‘ਆਪ’ ਦਾ ਜਨਮ ਭ੍ਰਿਸ਼ਟਾਚਾਰ ਰੋਕਣ ਲਈ ਹੋਇਆ ਸੀ ਪਰ ਅੱਜ ਪਾਰਟੀ ਖ਼ੁਦ ਹੋਈ ਭ੍ਰਿਸ਼ਟ: ਡਾ. ਅਮਨਦੀਪ ਗੋਸਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਹੜਾ ਬੰਦਾ ਜ਼ਮੀਨਾਂ ਵੇਚ ਟਿਕਟ ਲਊਗਾ ਉਹ ਕਿਸੇ ਦਾ ਕੀ ਸਵਾਰੇਗਾ

Dr. Amandeep Ghosal on Spokesman tv

ਚੰਡੀਗੜ੍ਹ: ਲੋਕਸਭਾ ਚੋਣਾਂ ਸਿਰੇ ’ਤੇ ਹਨ ਪਰ ਆਮ ਆਦਮੀ ਪਾਰਟੀਆਂ ਦੀਆਂ ਮੁਸੀਬਤਾਂ ਵਧਦੀਆਂ ਹੀ ਜਾ ਰਹੀਆਂ ਹਨ। ਹਾਲ ਹੀ ਵਿਚ ਆਮ ਆਦਮੀ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੀ ਡਾ. ਅਮਨਦੀਪ ਗੋਸਲ ਨੇ ਭਗਵੰਤ ਮਾਨ ’ਤੇ ਕਈ ਇਲਜ਼ਾਮ ਲਗਾਏ ਸਨ। ਉਨ੍ਹਾਂ ਕਿਹਾ ਕਿ ‘ਆਪ’ ਦਾ ਜਨਮ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੀਤਾ ਗਿਆ ਸੀ ਪਰ ਅੱਜ ਆਮ ਆਦਮੀ ਪਾਰਟੀ ਖ਼ੁਦ ਭ੍ਰਿਸ਼ਟ ਹੋ ਚੁੱਕੀ ਹੈ।

‘ਸਪੋਕਸਮੈਨ ਵੈੱਬਟੀਵੀ’ ਦੀ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਇਕ ਖ਼ਾਸ ਇੰਟਰਵਿਉ ਦੌਰਾਨ ਡਾ. ਅਮਨਦੀਪ ਗੋਸਲ ਨੇ ਆਮ ਆਦਮੀ ਪਾਰਟੀ ਬਾਰੇ ਵੱਡੇ ਖ਼ੁਲਾਸੇ ਕਰਦੇ ਹੋਏ ਕਿਹਾ ਕਿ ‘ਆਪ’ ਇਕ ਪਾਰਟੀ ਨਹੀਂ ਸੀ ਇਹ ਇਕ ਲੋਕ ਲਹਿਰ ਸੀ ਜਿਸ ਵਿਚ ਸਾਰੇ ਬਜ਼ੁਰਗ, ਔਰਤਾਂ ਤੇ ਨੌਜਵਾਨ ਸਿਸਟਮ ਵਿਚ ਸੁਧਾਰ ਕਰਨ ਲਈ ਇਕੱਠੇ ਹੋਏ ਸਨ ਪਰ ਜਦੋਂ ਪਾਰਟੀ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਗਈ ਤਾਂ ਮਜਬੂਰ ਹੋ ਕੇ ਮੈਨੂੰ ਪਾਰਟੀ ਤੋਂ ਅਸਤੀਫ਼ਾ ਦੇਣਾ ਪਿਆ।

ਡਾ. ਗੋਸਲ ਨੇ ਕਿਹਾ ਕਿ ਭਗਵੰਤ ਮਾਨ ਲੋਕਸਭਾ ਹਲਕਾ ਸੰਗਰੂਰ ਦੇ ਪ੍ਰਤੀ ਬਹੁਤ ਹੀ ਗ਼ੈਰ-ਜ਼ਿੰਮੇਵਾਰ ਸੰਸਦ ਮੈਂਬਰ ਹੈ ਤੇ ਇਹ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਵਲੋਂ ਨੋਟਿਸ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਵਲੋਂ ਗ੍ਰਾਂਟਾਂ ਨੂੰ ਲੈ ਕੇ ਘਪਲਾ ਕੀਤਾ ਗਿਆ। ਕਿਸੇ ਗ੍ਰਾਂਟ ਦਾ ਕੋਈ ਹਿਸਾਬ ਨਹੀਂ ਦਿਤਾ ਗਿਆ। 2017 ਵਿਚ ਬਹੁਤ ਸਾਰੇ ਪਾਰਟੀ ਫੰਡ ਆਏ ਸਨ ਪਰ ਕਿਸੇ ਦਾ ਕੋਈ ਹਿਸਾਬ ਨਹੀਂ ਦਿਤਾ ਗਿਆ।

