ਢੀਂਡਸਾ ਤੇ ਬ੍ਰਹਮਪੁਰਾ ਵਲੋਂ ਨਵੀਂ ਸਿਆਸੀ ਪਾਰਟੀ ਦਾ ਐਲਾਨ, ਪੰਜਾਬ ਦੀ ਸਿਆਸੀ ਫਿਜ਼ਾ ਗਰਮਾਈ

ਏਜੰਸੀ

ਖ਼ਬਰਾਂ, ਪੰਜਾਬ

ਹਮਖਿਆਲੀ ਅਤੇ ਪੰਥਕ ਧਿਰਾਂ ਨਾਲ ਸੰਪਕਰ ਸਾਧਣ ਦਾ ਐਲਾਨ

Ranjit Brahmpura Sukhdev Dhindsa

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਲਹਿਦਾ ਹੋ ਕੇ ਵੱਖੋ-ਵੱਖਰੀਆਂ ਪਾਰਟੀਆਂ ਬਣਾਉਣ ਵਾਲੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਕੇ ਪੰਜਾਬ ਦੀ ਸਿਆਸਤ ਵਿਚ ਭੂਚਾਲ ਲਿਆ ਦਿੱਤਾ ਹੈ। ਦੋਵਾਂ ਆਗੂਆਂ ਦੇ ਇਕ ਝੰਡੇ ਹੇਠ ਆਉਣ ਬਾਅਦ ਪੰਜਾਬ ਅੰਦਰ ਤੀਜਾ ਫਰੰਟ ਬਣਨ ਦੀਆਂ ਸੰਭਾਵਨਾਵਾਂ ਨੂੰ ਬਲ ਮਿਲਣ ਦੇ ਆਸਾਰ ਹਨ। ਨਵੀਂ ਪਾਰਟੀ ਬਣਾਉਣ ਸਬੰਧੀ ਐਲਾਨ ਅੱਜ ਦੋਵਾਂ ਪਾਰਟੀਆਂ ਦੇ ਆਗੂਆਂ ਵਲੋਂ ਕੀਤਾ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਨੂੰ ਇਕ ਝੰਡੇ ਹੇਠ ਲਿਆਉਣ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਇਸ ਸਬੰਧੀ ਤਿੰਨ ਤਿੰਨ ਮੈਂਬਰੀ ਕਮੇਟੀਆਂ ਨੇ ਉਨ੍ਹਾਂ ਦੋਨਾਂ ਨੂੰ ਇਹ ਅਧਿਕਾਰ ਦਿੱਤੇ ਹਨ ਕਿ ਉਹ ਦੋਨੋਂ ਪੁਰਾਣੀਆਂ ਪਾਰਟੀਆਂ ਭੰਗ ਕਰਕੇ ਨਵੀਂ ਪਾਰਟੀ ਬਣਾ ਲੈਣ। ਇਨ੍ਹਾਂ ਦੋਨੋਂ ਆਗੂ ਪਾਰਟੀ ਵਿਚ ਨਵੇਂ ਅਹੁਦੇਦਾਰ ਵੀ ਨਿਯੁਕਤ ਕਰ ਸਕਦੇ ਹਨ ।

ਜਾਣਕਾਰੀ ਮੁਤਾਬਕ ਸਾਬਕਾ ਵਿਧਾਇਕ ਤੇ ਅਕਾਲੀ ਦਲ ਡੈਮੋਕ੍ਰੇਟਿਕ ਦੇ ਸੀਨੀਅਰ ਨੇਤਾ ਰਣਜੀਤ ਸਿੰਘ ਤਲਵੰਡੀ ਦੀ ਸੈਕਟਰ-39 ਸਥਿਤ ਰਿਹਾਇਸ਼ ਵਿਖੇ ਦੋਹਾਂ ਪਾਰਟੀਆਂ ਦੀਆਂ ਏਕਤਾ ਕਮੇਟੀਆਂ ਦੀ ਮੀਟਿੰਗ ਹੋਈ। ਇਸ ਤੋਂ ਬਾਅਦ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਪ੍ਰੈਸ ਕਾਨਫ਼ਰੰਸ ਕੀਤੀ ਗਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਵੇਗਾ।

ਇਸ ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਹੋਣਗੇ, ਜਦੋਂ ਕਿ ਰਣਜੀਤ ਸਿੰਘ ਬ੍ਰਹਮਪੁਰਾ ਸਰਪ੍ਰਸਤ ਹੋਣਗੇ। ਇਸ ਮੌਕੇ ਬ੍ਰਹਮਪੁਰਾ ਤੇ ਢੀਂਡਸਾ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਖ਼ਿਲਾਫ਼ ਨਹੀਂ ਹਨ, ਸਗੋਂ ਇਸ ਪਾਰਟੀ 'ਤੇ ਕਾਬਜ਼ ਸ. ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਕਿ ਉਹ ਸੁਖਬੀਰ ਨੂੰ ਹਰਾਉਣ ਲਈ ਆਮ ਆਦਮੀ ਪਾਰਟੀ, ਬਸਪਾ ਅਤੇ ਹੋਰ ਪੰਥਕ ਪਾਰਟੀਆਂ ਨਾਲ ਵੀ ਗੱਲਬਾਤ ਕਰਨਗੇ।

ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਇਕ ਪਾਰਟੀ ਅੰਦਰ ਤਬਦੀਲ ਹੋਣ ਬਾਅਦ ਪੰਜਾਬ ਅੰਦਰ ਵੱਡਾ ਸਿਆਸੀ ਫਰੰਟ ਬਣਨ ਦੇ ਆਸਾਰ ਬਣ ਗਏ ਹਨ। ਇਸ ਤੋਂ ਬਾਅਦ ਹੋਰ ਕਈ ਆਗੂ ਪੰਜਾਬ ਦੀ ਸੱਤਾ ’ਤੇ ਵਾਰੋ-ਵਾਰੀ ਕਾਬਜ਼ ਰਹੀਆਂ ਧਿਰਾਂ ਨੂੰ ਲਾਭੇ ਕਰਨ ਲਈ ਇਕ ਮੰਚ 'ਤੇ ਇਕੱਠੇ ਹੋ ਸਕਦੇ ਹਨ।