ਬਾਜਵਾ ਅਤੇ ਸਮਰਥੱਕਾਂ ਨੇ ਰਾਹੁਲ ਕੋਲ ਅਪਣਾ ਪੱਖ ਮਜ਼ਬੂਤੀ ਨਾਲ ਰਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਖੜ ਦੇ ਫ਼ੈਸਲੇ ਨੂੰ ਲੈ ਕੇ ਹਾਈ ਕਮਾਂਡ ਪਈ ਦੁਬਿਧਾ 'ਚ

Rahul Gandhi

ਗੁਰਦਾਸਪੁਰ : ਇਸ ਸਰਹੱਦੀ ਲੋਕ ਸਭਾ ਹਲਕੇ ਅਧੀਨ ਪੈਂਦੇ ਕਸਬਾ ਕਾਦੀਆਂ ਦੇ ਜੱਦੀ ਪੁਸ਼ਤੀ ਵਸਨੀਕ ਸ. ਪ੍ਰਤਾਪ ਸਿੰਘ ਬਾਜਵਾ ਦੇ ਨਾਂਅ 'ਤੇ ਪਾਰਟੀ ਦੀ ਹਾਈ ਕਮਾਂਡ ਵਲੋਂ ਮਈ ਮਹੀਨੇ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮਦੇਨਜ਼ਰ ਇਕ ਤਰ੍ਹਾਂ ਲੀਕ ਮਾਰ ਦੇਣ ਕਾਰਨ ਬਾਜਵਾ ਦੇ ਵੱਡੇ ਤੇ ਛੋਟੇ ਕਾਂਗਰਸੀ ਆਗੂਆਂ ਅਤੇ ਹਜ਼ਾਰਾਂ ਵਰਕਰਾਂ ਅੰਦਰ ਨਿਰਾਸ਼ਾ ਪਾਈ ਜਾ ਰਹੀ ਹੈ। ਬਹੁਤ ਸਾਰੇ ਬਾਜਵਾ ਸਮਰਥੱਕ ਕਾਂਗਰਸੀ ਆਗੂ ਅਤੇ ਵਰਕਰਾਂ ਨੂੰ ਇਸ ਗੱਲ ਤੇ ਭੋਰਾ ਭਰ ਵੀ ਵਿਸ਼ਵਾਸ ਨਹੀਂ ਆ ਰਿਹਾ ਕਿ ਕਾਂਗਰਸੀ ਪਾਰਟੀ ਦੀ ਹਾਈ ਕਮਾਂਡ ਵਲੋਂ ਹਲਕੇ ਨਾਲ ਕੋਈ ਲਾਗਾ-ਦਾਗਾ ਨਾ ਰੱਖਣ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਜ਼ਿਮਨੀ ਚੋਣ ਦੇ ਬਾਅਦ ਇਕ ਵਾਰ ਫਿਰ ਤੋਂ ਚੋਣ ਮੈਦਾਨ ਵਿਚ ਉਤਾਰਨ ਦਾ ਫ਼ੈਸਲਾ ਕਰ ਲਿਆ ਹੈ। 

ਕਈ ਸੀਨੀਅਰ ਕਾਂਗਰਸੀ ਆਗੂਆਂ ਨੇ ਅਪਣੇ ਨਾਂਅ ਗੁਪਤ ਰੱਖਣ ਦੀ ਸ਼ਰਤ ਤੇ ਦਸਿਆ ਕਿ ਜ਼ਿਮਨੀ ਚੋਣ ਅਤੇ ਆਮ ਚੋਣਾਂ ਵਿਚ ਕਾਫੀ ਵੱਡਾ ਅੰਤਰ ਹੁੰਦਾ ਹੈ। ਇਸ ਲਈ ਸੁਨੀਲ ਜਾਖੜ ਦਾ ਆਮ ਚੋਣਾਂ ਵਿਚ ਜਿੱਤ ਸਕਣਾ ਏਨਾ ਸੌਖਾ ਨਹੀਂ ਹੋਵਗਾ ਜ਼ਿਨ੍ਹਾਂ ਜ਼ਿਮਨੀ ਚੋਣ ਸਮੇਂ ਸੀ। ਇਸ ਲਈ ਪਾਰਟੀ ਹਾਈ ਕਮਾਂਡ ਨੂੰ ਅੰਤਮ ਫ਼ੈਸਲਾ ਕਰਨ ਤੋਂ ਪਹਿਲਾਂ ਇਹ ਵਿਚਾਰ ਜ਼ਰੂਰ ਕਰ ਲੈਣਾ ਚਾਹੀਦਾ ਸੀ ਕਿ ਜ਼ਿਮਨੀ ਅਤੇ ਆਮ ਚੋਣ ਨੂੰ ਇਕ ਅੱਖ ਨਾਲ ਨਹੀਂ ਦੇਖਣਾ ਚਾਹੀਦਾ। 

