ਭਗਤ ਸਿੰਘ ਨੂੰ ਪੂਜਦੇ ਸਭ ਨੇ ਪਰ ਉਹਨਾਂ ਦੇ ਬਲੀਦਾਨ ਦੀ ਕਦਰ ਨਹੀਂ ਕਰਦੇ- ਰਣਦੀਪ ਨਾਭਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਾਭਾ ਨੇ ਕਿਹਾ ਕਿ ਇਹ ਸਾਡੇ ਦੇਸ਼ ਦੀ ਬਦਕਿਸਮਤੀ ਹੈ, ਅੱਜ ਸਿਆਸੀ ਪਾਰਟੀਆਂ ਦਾ ਆਧਾਰ ਇੰਨਾ ਨੀਵਾਂ ਹੋ ਚੁੱਕਾ ਹੈ ਕਿ ਅਸੀਂ ਕਿਸੇ ਦੀ ਨਿੰਦਾ ਕਰਨ ਲਈ ਮਿੰਟ ਨਹੀਂ ਲਗਾਉਂਦੇ।

Randeep Singh Nabha

ਚੰਡੀਗੜ੍ਹ (ਅਮਨਪ੍ਰੀਤ ਕੌਰ):  ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ’ਤੇ ਅਫਸੋਸ ਜ਼ਾਹਰ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਇਹ ਸਾਡੇ ਦੇਸ਼ ਦੀ ਬਦਕਿਸਮਤੀ ਹੈ, ਅੱਜ ਸਿਆਸੀ ਪਾਰਟੀਆਂ ਦਾ ਆਧਾਰ ਇੰਨਾ ਨੀਵਾਂ ਹੋ ਚੁੱਕਾ ਹੈ ਕਿ ਅਸੀਂ ਕਿਸੇ ਦੀ ਨਿੰਦਾ ਕਰਨ ਲਈ ਮਿੰਟ ਨਹੀਂ ਲਗਾਉਂਦੇ।

ਉਹਨਾਂ ਕਿਹਾ ਕਿ ਅਸੀਂ ਮਹਾਤਮਾ ਗਾਂਧੀ, ਭਗਤ ਸਿੰਘ, ਰਾਜਗੁਰੂ, ਸੁਖਵੇਦ ਵਰਗੀਆਂ ਸਖਸ਼ੀਅਤਾਂ ਨੂੰ ਪੂਜਦੇ ਹਾਂ ਅਤੇ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ ਪਰ ਅਸੀਂ ਇਹ ਮਹਿਸੂਸ ਨਹੀਂ ਕਰਦੇ ਕਿ ਉਹਨਾਂ ਨੇ ਜਮਹੂਰੀਅਤ ਪੈਦਾ ਕਰਨ ਲਈ ਬਹੁਤ ਵੱਡਾ ਬਲਿਦਾਨ ਦਿੱਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਅਸੀਂ ਕਈ ਵਾਅਦੇ ਕਰਦੇ ਹਾਂ ਜੋ ਪੂਰੇ ਨਹੀਂ ਹੋ ਸਕਦੇ, ਜਿਸ ਕਾਰਨ ਲੋਕਾਂ ਦਾ ਨੁਕਸਾਨ ਹੁੰਦਾ ਹੈ ਅਤੇ ਉਹਨਾਂ ਦਾ ਸਿਆਸੀ ਪਾਰਟੀਆਂ ਤੋਂ ਵਿਸ਼ਵਾਸ ਉੱਠ ਚੁੱਕਾ ਹੈ। ਉਹਨਾਂ ਕਿਹਾ ਕਿ ਸਾਨੂੰ ਮੁੱਦਿਆਂ, ਵਿਕਾਸ ਅਤੇ ਮੈਨੀਫੈਸਟੋ ਦੇ ਅਧਾਰ ’ਤੇ ਚੋਣ ਲੜਨੀ ਚਾਹੀਦੀ ਹੈ।

ਪਿਛਲੇ ਕਈ ਸਾਲਾਂ ਦੌਰਾਨ ਸਿਆਸਤ ’ਚ ਆਏ ਬਦਲਾਅ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਇਕ ਬਲੈਕਮੇਲਿੰਗ ਦਾ ਜ਼ਰੀਆ ਬਣ ਗਿਆ ਹੈ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ’ਤੇ ਸਖ਼ਤੀ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਪਾਰਟੀ ਨੁਮਾਇੰਦਿਆਂ ਨੂੰ ਅਪਣੀ ਪਾਰਟੀ ਦੇ ਸੋਸ਼ਲ ਮੀਡੀਆ ’ਤੇ ਸਾਫ ਸੁਥਰੀਆਂ ਚੀਜ਼ਾਂ ਹੀ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਇਸ ਸਬੰਧੀ ਕਾਨੂੰਨ ਹੋਣਾ ਚਾਹੀਦਾ ਹੈ।

ਉਹਨਾਂ ਮੰਗ ਕੀਤੀ ਕਿ ਨੁਮਾਇੰਦਿਆ ਦੀ ਵਿੱਦਿਅਕ ਯੋਗਤਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਦੀ ਸੋਚ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਅਪਣੇ ਹਲਕੇ ਲਈ ਕੀ ਸੋਚ ਰੱਖਦੇ ਹਨ। ਕਿਸਾਨਾਂ ਦੇ ਰਾਜਨੀਤੀ ਵਿਚ ਆਉਣ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਜਮਹੂਰੀਅਤ ਵਿਚ ਸਭ ਨੂੰ ਅਪਣੇ ਨੁਮਾਇੰਦੇ ਚੁਣਨ ਦਾ ਅਧਿਕਾਰ ਹੈ। ਚੰਗੀ ਅਤੇ ਸਾਫ ਸੁਥਰੀ ਰਾਜਨੀਤੀ ਦੇਸ਼ ਦੀ ਤਰੱਕੀ ਲਈ ਬਹੁਤ ਅਹਿਮ ਹੈ ਪਰ ਜਦੋਂ ਅਸੀਂ ਦੂਜਿਆਂ ਦੀ ਨਿੰਦਾ ਕਰਨ ਲੱਗ ਜਾਂਦੇ ਹਾਂ ਤਾਂ ਇਸ ਤੋਂ ਸਾਡੀ ਕਮਜ਼ੋਰੀ ਵੀ ਦਿਖਾਈ ਦਿੰਦੀ ਹੈ।