NASA ‘ਚ ਇੰਟਰਨਸ਼ਿਪ ਲੈਣ ਗੱਏ ਬੱਚੇ ਨੇ ਤੀਜੇ ਦਿਨ ਹੀ ਲੱਭੀ ਨਵੀਂ ਦੁਨੀਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੁਝ ਵੀ ਵੱਡਾ ਕਰਨ ਲਈ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ।

Photo

ਨਵੀਂ ਦਿੱਲੀ: ਕੁਝ ਵੀ ਵੱਡਾ ਕਰਨ ਲਈ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ। ਉਮਰ ਘੱਟ ਹੋਵੇ ਜਾਂ ਜ਼ਿਆਦਾ ਤੁਸੀਂ ਕਦੀ ਵੀ ਕੁਝ ਵੀ ਵੱਡਾ ਕਰ ਸਕਦੇ ਹੋ। ਇਸ ਦੀ ਉਦਾਹਰਣ ਹੈ ਵੋਲਫ ਕਕਿਅਰ। ਇਹ ਇਕ 17 ਸਾਲ ਦਾ ਲੜਕਾ ਹੈ, ਜਿਸ ਨੇ 2019 ਵਿਚ ਅਪਣੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਹੈ। ਵੋਲਫ ਅਮਰੀਕਾ ਦਾ ਰਹਿਣ ਵਾਲਾ ਹੈ।

ਜਿਸ ਉਮਰ ਵਿਚ ਬੱਚੇ ਵੀਡੀਓ ਗੇਮਜ਼ ਆਦਿ ਵਿਚ ਵਿਅਸਥ ਰਹਿੰਦੇ ਹਨ, ਉਸ ਉਮਰ ਵਿਚ ਵੋਲਫ ਨੇ ਪੁਲਾੜ ਵਿਚ ਇਕ ਨਵੀਂ ਦੁਨੀਆ ਦੀ ਖੋਜ ਕੀਤੀ ਹੈ। ਵੋਲਫ ਨਾਸਾ ਦੇ ਗੋਡਾਰਡ ਸਪੇਸ ਸੈਂਟਰ ਵਿਚ ਇੰਟਰਨਸ਼ਿਪ ਕਰ ਰਿਹਾ ਸੀ ਅਤੇ ਇੰਟਰਨਸ਼ਿਪ ਦੇ ਤੀਜੇ ਦਿਨ ਹੀ ਇਸ ਬੱਚੇ ਨੇ ਕਮਾਲ ਕਰ ਦਿਖਾਇਆ।

ਵੋਲਫ ਕਕਿਅਰ ਨੇ 2019 ਵਿਚ ਨਿਊਯਾਰਕ ਦੇ ਸਕਾਰਡੇਲ ਸਕੂਲ ਤੋਂ ਹਾਈ ਸਕੂਲ ਪੂਰਾ ਕਰਨ ਤੋਂ ਬਾਅਦ ਇੰਟਰਨਸ਼ਿਪ ਕਰਨ ਲਈ ਮੈਰੀਲੈਂਡ ਦੇ ਗ੍ਰੀਨਬੇਲਟ ਵਿਚ ਸਥਿਤ ਗੋਡਾਰਡ ਸਪੇਸ ਫਲਾਈਟ ਸੈਂਟਰ ਵਿਚ ਇੰਟਰਨਸ਼ਿਪ ਕਰਨੀ ਸ਼ੁਰੂ ਕੀਤੀ ਸੀ। ਇੰਟਰਨਸ਼ਿਪ ਵਿਚ ਵੋਲਫ ਦਾ ਵਿਸ਼ਾ ਸੀ ਸਿਤਾਰਿਆਂ ਅਤੇ ਗ੍ਰਹਿਆਂ ਤੋਂ ਨਿਕਲਣ ਵਾਲੀ ਰੋਸ਼ਨੀ ਦਾ ਅਧਿਐਨ ਕਰਨਾ।

ਵੋਲਫ ਨੇ ਗੋਡਾਰਡ ਸਪੇਸ ਫਲਾਈਟ ਸੈਂਟਰ ਵਿਚ ਨਾਸਾ ਟ੍ਰਾਂਸਜਿਟਿੰਗ ਐਕਸੋਪਲੈਨੇਟ ਸਰਵੇ ਸੈਟੇਲਾਈਟ ਦੀ ਮਦਦ ਨਾਲ ਅਪਣੇ ਵਿਸ਼ੇ ‘ਤੇ ਕੰਮ ਕਰਨਾ ਸ਼ੁਰੂ ਕੀਤਾ। ਵੋਲਫ ਨੇ ਦੱਸਿਆ ਕਿ ਉਹ ਗ੍ਰਹਿਆਂ ਦੀ ਰੋਸ਼ਨੀ ਦੇ ਨਾਲ-ਨਾਲ ਦੋ ਗ੍ਰਹਿਆਂ ਵਾਲੀ ਦੁਨੀਆਂ ਦੀ ਖੋਜ ਕਰ ਰਿਹਾ ਸੀ। ਉਸ ਨੂੰ ਇੱਥੇ ਇੰਟਰਨਸ਼ਿਪ ਕਰਦੇ ਹੋਏ ਤਿੰਨ ਦਿਨ ਹੀ ਹੋਏ ਸੀ ਕਿ ਉਸ ਨੂੰ TOI 1388 ਸਿਸਟਮ ਤੋਂ ਇਕ ਸਿਗਨਲ ਮਿਲਿਆ।