ਇਥੇ ਜ਼ਿਕਰਯੋਗ ਹੈ ਕਿ ਫ਼ਰਵਰੀ 17 ਦੀਆਂ ਵਿਧਾਨ ਸਭਾ ਚੋਣਾਂ ਤੋਂ ਕਰੀਬ ਦੋ ਢਾਈ ਸਾਲ ਪਹਿਲਾਂ ਹਾਈ ਕਮਾਂਡ ਨੇ ਕੈਪਟਨ ਅਤੇ ਕੈਪਟਨ ਸਮਰਥੱਕ ਬਹੁਗਿਣਤੀ ਸੀਨੀਅਰ ਕਾਗਰੀ ਆਗੂਆਂ ਦੇ ਜ਼ਬਰਦਸਤ ਦਬਾਅ ਮੂਹਰੇ ਝੁੱਕ ਕੇ ਇਕ ਦੰਮ ਬਾਜਵਾ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਂਭੇ ਕਰ ਕੇ ਪੰਜਾਬ ਕਾਂਗਰਸ ਦੀ ਵਾਗਡੋਰ ਕੈਪਟਨ ਨੂੰ ਸੌਂਪ ਦਿਤੀ ਗਈ ਸੀ। ਇਸ ਤੋ ਇਲਾਵਾ ਮਾੜੀ ਮੋਟੀ ਵੀ ਰਾਜਸੀ ਸਮਝ ਰੱਖਣ ਵਾਲੇ ਵਿਅਕਤੀ ਨੂੰ ਵੀ ਪਤਾ ਸੀ ਕਿ ਉਸ ਸਮੇਂ ਪੰਜਾਬ ਦੇ ਕਾਫੀ ਸਾਰੇ ਵਿਧਾਇਕਾਂ ਅਤੇ ਪੰਜਾਬ ਦੇ ਹੋਰ ਅਨੇਕਾਂ ਕਾਂਗਰਸੀ ਆਗੂਆਂ ਦੇ ਰਹੀਂ ਕੈਪਟਨ ਨੇ ਹਾਈ ਕਮਾਂਡ ਨੂੰ ਇਹ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇ ਪੰਜਾਬ ਦੀ ਵਾਗਡੋਰ ਕੈਪਟਨ ਦੇ ਸਪੁਰਦ ਨਾ ਕੀਤੀ ਗਈ ਤਾਂ ਪੰਜਾਬ ਅੰਦਰ ਕੈਪਟਨ ਦੀ  ਅਗਵਾਈ ਹੇਠਲੇ ਕਾਂਗਰਸੀ ਆਗੂ ਪੰਜਾਬ ਅੰਦਰ ਕਾਂਗਰਸ ਨੂੰ ਅਲਵਿਦਾ ਆਖ ਕੇ ਇੱਕ ਨਵੀ ਖੇਤਰੀ ਪਾਰਟੀ ਬਣਾ ਕੇ ਉਸ ਪਾਰਟੀ ਦੇ ਝੰਡੇ ਹੇਠ ਪੰਜਾਬ ਅੰਦਰ 2017 ਦੀਆਂ ਚੋਣਾਂ ਲੜ ਕੇ ਬਕਾਇਦਾ ਸਰਕਾਰ ਵੀ ਬਣਾ ਸਕਣ ਦੀ ਬਕਾਇਦਾ ਸਮਰੱਥਾ ਇਸ ਤਰ੍ਹਾਂ ਇਹ ਜੱਗ ਜਾਹਰ ਹੈ ਕਿ ਕੈਪਟਨ ਤੇ ਕੈਪਟਨ ਸਮਰਥੱਕ ਜੋ ਇਸ ਸਮੇਂ ਵਜ਼ੀਰੀਆਂ ਦਾ ਆਨੰਦ ਮਾਣ ਰਹੇ ਹਨ ਦੀ ਬਲੈਕ ਮੇਲਿੰਗ ਹੇਠ ਆ ਕੇ ਸਾਰਾ ਕੁੱਝ ਹੀ ਕੈਪਟਨ ਦੀ ਮਰਜ਼ੀ ਅਨੁਸਾਰ ਕੀਤਾ ਗਿਆ ਤੇ ਉਸਦੇ ਨਤੀਜੇ ਵੀ ਬਹੁਤ ਵਧੀਆ ਨਿਕਲੇ ਸਨ। 

