ਪਿੰਡ ਦੀ ਸੱਥ: ਚਾਰ ਸਾਲਾਂ 'ਚ ਕੈਪਟਨ ਸਰਕਾਰ ਨੇ ਇਕ ਵੀ ਕੰਮ ਨਹੀਂ ਕੀਤਾ: ਕੱਲ੍ਹੋ ਵਾਸੀ
ਕੈਪਟਨ ਸਰਕਾਰ ਨੇ ਵਾਅਦੇ ਹੀ ਇੰਨੇ ਕਰਲੇ ਕਿ ਪੂਰੇ ਨਹੀਂ ਕਰ ਸਕਦੇ: ਕੱਲ੍ਹੋ ਵਾਸੀ...
ਮਾਨਸਾ: ਪੰਜਾਬ ਸਰਕਾਰ ਨੂੰ ਸੱਤਾ ਵਿਚ ਆਇਆਂ ਚਾਰ ਸਾਲ ਦਾ ਸਮਾਂ ਹੋ ਗਿਆ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਸਰਕਾਰ ਦੇ ਚਾਰ ਸਾਲ ਦੀਆਂ ਉਪਲਬਧੀਆਂ ਗਿਣਵਾਈਆਂ ਗਈਆਂ ਸਨ ਅਤੇ ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਨਾਲ ਕੀਤੇ 85 ਫੀਸਦੀ ਵਾਅਦੇ ਪੂਰੇ ਕਰ ਦਿੱਤੇ ਹਨ।
ਇਸ ਦੌਰਾਨ ਰੋਜ਼ਾਨਾ ਸਪੋਕਸਮੈਨ ਦੀ ਮੈਨੇਜਿੰਗ ਐਡੀਟਰ ਮੈਡਮ ਨਿਮਰਤ ਕੌਰ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੱਲ੍ਹੋ ਦੇ ਲੋਕਾਂ ਨਾਲ ਮੌਜੂਦਾ ਕਾਂਗਰਸ ਦੀ ਸਰਕਾਰ ਵੱਲੋਂ ਬੀਤੇ ਚਾਰ ਸਾਲਾਂ ਦੌਰਾਨ ਪੰਜਾਬ ਵਿਚ ਕੀਤੇ ਕੰਮਾਂ ਬਾਰੇ ਖੁੱਲ੍ਹ ਕੇ ਗੱਲਾਂ-ਬਾਤਾਂ ਕੀਤੀਆਂ ਗਈਆਂ। ਪਿੰਡ ਦੇ ਲੋਕਾਂ ਕਿ ਕੈਪਟਨ ਸਰਕਾਰ ਨੇ ਬੀਤੇ ਚਾਰ ਸਾਲਾਂ ਵਿਚ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਕੀਤਾ, ਇਸ ਲਈ ਮੁੱਖ ਮੰਤਰੀ ਗਲਤ ਅੰਕੜੇ ਪੇਸ਼ ਕਰਕੇ ਕਾਂਗਰਸ ਸਰਕਾਰ ਲੋਕਾਂ ਨੂੰ ਧੋਖਾ ਦੇ ਰਹੀ ਹੈ।
ਪਿੰਡ ਦੇ ਲੋਕਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਵਿਕਾਸ ਦੇ ਤੌਰ ‘ਤੇ ਕੋਈ ਵੀ ਅੰਕੜਾ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਨ੍ਹਾਂ ਨੇ ਚਾਰ ਸਾਲਾਂ ਵਿਚ ਕੋਈ ਵੀ ਨਵਾਂ ਕੰਮ ਜਾਂ ਕੋਈ ਵੀ ਸਕੂਲ, ਕਾਲਜ, ਹਸਪਤਾਲ, ਸੜਕਾਂ, ਟਿਊਬਵੈਲ, ਕੁਝ ਨਹੀਂ ਕੀਤਾ। ਲੋਕਾਂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਨੇ ਨਸ਼ਾ ਖਤਮ ਕਰਨ ਲਈ ਸਹੁੰ ਖਾਧੀ ਸੀ ਪਰ ਅੱਜ ਵੀ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਸਾਡੇ ਪਿੰਡ ਵਿਚ ਵੀ ਕੋਈ ਵਿਕਾਸ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਜਿਹੜੀ ਪਾਰਟੀ ਵੀ ਸਾਡੀ ਕਿਸਾਨਾਂ ਦੀ ਹਮਾਇਤ ਕਰਨ ਲਈ ਅੱਗੇ ਆਵੇਗੀ ਤਾਂ ਅਸੀਂ ਉਸਨੂੰ ਵੋਟ ਦੇਵਾਂਗੇ ਅਤੇ ਜਿਹੜੀ ਪਾਰਟੀ ਕਿਸਾਨਾਂ ਨਾਲ ਦਿਲੋਂ ਮੋਢੇ ਨਾਲ ਮੋਢਾ ਜੋੜ ਖੜ੍ਹੇਗੀ ਤਾਂ ਕਿਸਾਨ ਵੀ ਉਨ੍ਹਾਂ ਦੇ ਨਾਲ ਖੜ੍ਹਨਗੇ।
ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ 9 ਮਹੀਨਿਆਂ ਵਿਚ 9 ਨੁਕਤਿਆਂ ਨਾਲ ਮੈਂ ਪੰਜਾਬ ਵਿਚੋਂ ਨਸ਼ਾ ਖਤਮ ਕਰਾਂਗਾ ਪਰ ਹੁਣ ਤੱਕ ਅਸੀਂ ਦੇਖਦੇ ਹਾਂ ਨਸ਼ਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਵਿਕ ਰਿਹਾ ਹੈ, ਸਰਕਾਰ ਨੂੰ ਇਸ ਉਤੇ ਗੰਭੀਰ ਰੂਪ ਵਿਚ ਐਕਸ਼ਨ ਲੈਣਾ ਚਾਹੀਦਾ ਹੈ। ਇਸਦੇ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਬਰਗਾੜੀ ਕਾਂਡ ਦੀ ਸਾਨੂੰ ਆਸ ਹੈ ਕਿ ਪੰਜਾਬ ਸਰਕਾਰ ਜਲਦ ਹੀ ਕੁਝ ਨਾ ਕੁਝ ਜਰੂਰ ਕਰੇਗੀ।
ਪਿੰਡ ਦੇ ਬਜ਼ੁਰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਮੈਂ 4 ਹਫ਼ਤਿਆਂ ਵਿਚ ਨਸ਼ਾ ਖਤਮ ਕਰਾਂਗਾ, ਪੰਜਾਬ ਵਿਚ ਚਾਰ ਸਾਲਾਂ ਦੌਰਾਨ ਕੋਈ ਵੀ ਵਿਕਾਸ ਨਹੀਂ ਹੋਇਆ, ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿਚ ਜੋ ਵੀ ਕੰਮ ਹੋਇਆ ਹੈ ਅਕਾਲੀ ਸਰਕਾਰ ਸਮੇਂ ਹੀ ਕਰਵਾਇਆ ਗਿਆ ਸੀ ਪਰ ਕੈਪਟਨ ਸਰਕਾਰ ਨੇ ਸਾਡੇ ਪਿੰਡ ਵੀ ਕੋਈ ਵੀ ਕੰਮ ਨਹੀਂ ਕਰਵਾਇਆ।
ਪਿੰਡ ਦੇ ਲੋਕਾਂ ਨੇ ਕਿਹਾ ਕਿ ਜਦੋਂ ਅਕਾਲੀ ਸਰਕਾਰ ਸੀ ਤਾਂ ਸਾਨੂੰ ਮੋਟਰਾਂ ਦੇ ਕੁਨੈਕਸ਼ਨ ਦਿੱਤੇ ਜਾਂਦੇ ਸੀ, ਸਿੰਚਾਈ ਲਈ ਬਿਜਲੀ ਆਮੋ-ਆਮ ਸੀ, ਕਿਸਾਨਾਂ ਨੂੰ ਹੋਰ ਵੀ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ, ਪਰ ਹੁਣ ਮੌਜੂਦਾ ਕਾਂਗਰਸ ਸਰਕਾਰ ਸਮੇਂ ਸਾਨੂੰ ਕੋਈ ਮੋਟਰ ਕੁਨੈਕਸ਼ਨ ਨਹੀਂ ਦਿੱਤਾ ਗਿਆ, ਬਿਜਲੀ ਦੋ-ਦੋ ਦਿਨਾਂ ਬਾਅਦ ਆਉਂਦੀ ਹੈ ਤੇ 10 ਘੰਟੇ ਦਾ ਵਾਅਦਾ ਕਰਕੇ ਸਿਰਫ਼ 4 ਘੰਟੇ ਹੀ ਆਉਂਦੀ ਹੈ, ਕਿਸਾਨਾਂ ਨੂੰ ਹੋਰ ਕੋਈ ਸਹੂਲਤ ਨਹੀਂ ਦਿੱਤੀ ਗਈ।