ਵੋਲਫ ਕਕਿਅਰ ਨੇ ਦੱਸਿਆ ਕਿ ਪਹਿਲਾਂ ਮੈਨੂੰ ਲੱਗਿਆ ਕਿ ਇਹ ਕੋਈ ਪੁਲਾੜ ਗ੍ਰਹਿਣ ਹੈ। ਪਰ ਉਸ ਦੀ ਟਾਇਮਿੰਗ ਵਿਚ ਕੁਝ ਗੜਬੜ ਹੈ। ਜਦੋਂ ਉਸ ਨੇ ਜਾਂਚ ਕੀਤੀ ਅਤੇ ਅੰਕੜਿਆਂ ਨੂੰ ਮਿਲਾਇਆ ਤਾਂ ਪਤਾ ਚੱਲਿਆ ਕਿ ਉਹ ਗ੍ਰਹਿ ਹੈ। TOI 1388 ਇਕ ਬਾਇਨਰੀ ਸਟਾਰ ਸਿਸਟਮ ਹੈ। TOI 1388 ਧਰਤੀ ਤੋਂ ਲਗਭਗ 1300 ਪ੍ਰਕਾਸ਼ ਸਾਲ ਦੂਰ ਹੈ।

TOI 1388 ਬੀ ਗ੍ਰਹਿ ਅਪਣੀ ਧਰਤੀ ਨਾਲੋਂ 6.9 ਗੁਣਾ ਵੱਡਾ ਹੈ। ਇਹ ਅਪਣੇ ਸੂਰਜ ਦੇ ਬਹੁਤ ਨੇੜੇ ਹੈ। ਵੋਲਫ ਨੇ ਦੱਸਿਆ ਕਿ ਪਹਿਲਾਂ ਮੈਨੂੰ ਇਹ ਤਾਰਿਆਂ ਦਾ ਗੁੱਛਾ ਲੱਗਿਆ। ਇਸ ਨੂੰ ਪ੍ਰਮਾਣਿਤ ਕਰਨ ਵਿਚ ਮੈਨੂੰ ਕੁਝ ਸਮਾਂ ਜਾਂਚ ਕਰਦੀ ਪਈ, ਇਸ ਤੋਂ ਬਾਅਦ ਪਤਾ ਚੱਲਿਆ ਕਿ ਇਹ ਬੋਨਾਫਾਇਡ ਗ੍ਰਹਿ ਹੈ। ਵੋਲਫ ਨੇ ਦੱਸਿਆ ਕਿ ਉਸ ਨੂੰ ਪੁਲਾੜ ਦੇ ਉਸ ਹਿੱਸੇ ਵਿਚ 100 ਤੋਂ ਜ਼ਿਆਦਾ ਚਮਕੀਲੀਆਂ ਚੀਜ਼ਾਂ ਦਿਖਾਈ ਦਿੱਤੀਆਂ।

ਵੋਲਫ ਨੇ ਸਾਰੀਆਂ ਚੀਜ਼ਾਂ ‘ਤੇ ਕੰਮ ਕੀਤਾ। ਉਸ ਸਮੇਂ ਪਤਾ ਚੱਲਿਆ ਕਿ ਇੱਥੇ ਇਕ ਗ੍ਰਹਿ ਵੀ ਮੌਜੂਦ ਹੈ। TOI 1388 ਸੂਰਜ ਨਾਲੋਂ ਕਰੀਬ 10 ਫੀਸਦੀ ਜ਼ਿਆਦਾ ਵੱਡਾ ਹੈ। TOI 1388 ਬੀ ਗਹ੍ਰਿ ਅਪਣੇ ਸੂਰਜ TOI 1388 ਦਾ ਹਰ 15 ਦਿਨ ਵਿਚ ਇਕ ਚੱਕਰ ਲਗਾਉਂਦਾ ਹੈ। TOI 1388 ਬੀ ਸੂਰਜ ਦੇ ਮੁਕਾਬਲੇ ਇਕ ਤਿਹਾਈ ਜ਼ਿਆਦਾ ਠੰਢਾ ਹੈ।

ਵੋਲਫ ਨੇ ਗੋਡਾਰਡ ਸਪੇਸ ਫਲਾਈਟ ਸੈਂਟਰ ਦੇ ਵਿਗਿਆਨਕਾਂ ਦੇ ਨਾਲ ਮਿਲ ਕੇ ਇਸ ਖੋਜ ‘ਤੇ ਇਕ ਲੇਖ ਵੀ ਪ੍ਰਕਾਸ਼ਿਤ ਕੀਤਾ ਹੈ। ਜਿਸ ਨੂੰ 6 ਜਨਵਰੀ ਨੂੰ ਹੋਈ 235ਵੇਂ ਅਮਰੀਕਨ ਐਸਟ੍ਰੋਨੋਮਿਕਲ ਸੁਸਾਇਟੀ ਮੀਟਿੰਗ ਵਿਚ ਪ੍ਰਦਰਸ਼ਿਤ ਕੀਤਾ ਗਿਆ। ਇਸ ਤੋਂ ਇਲਾਵਾ ਇਹ ਲੇਖ ਸਾਇੰਟਿਫਿਕ ਜਰਨਲ ਵਿਚ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ।