ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਨੇ ਪਟਿਆਲਾ ਵਿਖੇ ਪਾਈ ਆਪਣੀ ਵੋਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਨੇ ਪਟਿਆਲਾ ਵਿਖੇ ਪੋਲਿੰਗ ਬੂਥ 89 ਵਿਖੇ ਆਪਣੀ ਵੋਟ ਪਾਈ

Capt. Amarinder Singh and Preneet Kaur cast their votes in Patiala

ਪਟਿਆਲਾ: 11 ਅਪ੍ਰੈਲ ਤੋਂ ਸ਼ੁਰੂ ਹੋਏ ਲੋਕਤੰਤਰ ਦੇ ਤਿਉਹਾਰ ਦਾ ਅੱਜ ਅੰਤਿਮ ਦਿਨ ਹੈ। ਜਿਸ ਦੌਰਾਨ 7ਵੇਂ ਪੜਾਅ ਦੀਆਂ 13ਸੀਟਾਂ ‘ਚ ਉਤਰ ਪ੍ਰਦੇਸ਼-13, ਚੰਡੀਗੜ੍ਹ-1, ਮੱਧ ਪ੍ਰਦੇਸ਼-8, ਝਾਰਖੰਡ-3, ਬਿਹਾਰ- 8, ਹਿਮਾਚਲ-4, ਪੱਛਮੀ ਬੰਗਾਲ-9 ਅਤੇ ਪੰਜਾਬ ਦੀਆਂ-13 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਜਿਸ ਦੌਰਾਨ ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਇਸ ਦੌਰਾਨ ਵੱਡੇ ਆਗੂ ਵੀ ਆਪਣੀ ਵੋਟ ਭੁਗਤਾ ਰਹੇ ਹਨ।

ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਤਨੀ ਪ੍ਰਨੀਤ ਕੌਰ ਸਮੇਤ ਅੱਜ ਪਟਿਆਲਾ ਦੇ ਪੋਲਿੰਗ ਬੂਥ 89 ਵਿਖੇ ਆਪਣੀ ਵੋਟ ਪਾਈ। ਇਸ ਮੌਕੇ ਉਹਨਾਂ ਲੋਕਾਂ ਨੂੰ ਵੱਡੀ ਗਿਣਤੀ ‘ਚ ਵੋਟ ਪਾਉਣ ਦੀ ਅਪੀਲ ਵੀ ਕੀਤੀ। ਜ਼ਿਕਰਯੋਗ ਹੈ ਕਿ ਆਪਣੇ ਪਸੰਦੀਦਾ ਉਮੀਦਵਾਰ ਨੂੰ ਜਿਤਾਉਣ ਲਈ ਪੰਜਾਬ ਦੇ ਵੋਟਰਾਂ ਵੱਲੋਂ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ।

ਸਵੇਰ ਤੋਂ ਹੀ ਵੋਟਰ ਲੰਮੀਆਂ ਕਤਾਰਾਂ ‘ਚ ਲੱਗੇ ਹੋਏ ਹਨ ਅਤੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਰਹੇ ਹਨ। ਦੱਸ ਦਈਏ ਕਿ ਲੋਕ ਸਭਾ ਉਮੀਦਵਾਰਾਂ ਸਮੇਤ ਕਈ ਵੱਡੇ ਆਗੂਆਂ ਨੇ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਲੰਬੀ ਵਿਖੇ ਅਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ।

ਇਸ ਦੌਰਾਨ ਉਹਨਾਂ ਕਿਹਾ ਕਿ ਡੈਮੋਕ੍ਰੇਸੀ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਉਹਨਾਂ ਨੇ ਅਪਣੇ ਇਲਾਕੇ ਦੇ ਲੋਕਾਂ ‘ਤੇ ਭਰੋਸਾ ਵੀ ਜਤਾਇਆ। ਇਸਦੇ ਨਾਲ ਹੀ ਬਾਦਲ ਪਰਿਵਾਰ ਦੇ ਹੋਰ ਮੈਂਬਰਾਂ ਨੇ ਵੀ ਵੋਟ ਪਾਈ ਜਿਸ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਦੀਆਂ ਧੀਆਂ ਵੀ ਸ਼ਾਮਿਲ ਸਨ। ਦੇਸ਼ ‘ਚ 7 ਪੜਾਅ ‘ਚ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ, ਜਿਸ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਕੌਣ ਦੇਸ਼ ਨੂੰ ਚਲਾਵੇਗਾ ?