ ਗਾਂਧੀ ਨੇ ਬੜੀ ਪੱਕੀ ਤਰ੍ਹਾਂ ਰੱਖ ਦਿਤੀ ਸੀ। ਜਦ ਵੀ ਪੰਜਾਬ ਨੂੰ ਨੀਵਾਂ ਵਿਖਾਉਣਾ ਹੋਵੇ ਤਾਂ ਉਸ ਨਾਲ ਅਤਿਵਾਦ ਲਫ਼ਜ਼ ਜੋੜ ਦਿਤਾ ਜਾਂਦਾ ਹੈ।

ਕਿਸਾਨੀ ਸੰਘਰਸ਼ ਵੇਲੇ ਵੀ ਇਹੀ ਕੁੱਝ ਹੋਇਆ ਸੀ ਅਤੇ ਇਹੀ ਕੁੱਝ ਗੁਜਰਾਤ ਚੋਣਾਂ ਦੌਰਾਨ ਹੋ ਰਿਹਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਵਿਚ ਵਧਦੇ ਅਤਿਵਾਦ ਬਾਰੇ ਚਿੰਤਾ ਤਾਂ ਪ੍ਰਗਟ ਕਰ ਦਿਤੀ ਪਰ ਅਸਲ ਵਿਚ ਇਹ ਚਿੰਤਾ ਨਹੀਂ ਸੀ ਬਲਕਿ ਚਿੰਤਾ ਦੇ ਬਹਾਨੇ ‘ਆਪ’ ਸਰਕਾਰ ਦੀ ਨਾਕਾਮੀ ਦਾ ਢੋਲ ਵਜਾ ਦੇਣ ਬਰਾਬਰ ਸੀ। 

ਪਰ ਅੰਕੜੇ ਸਿੱਧ ਕਰਦੇ ਹਨ ਕਿ 2021 ਦੇ ਸਰਵੇਖਣ ਵਿਚ ਹਿੰਸਾ ਤੇ ਬੰਦੂਕਾਂ ਦੇ ਇਸਤੇਮਾਲ ਤੋਂ ਲੈ ਕੇ ਕਤਲਾਂ ਦੇ ਲੇਖੇ ਜੋਖੇ ਵਿਚ, ਪੰਜਾਬ, ਦੇਸ਼ ਦੇ ਬਾਕੀ ਸੂਬਿਆਂ ਦੇ ਮੁਕਾਬਲੇ 15ਵੇਂ ਸਥਾਨ ਤੇ ਹੈ। ਇਸ ਸਾਲ ਸਿੱਧੂ ਮੂਸੇਵਾਲਾ ਤੇ ਸੰਦੀਪ ਨੰਗਲ ਦੇ ਵੱਡੇ ਕਤਲ ਹੋਏ ਹਨ ਪਰ ਕਿਹੜਾ ਸੂਬਾ ਹੈ ਜਿਸ ਵਿਚ ਕਤਲ ਨਹੀਂ ਹੋ ਰਹੇ? ਕੀ ਦਿੱਲੀ ਵਿਚ 2020 ਵਿਚ ਦੰਗੇ, 2021 ਵਿਚ ਅਸਾਮ ਵਿਚ, 2022 ਵਿਚ ਕਰਨਾਟਕਾ, ਕਾਨਪੁਰ ਤੇ ਰਾਂਚੀ ਵਿਚ ਦੰਗੇ ਨਹੀਂ ਹੋਏ? ਪੰਜਾਬ ਵਿਚ ਇਕ ਵੀ ਨਹੀਂ ਹੋਇਆ।

ਦੇਸ਼ ਵਿਚ ਸੱਭ ਤੋਂ ਵੱਧ ਕਤਲ ਉਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਬੰਗਾਲ ਵਿਚ ਹੁੰਦੇ ਹਨ। ਪੰਜਾਬ ਬਹੁਤ ਹੇਠਾਂ ਹੈ। ਪਰ ਸਾਡੇ ਪੰਜਾਬ ਵਿਚ ਹੋਈ ਇਕ ਵਾਰਦਾਤ ਬਾਕੀ ਸੂਬਿਆਂ ਦੀਆਂ 500 ਦੇ ਬਰਾਬਰ ਮੰਨੀ ਜਾਂਦੀ ਹੈ। ਹਾਥਰਸ, ਕਠੂਆ ਵਰਗੇ ਕੇਸ ਵੀ ਪੰਜਾਬ ਵਿਚ ਨਹੀਂ ਹੋਏ। ਪਰ ਫਿਰ ਵੀ ਦੇਸ਼ ਦੇ ਗ੍ਰਹਿ ਮੰਤਰੀ ਲਈ ਪੰਜਾਬ ਪ੍ਰਤੀ ਚਿੰਤਾ ਗੁਜਰਾਤ ਵਿਚ ਪ੍ਰਗਟ ਕਰਨੀ ਜ਼ਰੂਰੀ ਸੀ?

ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਬਾਰੇ ਸੁਚੇਤ ਰਹਿਣਾ ਜ਼ਰੂਰੀ ਹੈ। ਪਰ ਜਦ ਗੁਜਰਾਤ ਦੀਆਂ ਬੰਦਰਗਾਹਾਂ ਨਿਜੀ ਹੱਥਾਂ ਵਿਚ ਦੇਣ ਨਾਲ ਨਸ਼ੇ ਦੀ ਤਸਕਰੀ, ਦੇਸ਼ ਦੇ ਨੌਜਵਾਨ ਨੂੰ ਤਬਾਹ ਕਰ ਰਹੀ ਹੈ ਤਾਂ ਫਿਰ ਗੁਜਰਾਤ ਬਾਰੇ ਚਿੰਤਾ ਕਿਉਂ ਨਹੀਂ? ਭ੍ਰਿਸ਼ਟਾਚਾਰ ਕਾਰਨ ਗੁਜਰਾਤ ਦੇ ਮੋਰਬੀ ਵਿਚ 135 ਮੌਤਾਂ ਹੋਈਆਂ ਹੋਣ ਤਾਂ ਚਿੰਤਾ ਗੁਜਰਾਤ ਦੀ ਹੋਣੀ ਚਾਹੀਦੀ ਹੈ। ਗੁਜਰਾਤ ਵਿਚ ਕੌਣ ਮੁੱਖ ਮੰਤਰੀ ਬਣਦਾ ਹੈ, ਉਸ ਨਾਲ ਪੰਜਾਬ ਦਾ ਕੋਈ ਸਰੋਕਾਰ ਨਹੀਂ। ਸਿਆਸੀ ਲੜਾਈ ਵਿਚ ਪੰਜਾਬ ਦੇ ਪੁਰਾਣੇ ਜ਼ਖ਼ਮਾਂ ਨੂੰ ਕੁਰੇਦਣਾ ਤੇ ਨੌਜਵਾਨਾਂ ਨੂੰ ਬਦਨਾਮ ਤੇ ਮਾਯੂਸ ਕਰਨਾ ਸਹੀ ਨਹੀਂ ਕਿਹਾ ਜਾ ਸਕਦਾ।                                 

-ਨਿਮਰਤ ਕੌਰ