ਵਿਆਹ ਬਣਿਆ ਮਿਸਾਲ, ਕਨੇਡਾ ਤੋਂ ਆਈ ਕੁੜੀ ਦੀ ਡੋਲੀ ਬਣੀ ਸਰਕਾਰੀ ਬੱਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਆਮ ਤੌਰ ‘ਤੇ ਵਿਆਹ ਹੱਦ ਤੋਂ ਵੱਧ ਖ਼ਰਚੀਲੇ ਹੁੰਦੇ ਹਨ। ਅਪਣੀ ਉੱਚੀ ਸ਼ਾਨ ਵਿਖਾਉਣ ਲਈ ਲੋਕ ਕਰਜ਼ ਲੈ ਕੇ ਜਾਂ ਜ਼ਾਇਦਾਦ...

Govt. bus become NRI brides dolly

ਨਵਾਂ ਸ਼ਹਿਰ : ਪੰਜਾਬ ਵਿਚ ਆਮ ਤੌਰ ‘ਤੇ ਵਿਆਹ ਹੱਦ ਤੋਂ ਵੱਧ ਖ਼ਰਚੀਲੇ ਹੁੰਦੇ ਹਨ। ਅਪਣੀ ਉੱਚੀ ਸ਼ਾਨ ਵਿਖਾਉਣ ਲਈ ਲੋਕ ਕਰਜ਼ ਲੈ ਕੇ ਜਾਂ ਜ਼ਾਇਦਾਦ ਵੇਚ ਕੇ ਵੀ ਮਹਿੰਗੇ ਵਿਆਹ ਕਰਦੇ ਹਨ ਪਰ ਨਵਾਂ ਸ਼ਹਿਰ ਦੇ ਪਿੰਡ ਭੀਣ ਦੇ ਅਮਰਜੋਤ ਸਿੰਘ ਅਤੇ ਕਨੇਡਾ ਤੋਂ ਹਾਲ ਹੀ ਵਿਚ ਜਗਰਾਓਂ ਤਹਿਸੀਲ  ਦੇ ਪਿੰਡ ਮਾਨੂਕੇ ਪਰਤੀ ਅਮਨ ਸਹੋਤਾ ਨੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਦੋਵਾਂ ਦਾ ਵਿਆਹ ਸਾਦੇ ਢੰਗ ਨਾਲ ਹੋਇਆ। ਬਰਾਤ ਵਿਚ ਕੁੜੀ ਦੇ ਘਰ ਕੇਵਲ ਪੰਜ ਲੋਕ ਪਹੁੰਚੇ ਅਤੇ ਸਰਕਾਰੀ ਬਸ ਵਿਚ ਟਿਕਟ ਕਟਾ ਕੇ ਲਾੜੀ ਨੂੰ ਲਿਆਂਦਾ ਗਿਆ।

ਸਾਦਗੀ ਅਤੇ ਫਜ਼ੂਲ ਖ਼ਰਚ ਕੀਤੇ ਬਿਨਾਂ ਵਿਆਹ ਦੀ ਮੁਹਿੰਮ ਚਲਾਉਣ ਵਾਲੇ ‘ਇਕ ਰਿਸ਼ਤਾ ਇਨਸਾਨੀਅਤ’ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਦੱਸਦੇ ਹਨ ਕਿ ਪਿੰਡ ਦੇ ਅਮਰਜੋਤ ਸੁਸਾਇਟੀ ਦੇ ਕੰਮਾਂ ਵਿਚ ਸਰਗਰਮ ਹਨ। ਲੋਕਾਂ ਨੂੰ ਸਾਦਗੀ ਨਾਲ ਵਿਆਹ ਦੀ ਸਿੱਖ ਦੇਣ ਲਈ ਉਨ੍ਹਾਂ ਨੇ ਇਸ ਤਰ੍ਹਾਂ ਦੇ ਵਿਆਹ ਦਾ ਫ਼ੈਸਲਾ ਕੀਤਾ। ਅਮਰਜੋਤ ਪਹਿਲਾਂ ਕੁਵੈਤ ਵਿਚ ਕੰਮ ਕਰਦੇ ਸਨ। ਹੁਣ ਪਿੰਡ ਵਿਚ ਹੀ ਮੋਟਰ ਮਕੈਨਿਕ ਦਾ ਕੰਮ ਕਰਦੇ ਹਨ।

ਜਦੋਂ ਉਨ੍ਹਾਂ ਦਾ ਵਿਆਹ ਅਮਨ ਸਹੋਤਾ ਨਾਲ ਹੋਣਾ ਤੈਅ ਹੋਇਆ, ਤਾਂ ਉਨ੍ਹਾਂ ਨੇ ਫਜ਼ੂਲਖ਼ਰਚੀ ਦੀ ਬਜਾਏ ਸਾਦਗੀ ਨਾਲ ਵਿਆਹ ਕਰਨ ਦੀ ਗੱਲ ਕਹੀ। ਅਮਨ ਇਸ ਦੇ ਲਈ ਤਿਆਰ ਹੋ ਗਈ। ਇਸ ਤੋਂ ਬਾਅਦ ਪਰਵਾਰ ਮੈਂਬਰਾਂ ਨੂੰ ਇਸ ਦੇ ਬਾਰੇ ਦੱਸਿਆ ਗਿਆ। ਦੋਵਾਂ ਪਰਵਾਰਾਂ ਨੇ ਇਸ ਦੇ ਲਈ ਰਜ਼ਾਮੰਦੀ  ਦੇ ਦਿਤੀ। ਅਮਰਜੋਤ ਸਿੰਘ ਦੇ ਘਰੋਂ ਸ਼ੁੱਕਰਵਾਰ ਨੂੰ ਬਰਾਤ ਆਟੋ ‘ਤੇ ਸਵੇਰੇ ਸਾਢੇ ਪੰਜ ਵਜੇ ਨਿਕਲੀ। ਬਰਾਤ ਵਿਚ 20 ਲੋਕ ਸ਼ਾਮਿਲ ਸਨ। ਨਵਾਂ ਸ਼ਹਿਰ ਬੱਸ ਸਟੈਂਡ ਤੋਂ ਜਗਰਾਓਂ ਲਈ ਟਿਕਟ ਲੈ ਕੇ ਸਾਰੇ ਸਵਾਰ ਹੋ ਗਏ।

