Bikram Majithia: ਡਰੱਗ ਮਾਮਲੇ ਵਿਚ ਸਿੱਟ ਸਾਹਮਣੇ ਪੇਸ਼ ਹੋਏ ਬਿਕਰਮ ਮਜੀਠੀਆ; ਕਿਹਾ, “ਸ਼ਹੀਦੀ ਮਹੀਨਾ ਖ਼ਤਮ ਹੋਣ ਤੋਂ ਬਾਅਦ ਦੇਵਾਂਗਾ ਜਵਾਬ”
ਮਜੀਠੀਆ ਨੇ ਕਿਹਾ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਹਨ ਅਤੇ ਉਨ੍ਹਾਂ ਨੂੰ ਕਾਨੂੰਨ ਵਿਚ ਪੂਰਾ ਭਰੋਸਾ ਹੈ।
Bikram Majithia: ਅਕਾਲੀ ਆਗੂ ਬਿਕਰਮ ਮਜੀਠੀਆ ਐਨਡੀਪੀਐਸ ਤਹਿਤ ਦਰਜ ਮਾਮਲੇ ਵਿਚ ਪਟਿਆਲਾ ਵਿਖੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋਏ। ਇਸ ਮੌਕੇ ਦਫ਼ਤਰ ਦੇ ਨੇੜੇ ਸਖ਼ਤ ਸਰੱਖਿਆ ਪ੍ਰਬੰਧ ਕੀਤੇ ਗਏ ਸਨ। ਐਸਆਈਟੀ ਦੀ ਅਗਵਾਈ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਪਟਿਆਲਾ ਰੇਂਜ) ਮੁਖਵਿੰਦਰ ਸਿੰਘ ਛੀਨਾ ਕਰ ਰਹੇ ਹਨ। ਦਫ਼ਤਰ ਪਹੁੰਚਣ ਤੋਂ ਪਹਿਲਾਂ ਮਜੀਠੀਆ ਨੇ ਕਿਹਾ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਹਨ ਅਤੇ ਉਨ੍ਹਾਂ ਨੂੰ ਕਾਨੂੰਨ ਵਿਚ ਪੂਰਾ ਭਰੋਸਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ 7 ਦਿਨ ਪਹਿਲਾਂ ਜਾਰੀ ਹੋਏ ਨੋਟਿਸ ਦੇ ਮਾਮਲੇ ਵਿਚ ਜਾਂਚ ਕਮੇਟੀ ਅੱਗੇ ਪੇਸ਼ ਹੋਣ ਲਈ ਅੱਜ ਪਟਿਆਲਾ ਪਹੁੰਚੇ ਸਨ। ਬਿਕਰਮ ਮਜੀਠੀਆ ਦੇ ਨਾਲ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਵੀ ਸ਼ਾਮਲ ਸਨ। ਪੇਸ਼ੀ ਤੋਂ ਪਹਿਲਾਂ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿਤੀ ਕਿ ਸ਼ਹੀਦੀ ਮਹੀਨਾ ਖ਼ਤਮ ਹੋਣ ਤੋਂ ਬਾਅਦ ਉਹ ਉਨ੍ਹਾਂ ਨੂੰ ਜਵਾਬ ਦੇਣਗੇ।
ਬਿਕਰਮ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਈਡੀ ਤੋਂ ਭਗੌੜੇ ਹਨ ਪਰ ਉਹ ਸਿੱਟ ਤੋਂ ਨਹੀਂ ਭੱਜਣਗੇ। ਉਨ੍ਹਾਂ ਕਿਹਾ ਕਿ ਉਹ ਪੁਲਿਸ ਅਤੇ ਕਾਨੂੰਨ ਦਾ ਸਤਿਕਾਰ ਕਰਦੇ ਹਨ ਪਰ ਜਿਸ ਤਰ੍ਹਾਂ 'ਆਪ' ਸਰਕਾਰ ਸਰਕਾਰੀ ਅਮਲੇ ਦੀ ਦੁਰਵਰਤੋਂ ਕਰ ਰਹੀ ਹੈ, ਇਹ ਠੀਕ ਨਹੀਂ ਹੈ। ਮਜੀਠੀਆ ਨੇ ਅੱਗੇ ਕਿਹਾ ਕਿ ਐਸਆਈਟੀ ਮੁਖੀ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਦੀ ਸੇਵਾਮੁਕਤੀ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪਣੀ ਅਗਵਾਈ ਹੇਠ ਐਸਆਈਟੀ ਬਣਾ ਲੈਣੀ ਚਾਹੀਦੀ ਹੈ। ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿਤੀ ਕਿ ਉਹ ਭੱਜਣ ਵਾਲੇ ਨਹੀਂ ਹਨ। ਜਦੋਂ ਸ਼ਹੀਦੀ ਮਹੀਨਾ ਖਤਮ ਹੋਵੇਗਾ, ਉਹ ਅਪਣੀ ਹਰ ਗੱਲ ਦਾ ਜਵਾਬ ਦੇਣਗੇ।