ਇੱਕਤਰ ਕੀਤੀ ਜਾਣਕਾਰੀ ਅਨੁਸਾਰ ਇਸ ਸਮੇਂ ਰਾਜਸੀ ਹਾਲਤ 2017 ਦੇ ਅਨੁਕੂਲ ਬਿਲਕੁੱਲ ਹੀ ਨਹੀਂ ਹਨ। ਇਥੇ ਜ਼ਿਕਰਯੋਗ ਹੈ ਕਿ ਵੈਸੇ ਵੀ ਬਾਜਵਾ ਨਿਧੱੜਕ ਅਤੇ ਕਾਫੀ ਸੀਨੀਅਰ ਕਾਂਗਰਸ ਆਗੂ ਹਨ ਜਿਹੜੇ 1992 ਤੋਂ ਲੈ ਕੇ ਹੁਣ ਤਕ ਕਾਂਗਰਸ ਦੀ ਟਿਕਟ 'ਤੇ ਕਈ ਵਾਰ ਵਿਧਾਇਕ ਤੇ ਮੰਤਰੀ ਵੀ ਬਣ ਚੁੱਕੇ ਹਨ। ਇਸ ਤੋਂ ਇਲਾਵਾ ਸ. ਪ੍ਰਤਾਪ ਸਿੰਘ ਬਾਜਵਾ 2009 ਦੀਆਂ ਆਮ ਲੋਕ ਸਭਾ ਚੋਣਾਂ ਦੌਰਾਨ ਫ਼ਿਲਮੀ ਸਿਤਾਰੇ ਅਤੇ ਹਲਕੇ ਅੰਦਰ ਨਿਰਵਿਵਾਦ ਭਾਜਪਾ ਆਗੂ ਨੂੰ ਹਰਾ ਕੇ ਸੰਸਦ ਦੀਆਂ ਪੋੜੀਆਂ ਵੀ ਚੜ ਚੁੱਕੇ ਹਨ। ਆਲਾ ਮਿਆਰੀ ਸੂਤਰਾਂ ਅਨੁਸਾਰ ਬਾਜਵਾ ਵਲੋਂ ਪੂਰੀ ਮਜ਼ਬੂਤੀ ਨਾਲ ਹਾਈ ਕਮਾਂਡ ਲੋਕ ਅਪਣਾ ਪੱਖ ਰੱਖਣ ਬਾਅਦ ਰਾਹੁਲ ਗਾਂਧੀ ਸੁਨੀਲ ਜਾਖੜ ਵਾਲਾ ਫ਼ੈਸਲਾ ਬਦਲਣ ਬਾਰੇ ਵੀ ਸੀਨੀਅਰ ਸਾਥੀਆਂ ਨਾਲ ਸੰਜੀਦਗੀ ਨਾਲ ਵਿਚਾਰ ਚਰਚਾ ਕਰ ਰਹੇ ਹਨ।