ਜਗਰਾਓਂ ਵਿਚ ਸਵੇਰੇ ਕਰੀਬ ਨੌਂ ਵਜੇ ਪਹੁੰਚੇ। ਜਗਰਾਓਂ ਤੋਂ ਪਿੰਡ ਮਾਨੂਕੇ ਤੱਕ ਪੰਜ ਲੋਕ ਲਾੜੇ  ਦੇ ਨਾਲ ਲਾੜੀ ਦੇ ਘਰ ਤੱਕ ਗਏ। ਕੁੜੀ ਵਾਲਿਆਂ ਨੂੰ ਕੇਵਲ ਪੰਜ ਲੋਕਾਂ ਦੇ ਆਉਣ ਦੇ ਬਾਰੇ ਦੱਸਿਆ ਗਿਆ ਸੀ। ਵਿਆਹ ਤੋਂ ਬਾਅਦ ਲਾੜੀ ਨੂੰ ਪੀਆਰਟੀਸੀ ਦੀ ਬੱਸ ਵਿਚ ਹੀ ਨਵਾਂ ਸ਼ਹਿਰ ਲਿਆਂਦਾ ਗਿਆ। ਇਸ ਤੋਂ ਬਾਅਦ ਆਟੋ ‘ਤੇ ਲਾੜੀ ਨੂੰ ਘਰ ਲਿਜਾਇਆ ਗਿਆ। ਇਸ ਸਾਦਗੀ ਭਰੇ ਵਿਆਹ ਦੇ ਬਾਰੇ ਅਮਰਜੋਤ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਿੱਖ ਦੇਣ ਤੋਂ ਪਹਿਲਾਂ ਖ਼ੁਦ ਉਸ ਨੂੰ ਅਜਿਹਾ ਕਰਨਾ ਚਾਹੀਦਾ ਹੈ।

ਇਹ ਸੋਚ ਕੇ ਉਨ੍ਹਾਂ ਨੇ ਇਹ ਕਦਮ ਚੁੱਕਿਆ। ਜੇਕਰ ਸਾਰੇ ਵਿਆਹਾਂ ਵਿਚ ਫਜ਼ੂਲਖ਼ਰਚੀ ਬੰਦ ਹੋ ਜਾਵੇ, ਤਾਂ ਲੋਕਾਂ ਉਤੇ ਕੋਈ ਕਰਜ਼ ਨਹੀਂ ਚੜ੍ਹੇਗਾ। ਇਸ ਤੋਂ ਕੰਨਿਆ ਭਰੂਣ ਹੱਤਿਆ ਅਪਣੇ ਆਪ ਹੀ ਖ਼ਤਮ ਹੋ ਜਾਵੇਗੀ। ਕਿਉਂਕਿ ਲੜਕੀਆਂ ਫਿਰ ਪਰਵਾਰਾਂ ਉਤੇ ਬੋਝ ਨਹੀਂ ਹੋਣਗੀਆਂ। ਅਮਰਜੋਤ ਦਾ ਕਹਿਣਾ ਹੈ ਕਿ ਵਿਆਹਾਂ ਉਤੇ ਖ਼ਰਚ ਹੋਣ ਦੇ ਕਾਰਨ ਹੀ ਲੜਕੀਆਂ ਨੂੰ ਬੋਝ ਸਮਝਿਆ ਜਾਂਦਾ ਹੈ। ਇਸ ਦੇ ਨਾਲ ਹੀ ਮੁੰਡੇ ਦੇ ਪਰਵਾਰ ਵਾਲੇ ਵੀ ਦਿਖਾਵੇ ਲਈ ਕਾਫ਼ੀ ਖ਼ਰਚ ਕਰਦੇ ਹਨ।

ਇਸ ਉਤੇ ਰੋਕ ਲੱਗੇਗੀ। ਅਮਨ ਨੇ ਕਿਹਾ ਕਿ ਉਹ ਅਮਰਜੋਤ ਦੇ ਇਸ ਸੋਚ ਤੋਂ ਕਾਫ਼ੀ ਪ੍ਰਭਾਵਿਤ ਹੋਈ ਹੈ। ਦੱਸ ਦਈਏ ਕਿ ਇਸ ਪਿੰਡ ਦੇ ‘ਇਕ ਰਿਸ਼ਤਾ ਇਨਸਾਨੀਅਤ’ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਦੋ ਸਾਲ ਪਹਿਲਾਂ ਅਪਣੀ ਬਰਾਤ ਰਿਕਸ਼ੇ ਉਤੇ ਲੈ ਕੇ ਗਏ ਸਨ।