ਅਕਾਲੀ ਆਗੂ ਮਜੀਠੀਆ ਨੇ ਕਿਹਾ ਕਿ ਜੇਕਰ ਐਸਆਈਟੀ ਕੋਲ ਸਬੂਤ ਹਨ ਤਾਂ ਅਦਾਲਤ ਵਿਚ ਪੇਸ਼ ਕੀਤੇ ਜਾਣ। ਦੋ ਸਾਲਾਂ ਬਾਅਦ ਅਜਿਹਾ ਕੀ ਹੋਇਆ ਕਿ ਉਨ੍ਹਾਂ ਨੂੰ ਮੁੜ ਸੰਮਨ ਭੇਜੇ ਗਏ? ਉਨ੍ਹਾਂ ਕਿਹਾ ਕਿ ਜੋ ਵੀ ਮੁੱਖ ਮੰਤਰੀ ਭਗਵੰਤ ਮਾਨ ਵਿਰੁਧ ਬੋਲਦਾ ਹੈ, ਉਸ ਨੂੰ ਕਿਸੇ ਨਾ ਕਿਸੇ ਮਾਮਲੇ ਵਿਚ ਸੰਮਨ ਜਾਰੀ ਕਰ ਦਿਤੇ ਜਾਂਦੇ ਹਨ। ਗ੍ਰਿਫਤਾਰੀ 'ਤੇ ਮਜੀਠੀਆ ਨੇ ਕਿਹਾ ਕਿ ਪਿੰਜਰੇ ਸ਼ੇਰਾਂ ਲਈ ਹਨ। ਉਹ ਗ੍ਰਿਫ਼ਤਾਰੀ ਤੋਂ ਡਰਦੇ ਨਹੀਂ।
ਦੱਸ ਦੇਈਏ ਕਿ ਇਕ ਹਫ਼ਤੇ ਪਹਿਲਾਂ ਸੰਮਨ ਮਿਲਣ ’ਤੇ ਬਿਕਰਮ ਮਜੀਠੀਆ ਨੇ ਇਕ ਵੀਡੀਉ ਜਾਰੀ ਕਰਕੇ ਕਿਹਾ ਸੀ ਕਿ ਉਹ ਜਿਸ ਦੀ ਉਡੀਕ ਕਰ ਰਹੇ ਸਨ, ਉਹੀ ਹੋਇਆ ਹੈ। ਉਨ੍ਹਾਂ ਨੂੰ ਉਮੀਦ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਬੁਲਾ ਲੈਣਗੇ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਸਗੋਂ ਗ੍ਰਹਿ ਮੰਤਰਾਲੇ ਅਧਿਨ ਪੁਲਿਸ ਵਲੋਂ ਉਸ ਨੂੰ ਨੋਟਿਸ ਭੇਜਿਆ ਗਿਆ।
ਮਜੀਠੀਆ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਮਾਨ ਨੇ ਖੁਦ ਉਨ੍ਹਾਂ ਨੂੰ ਨੋਟਿਸ ਭੇਜਿਆ ਹੁੰਦਾ ਤਾਂ ਉਨ੍ਹਾਂ ਨੂੰ ਜ਼ਿਆਦਾ ਖੁਸ਼ੀ ਹੋਣੀ ਸੀ। ਬਿਕਰਮ ਮਜੀਠੀਆ ਨੇ ਖੁੱਲ੍ਹੀ ਚੁਣੌਤੀ ਦਿਤੀ ਹੈ ਕਿ ਉਹ ਉਨ੍ਹਾਂ ਨੂੰ ਕਮਜ਼ੋਰ ਨੇਤਾ ਨਾ ਸਮਝਣ। “ਜਦੋਂ ਵੀ ਅਸੀਂ ਗੱਲ ਕਰਾਂਗੇ, ਅਸੀਂ ਉੱਚੀ ਆਵਾਜ਼ ਵਿਚ ਕਰਾਂਗੇ। ਮੁੱਖ ਮੰਤਰੀ 'ਤੇ ਜਿੰਨਾ ਹੋ ਸਕੇ ਦਬਾਅ ਪਾਵਾਂਗੇ। ਇਨ੍ਹਾਂ ਚਾਲਾਂ ਅਤੇ ਪੁਲਿਸ ਅਤੇ ਏਜੰਸੀਆਂ ਦੀ ਤਾਕਤ ਨਾਲ ਉਨ੍ਹਾਂ ਨੂੰ ਦਬਾਇਆ ਜਾਣਾ ਸੰਭਵ ਨਹੀਂ ਹੈ”। ਜ਼ਿਕਰਯੋਗ ਹੈ ਕਿ 20 ਦਸੰਬਰ 2021 ਨੂੰ ਕਾਂਗਰਸ ਸਰਕਾਰ ਨੇ ਮਜੀਠੀਆ ਵਿਰੁਧ ਮੁਹਾਲੀ ਵਿਚ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਮਜੀਠੀਆ 24 ਫਰਵਰੀ 2022 ਨੂੰ ਪਟਿਆਲਾ ਜੇਲ ਗਏ ਸਨ। 10 ਅਗਸਤ 2022 ਨੂੰ ਹਾਈ ਕੋਰਟ ਨੇ ਮਜੀਠੀਆ ਨੂੰ ਜ਼ਮਾਨਤ ਦਿਤੀ ਅਤੇ ਉਹ 11 ਅਗਸਤ ਨੂੰ ਬਾਹਰ ਆਏ ਸਨ।
(For more news apart from Bikram Majithia appeared before SIT in drug case, stay tuned to Rozana Spokesman)