ਪਿੰਡ ਦੇ ਸਰਪੰਚ ਨੇ ਕਿਹਾ ਕਿ ਸਾਡੇ ਪਿੰਡ ਵਿਚ ਜੋ ਵੀ ਕੰਮ ਹੋਇਆ ਹੈ, ਉਹ ਅਕਾਲੀ ਸਰਕਾਰ ਸਮੇ ਹੀ ਹੋਇਆ ਹੈ, ਮੌਜੂਦਾ ਕਾਂਗਰਸ ਸਰਕਾਰ ਵੱਲੋਂ ਸਾਡੇ ਪਿੰਡ ਨੂੰ ਕੋਈ ਵੀ ਨਵੀਂ ਸਹੂਲਤ ਨਹੀਂ ਦਿੱਤੀ ਗਈ। ਲੋਕਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦੇ ਹੀ ਇੰਨੇ ਜ਼ਿਆਦਾ ਕਰ ਦਿੱਤੇ ਕਿ ਕੋਈ ਵੀ ਹੁਣ ਤੱਕ ਉਨ੍ਹਾਂ ਵੱਲੋਂ ਪੂਰਾ ਨਹੀਂ ਕੀਤਾ ਗਿਆ ਜਿਵੇਂ ਘਰ-ਘਰ ਨੌਕਰੀ, ਨਸ਼ਾ ਖਤਮ ਕਰਨਾ, ਕਰਜ਼ਾ ਮੁਆਫ਼ ਕਰਨਾ, ਉਨ੍ਹਾਂ ਕਿਹਾ ਕਿ ਕੈਪਟਨ ਨੇ ਘਰ-ਘਰ ਨੌਕਰੀ ਕਿਹਾ ਸੀ ਪਰ ਸਾਡੇ ਪੂਰੇ ਪਿੰਡ ਵੀ ਕਿਸੇ ਇੱਕ ਜਣੇ ਨੂੰ ਵੀ ਨੌਕਰੀ ਨਹੀਂ ਮਿਲੀ, ਹੋਰ ਵੀ ਕਈਂ ਵਾਅਦੇ ਪਰ ਹੁਣ ਲੋਕਾਂ ਨੇ ਜਵਾਬ ਮੰਗਣਾ ਹੈ ਤੇ ਕੈਪਟਨ ਸਾਬ੍ਹ ਨੂੰ ਜਵਾਬ ਦੇਣਾ ਚਾਹੀਦਾ ਹੈ।
ਪਿੰਡ ਦੇ ਲੋਕਾਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਸੀਂ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ, ਜਿਸ ਦਿਸ਼ਾ ਵੱਲ ਸਾਡੇ ਕਿਸਾਨ ਆਗੂ ਜਾਣਗੇ ਅਸੀਂ ਉਨ੍ਹਾਂ ਦੇ ਨਾਲ ਤੁਰਾਂਗੇ ਪਰ ਜਿਹੜੀ ਪਾਰਟੀ ਕਾਨੂੰਨ ਰੱਦ ਕਰਾਏਗੀ ਅਸੀਂ ਉਸਨੂੰ ਵੋਟਾਂ ਪਾਕੇ ਜਿਤਾਵਾਂਗੇ। ਪਿੰਡ ਦੇ ਲੋਕਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਕਰਕੇ ਲੋਕਾਂ ਵਿਚ ਸਾਂਝ ਵਧੀ ਹੈ, ਲੋਕਾਂ ਨੇ ਕਿਹਾ ਕਿ ਸਰਕਾਰ 23 ਫਸਲਾਂ ‘ਤੇ ਐਮਐਸਪੀ ਦੇਣ ਦੀ ਬਜਾਏ ਸਿਰਫ਼ 2 ਫਸਲਾਂ ਉਤੇ ਹੀ ਐਮਐਸਪੀ ਦੇ ਰਹੀ ਹੈ, ਜੇ ਸਾਨੂੰ ਹੋਰ ਫਸਲਾਂ ਉਤੇ ਵੀ ਐਮਐਸਪੀ ਮਿਲੇ ਤਾਂ ਅਸੀਂ ਹੋਰ ਫ਼ਸਲਾਂ ਵੀ ਬਿਜਾਂਗੇ।