ਬੱਚਿਆਂ ਲਈ ਘਾਤਕ ਸਾਬਤ ਹੋ ਰਹੀ 'ਪਬਜੀ' ਗੇਮ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰੀ ਸੂਚਨਾ ਤੇ ਤਕਨਾਲੋਜੀ ਮੰਤਰਾਲੇ ਵਲੋਂ ਮਾਮਲਾ ਗੰਭੀਰਤਾ ਨਾਲ ਵਿਚਾਰਧੀਨ ਹੋਣ ਦੀ ਪੁਸ਼ਟੀ

Photo

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): 'ਪਬਜੀ' (ਪਲੇਅਰਜ਼ ਆਨਨੋਨ ਬੈਟਲ ਗ੍ਰਾਊਂਡ) ਨਾਂ ਦੀ ਇਕ ਮੋਬਾਈਲ ਗੇਮ ਨੂੰ ਕੇਂਦਰੀ ਬਿਜਲਈ  ਅਤੇ ਸੂਚਨਾ ਤੇ ਤਕਨਾਲੋਜੀ ਮੰਤਰਾਲੇ ਵਲੋਂ ਬੜੀ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ। ਕੇਂਦਰੀ ਮੰਤਰਾਲੇ ਦੇ ਡਾਇਰੈਕਟਰ ਸਾਈਬਰ ਕਾਨੂੰਨ ਅਤੇ ਸਕਿਉਰਟੀ ਗਰੁਪ ਅਤੇ ਵਿਗਿਆਨੀ ਵੀ.ਕੇ. ਤ੍ਰਿਵੇਦੀ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ।

ਦਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਕਤ ਮੰਤਰਾਲੇ ਨੂੰ ਇਸ ਮਾਮਲੇ 'ਤੇ ਗੌਰ ਕਰਨ ਦੀ ਹਦਾਇਤ ਕੀਤੀ ਸੀ, ਕਿਉਂਕਿ ਇਹ ਗੇਮ ਅੱਜਕੱਲ ਭਾਰਤ ਵਿਚ ਬੱਚਿਆਂ ਲਈ ਬਹੁਤ ਵੱਡਾ ਖ਼ਤਰਾ ਸਾਬਤ ਹੋ ਰਹੀ ਹੈ। ਆਏ ਦਿਨ ਇਸ ਗੇਮ ਦੇ ਪਲਾਨ ਵਿਚ ਫੱਸ ਕੇ ਕਈ ਬੱਚੇ ਖ਼ੁਦਕੁਸ਼ੀ ਤਕ ਕਰ ਚੁੱਕੇ ਹਨ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਇਸ ਬਾਰੇ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ। ਐਡਵੋਕੇਟ ਹਰੀ ਚੰਦ ਅਰੋੜਾ ਵਲੋਂ ਦਾਇਰ ਕੀਤੀ ਗਈ ਇਸ ਪਟੀਸ਼ਨ ਉਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੇਂਦਰੀ ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ। ਪਟੀਸ਼ਨਰ ਵਲੋਂ ਪਹਿਲਾਂ ਹੀ ਇਸ ਬਾਰੇ ਉਕਤ ਮੰਤਰਾਲੇ ਨੂੰ ਇਕ ਰਿਪ੍ਰੈਜ਼ੈਂਟੇਸ਼ਨ ਭੇਜੀ ਜਾ ਚੁੱਕੀ ਹੈ।

ਹਾਈ ਕੋਰਟ ਨੇ ਕੇਂਦਰੀ ਮੰਤਰਾਲੇ ਨੂੰ ਉਕਤ ਰੀਪ੍ਰੀਜੈਂਟੇਸ਼ਨ 'ਤੇ ਫ਼ੈਸਲਾ ਲੈਣ ਦੀ ਹਦਾਇਤ ਕੀਤੀ ਹੈ। ਦਸਣਯੋਗ ਹੈ ਕਿ ਇਹ ਮੋਬਾਈਲ ਫ਼ੋਨ ਗੇਮ ਹੈ ਜੋ ਕਿ ਬੜੀ ਹੀ ਘਾਤਕ ਸਾਬਤ ਹੋ ਰਹੀ ਹੈ। ਬੱਚੇ ਪਹਿਲਾਂ ਇਸ ਨੂੰ ਅਪਣੇ ਮੋਬਾਈਲ ਫ਼ੋਨ ਵਿਚ ਡਾਊਨਲੋਡ ਕਰਦੇ ਹਨ।

ਫਿਰ ਇਹ ਗੇਮ ਰਾਹੀਂ ਬੈਕਐਂਡ ਤੋਂ ਬੱਚਿਆਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਹਦਾਇਤਾਂ ਅਤੇ ਵੱਖ-ਵੱਖ ਪੜਾਅ ਦਿਤੇ ਜਾਂਦੇ ਹਨ। ਬੱਚੇ ਜਿਸ ਨੂੰ ਮੰਨਦੇ-ਮੰਨਦੇ ਇਸ ਗੇਮ ਦੇ ਪਲਾਨ ਵਿਚ ਇੰਨੀ ਬੁਰੀ ਤਰ੍ਹਾਂ ਫਸ ਜਾਂਦੇ ਹਨ ਕਿ ਬੱਚਿਆਂ ਨੂੰ ਜੋ ਵੀ ਹਦਾਇਤ ਜਾਰੀ ਕੀਤੀ ਜਾਂਦੀ ਹੈ, ਬੱਚੇ ਉਸ ਨੂੰ ਮੰਨਣਾ ਅਪਣਾ ਧਰਮ ਸਮਝਣ ਲੱਗ ਪੈਂਦੇ ਹਨ ਤੇ ਇਕ ਸਥਿਤੀ ਐਸੀ ਆਉਂਦੀ ਹੈ ਕਿ ਬੱਚੇ ਨੂੰ ਖ਼ੁਦਕਸ਼ੀ ਜਿਹਾ ਕਦਮ ਚੁੱਕਣ ਤਕ ਦੀ ਹਦਾਇਤ ਕਰ ਦਿਤੀ ਜਾਂਦੀ ਹੈ।

ਬਹੁਤ ਸਾਰੇ ਬੱਚੇ ਹੁਣ ਤਕ ਇਸ ਵਿਚ ਉਲਝ ਕੇ ਅਪਣੀ ਜਾਨ ਗੁਆ ਚੁੱਕੇ ਹਨ। ਮੰਤਰਾਲੇ ਦੇ ਉਕਤ ਅਧਿਕਾਰੀ ਨੇ ਪਟੀਸ਼ਨਰ ਵਕੀਲ ਨੂੰ ਬਕਾਇਦਾ ਪੱਤਰ ਲਿਖ ਕੇ ਇਹ ਮਾਮਲਾ ਗੰਭੀਰਤਾ ਨਾਲ ਵਿਚਾਰ ਅਧੀਨ ਹੋਣ ਦੀ ਪੁਸ਼ਟੀ ਕੀਤੀ ਹੈ।