ਦੋ ਰਿਸ਼ਵਤਖੋਰ ਹੌਲਦਾਰਾਂ ਵਿਰੁੱਧ ਪਰਚਾ ਦਰਜ, ਇਕ ਕਾਬੂ
ਐਨ.ਡੀ.ਪੀ.ਐਸ. ਐਕਟ ਅਧੀਨ ਕੇਸ ਨਾ ਦਰਜ ਕਰਨ ਬਦਲੇ ਮੰਗੇ ਸਨ 30,000 ਰੁਪਏ
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਥਾਣਾ ਮੌੜ ਬਠਿੰਡਾ ਵਿਖੇ ਤਾਇਨਾਤ ਦੋ ਹੌਲਦਾਰਾਂ ਵਿਰੁੱਧ ਭ੍ਰਿਸ਼ਟਾਚਾਰ ਸਬੰਧੀ ਕੇਸ ਦਰਜ ਕਰ ਕੇ ਇਕ ਹੌਲਦਾਰ ਨੂੰ ਰਿਸ਼ਵਤ ਦੇ 5000 ਰੁਪਏ ਨਕਦ ਅਤੇ 25,000 ਰੁਪਏ ਦਾ ਚੈਕ ਲੈਂਦਿਆਂ ਕਾਬੂ ਕਰ ਲਿਆ।
ਇਸ ਸਬੰਧੀ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਹੌਲਦਾਰ ਚਮਕੌਰ ਸਿੰਘ ਅਤੇ ਹੌਲਦਾਰ ਦਵਿੰਦਰ ਸਿੰਘ ਵਿਰੁੱਧ ਸ਼ਿਕਾਇਤਕਰਤਾ ਦਿਲਬਾਗ ਸਿੰਘ ਦੀ ਸ਼ਿਕਾਇਤ ਉਪਰ ਰਿਸ਼ਵਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਉਕਤ ਦੋਹਾਂ ਹੌਲਦਾਰਾਂ ਵਲੋਂ ਉਸ ਅਤੇ ਉਸ ਦੇ ਭਰਾ ਵਿਰੁੱਧ ਐਨ.ਡੀ.ਪੀ.ਐਸ. ਐਕਟ ਅਧੀਨ ਕੇਸ ਨਾ ਦਰਜ ਕਰਨ ਬਦਲੇ 30,000 ਰੁਪਏ ਦੀ ਮੰਗ ਕੀਤੀ ਗਈ ਸੀ।
ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਹੌਲਦਾਰ ਚਮਕੌਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਰਿਸ਼ਵਤ ਦੇ 5000 ਰੁਪਏ ਨਕਦ ਅਤੇ 25000 ਰੁਪਏ ਦਾ ਚੈਕ ਪ੍ਰਪਾਤ ਕਰਦੇ ਹੋਏ ਦਬੋਚ ਲਿਆ।
ਬੁਲਾਰੇ ਨੇ ਦੱਸਿਆ ਕਿ ਉਕਤ ਦੋਹਾਂ ਦੋਸ਼ੀਆਂ ਵਿਰੁੱਧ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਬਠਿੰਡਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।