ਬਾਦਲਾਂ ਤੇ ਢੀਂਡਸਾ ਦਰਮਿਆਨ ਤਿੱਖੀ ਲੜਾਈ ਪੰਥਕ ਮੁੱਦੇ 'ਤੇ ਹੋਣ ਦੀ ਸੰਭਾਵਨਾ ਬਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਨਾਂ ਲਾਲਚ ਢੀਂਡਸਾ ਨੇ ਸਿੱਖੀ ਸਿਧਾਂਤ 'ਤੇ ਪਹਿਰਾ ਦੇਣ ਦੇ ਐਲਾਨ ਨੂੰ ਸਿੱਖ ਕੌਮ ਨੇ ਪਸੰਦ ਕੀਤਾ

Sukhdev Singh Dhindsa and badals

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਵੱਖ-ਵੱਖ ਮਨਾਉਣ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਅਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦਰਮਿਆਨ ਸਿਆਸੀ ਜੰਗ ਤਿੱਖੀ ਹੋਣ ਦੀ ਸੰਭਾਵਨਾ ਪੰਥਕ ਹਲਕੇ ਦਸ ਰਹੇ ਹਨ। ਆਪੋ-ਅਪਣੀ ਸਥਿਤੀ ਮਜ਼ਬੂਤ ਕਰਨ ਦੇ ਜੋੜ ਤੋੜ ਦੀ ਰਾਜਨੀਤੀ ਨੇ ਜ਼ੋਰ  ਫੜ ਲਿਆ ਹੈ। ਉਕਤ ਦੋਹਾਂ ਪਰਵਾਰਾਂ ਦਾ ਭਵਿੱਖ ਇਸ ਵੇਲੇ ਦਾਅ 'ਤੇ ਲੱਗ ਗਿਆ ਹੈ। ਟਕਸਾਲੀਆਂ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਪੰਥਪ੍ਰਸਤ ਬੜਾ ਚੰਗਾ ਹੁਗਾਰਾ ਭਰ ਰਹੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਸੱਭ ਤੋਂ ਗੰਭੀਰ ਹੈ। ਪੰਥਕ ਧਿਰਾਂ  ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੰਜਾਬ ਸਰਕਾਰ ਦੇ ਉਨ੍ਹਾਂ ਮੰਤਰੀਆਂ ਦੇ ਘਰਾਂ ਤੱਕ ਪੁੱਜ ਗਈਆਂ ਹਨ, ਜਿਨ੍ਹਾਂ ਨੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਵਾਅਦਾ ਕੀਤਾ ਸੀ। ਸੂਤਰ ਦਸ ਰਹੇ ਹਨ ਕਿ ਸਿੱਖ ਕੌਮ ਅੰਦਰ ਲਾਵਾ ਫ਼ੁੱਟ ਰਿਹਾ ਹੈ ਕਿ ਉਨ੍ਹਾਂ ਨੂੰ ਸੰਤੁਸ਼ਟੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਬਾਅਦ ਹੀ ਮਿਲ ਸਕੇਗੀ। ਸ. ਢੀਂਡਸਾ ਵਰਗੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਤੇ ਜੂਨੀਅਰ ਲੀਡਰਸ਼ਿਪ ਮੌਕੇ ਦੀ ਤਲਾਸ਼ ਵਿਚ ਹੈ ਜਿਸ ਨੇ ਬੇਅਦਬੀ ਦੇ ਹੱਕ ਵਿਚ ਤੁਰੇ ਆਗੂਆਂ ਦਾ ਸਾਥ ਦੇਣਾ ਹੈ।

ਪੰਥਕ ਹਲਕਿਆਂ ਵਿਚ ਸੁਖਦੇਵ ਸਿੰਘ ਢੀਂਡਸਾ ਦੇ ਹੱਕ ਵਿਚ ਹਮਦਰਦੀ, ਇਸ ਕਰ ਕੇ ਵੀ ਬਣ ਗਈ ਹੈ ਕਿ ਉਨ੍ਹਾਂ ਭਵਿੱਖ ਵਿਚ ਕੋਈ ਵੀ ਚੋਣ ਨਾ ਲੜਨ ਦਾ ਐਲਾਨ ਟਕਸਾਲੀ ਅਕਾਲੀ ਆਗੂਆਂ ਤੇ ਪੰਜਾਬ ਭਰ ਵਿਚੋਂ ਪੁਜੀ ਸਿੱਖ ਕੌਮ ਦੀ ਮੌਜੂਦਗੀ ਵਿਚ ਸਥਾਪਨਾ ਦਿਵਸ ਵਿਚ ਕਰ ਦਿਤਾ ਹੈ ਕਿ ਮੈਨੂੰ ਕੁਰਸੀ ਨਹੀਂ ਚਾਹੀਦੀ ਪੰਥਕ ਮਾਣ ਮਰਿਆਦਾ, ਸਿੱਖੀ ਸਿਧਾਂਤ ਚਾਹੀਦਾ ਹੈ ਜਿਸ ਨੂੰ ਖ਼ਤਮ ਬਾਦਲ ਪਰਵਾਰ ਨੇ ਸਿਰਫ਼ ਸੌਦਾ ਸਾਧ ਦੀਆਂ ਵੋਟਾਂ ਅਤੇ ਕੁਰਸੀ ਨੂੰ ਤਰਜੀਹ ਦੇ ਕੇ ਕੀਤੀ।

ਦੂਸਰੇ ਪਾਸੇ ਬਾਦਲ ਪਰਵਾਰ ਨਾ ਤਾਂ ਅਪਣੀਆਂ ਗ਼ਲਤੀਆਂ ਛੱਡ ਰਿਹਾ ਹੈ ਤੇ ਨਾ ਹੀ ਨੈਤਿਕ ਜ਼ੁੰਮੇਵਾਰੀ ਲੈ ਕੇ ਕੁਰਸੀ ਦਾ ਤਿਆਗ ਕਰ ਰਿਹਾ ਹੈ। ਇਸ ਵੇਲੇ ਸੁਖਦੇਵ ਸਿੰਘ ਢੀਂਡਸਾ ਗੱਲ ਪੰਥ ਦੀ ਕਰ ਰਹੇ ਹਨ ਕਿ ਜੇਕਰ  ਅਸੀਂ ਅਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਵਾ ਸਕੇ ਤਾਂ ਸਿੱਖ ਕੌਮ ਸਾਨੂੰ ਕਦੇ ਮਾਫ਼ ਨਹੀਂ ਕਰੇਗੀ ਪਰ ਬਾਦਲਾਂ ਦੀ ਸੋਚ ਸਿੱਖੀ ਦੀ ਥਾਂ ਨਿਜਵਾਦ, ਪ੍ਰਵਾਰਵਾਦ ਅਤੇ ਰਿਸ਼ੇਦਾਰੀਆਂ ਤਕ ਹੀ ਸੀਮਤ ਹੋ ਕੇ ਰਹਿ ਗਈ।

ਮੌਜੂਦਾ ਹਾਲਾਤ ਵਿਚ ਢੀਂਡਸਾ ਬਨਾਮ ਬਾਦਲਾਂ ਦਰਮਿਆਨ ਤਿੱਖੀ ਪੰਥਕ ਲੜਾਈ ਸੱਭ ਨੂੰ ਵੇਖਣ ਵਿਚ ਮਿਲੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।