ਉਨ੍ਹਾਂ ਕਿਹਾ ਕਿ ਪਾਰਟੀ ਵਿਚ ਹੁਣ ਕੁਝ ਵੀ ਨਹੀਂ ਰਿਹਾ ਕਿਉਂਕਿ ਪਾਰਟੀ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੀ ਹੈ। ਮੈਡਮ ਦੁੱਲੋ ਨੂੰ ਆਪ ਵਲੋਂ ਟਿਕਟ ਦਿਤੀ ਜਾ ਰਹੀ ਹੈ ਤੇ ਉਨ੍ਹਾਂ ਦੇ ਪਤੀ ਕਾਂਗਰਸ ਵਲੋਂ ਰਾਜਸਭਾ ਮੈਂਬਰ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਰਟੀ ਵਿਚ ਹੁਣ ਕੁਝ ਨਹੀਂ ਰਿਹਾ ਤੇ ਨਾ ਹੀ ਪਹਿਲਾਂ ਵਾਲੀ ਸੋਚ ਰਹੀ ਹੈ। ਅੰਮ੍ਰਿਤਸਰ ਲੋਕਸਭਾ ਹਲਕਾ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਧਾਲੀਵਾਲ ਐਨ.ਆਰ.ਆਈ. ਲੋਕਾਂ ਤੋਂ ਕਾਫ਼ੀ ਪੈਸਾ ਹੜੱਪ ਕਰਕੇ ਭੱਜਿਆ ਹੋਇਆ ਹੈ ਜੋ ਇਸ ਵਾਰ ਚੋਣਾਂ ਵਿਚ ਬੁਰੀ ਤਰ੍ਹਾਂ ਹਾਰਨ ਵਾਲਾ ਹੈ।

ਆਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਬਾਰੇ ਡਾ. ਗੋਸਲ ਨੇ ਕਿਹਾ ਪਾਰਟੀ ਵਲੋਂ ਸ਼ੇਰਗਿੱਲ ਨੂੰ ਟਿਕਟ ਦੇਣ ਦੇ ਪਿੱਛੇ ਕਾਰਨ ਇਹ ਹੈ ਕਿ ਉਹ ਪਾਰਟੀ ਨੂੰ ਬੇਸ਼ੁਮਾਰ ਫੰਡ ਦੇ ਰਿਹਾ ਹੈ ਜਿਸ ਕਰਕੇ ਪਾਰਟੀ ਨੇ ਸ਼ੇਰਗਿੱਲ ਨੂੰ ਟਿਕਟ ਦਿਤੀ। ਜਿਹੜਾ ਬੰਦਾ ਜ਼ਮੀਨਾਂ ਵੇਚ-ਵੇਚ ਕੇ ਪਾਰਟੀ ਨੂੰ ਫੰਡ ਦੇ ਰਿਹਾ ਹੈ ਉਹ ਕੀ ਵਿਕਾਸ ਕਰੇਗਾ ਤੇ ਬਾਅਦ ਵਿਚ ਪਾਰਟੀ ਦਾ ਕੀ ਹਸ਼ਰ ਹੋਵੇਗਾ? ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਸਿਰਫ਼ ਉਨ੍ਹਾਂ ਵਲੰਟੀਅਰਾਂ ਨੂੰ ਟਿਕਟ ਦਿਤੀ ਗਈ ਹੈ ਜੋ ਬਹੁਤ ਜ਼ਿਆਦਾ ਪਾਰਟੀ ਫੰਡ ਮੁਹੱਈਆ ਕਰਵਾ ਰਹੇ ਹਨ।

ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿਚ ਪਾਰਟੀ ਦੇ ਨਾਲ ਕਈ ਹਜ਼ਾਰਾਂ ਵਲੰਟੀਅਰ ਜੁੜੇ ਸਨ ਇਕ ਉਮੀਦ ਦੇ ਨਾਲ ਕਿ ਸਿਸਟਮ ਵਿਚ ਉਹ ਸਭ ਇਕੱਠੇ ਹੋ ਕੇ ਸੁਧਾਰ ਲਿਆਉਣਗੇ ਪਰ ਪਾਰਟੀ ਦੀਆਂ ਗਲਤ ਨੀਤੀਆਂ ਕਰਕੇ ਅੱਜ ਪਾਰਟੀ ਦੇ ਨਾਲ ਕੋਈ ਵੀ ਖੜ੍ਹਨ ਲਈ ਤਿਆਰ ਨਹੀਂ ਹੈ। ਸੁਖਪਾਲ ਖਹਿਰਾ, ਕੰਵਰ ਸੰਧੂ ਅਤੇ ਕਈ ਹੋਰਨਾਂ ਪਾਰਟੀ ਵਲੰਟੀਅਰਾਂ ਵਲੋਂ ਪਾਰਟੀ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਭਗਵੰਤ ਮਾਨ ਨੇ ਕਦੀ ਨਹੀਂ ਸੁਣੀ ਤੇ ਅਪਣੀ ਮਰਜ਼ੀ ਹੀ ਕੀਤੀ।

ਜਿਸ ਕਰਕੇ ਉਨ੍ਹਾਂ ਨੂੰ ਵੀ ਮਜਬੂਰ ਹੋ ਕੇ ਪਾਰਟੀ ਤੋਂ ਅਸਤੀਫ਼ਾ ਦੇਣਾ ਪਿਆ। ਅਪਣੀ ਅਗਲੀ ਰਣਨੀਤੀ ਬਾਰੇ ਡਾ. ਗੋਸਲ ਨੇ ਕਿਹਾ ਕਿ ਉਨ੍ਹਾਂ ਅਜੇ ਅੱਗੇ ਬਾਰੇ ਕੁਝ ਸੋਚਿਆ ਨਹੀਂ ਹੈ ਪਰ ਉਹ ਅਪਣੇ ਸੰਗਰੂਰ ਹਲਕੇ ਦੇ ਲੋਕਾਂ ਲਈ ਹਮੇਸ਼ਾ ਲੜਨ ਲਈ ਤਿਆਰ ਹਨ।