ਚੋਣਾਂ ਸਮੇਂ ਗਲਤ ਬਿਆਨਬਾਜ਼ੀ ਕਰ ਕੇ ਕਾਂਗਰਸ ਨੂੰ ਨੁਕਸਾਨ ਪਹੁੰਚਾ ਰਿਹੈ ਨਵਜੋਤ ਸਿੰਘ ਸਿੱਧੂ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਸ਼ਾਇਦ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣਨ ਦੇ ਚਾਹਵਾਨ ਹਨ, ਇਸੇ ਕਾਰਨ ਅਜਿਹੇ ਬਿਆਨ ਦੇ ਰਹੇ ਹਨ 

Sidhu Damaging Congress With ill-timed Remarks : Capt Amarinder Singh

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਪਾਰਟੀ ਵਿਰੋਧੀ ਬਿਆਨਬਾਜ਼ੀਆਂ ਕਰ ਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਰਟੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਜੇ ਸਿੱਧੂ ਸੱਚਾ ਕਾਂਗਰਸੀ ਹੈ ਤਾਂ ਉਸ ਨੂੰ ਆਪਣੀ ਗੱਲ ਕਹਿਣ ਲਈ ਸਹੀ ਸਮੇਂ ਦਾ ਇੰਤਜਾਰ ਕਰਨਾ ਚਾਹੀਦਾ ਸੀ। ਮੁੱਖ ਮੰਤਰੀ ਨੇ ਇਹ ਗੱਲ ਅੱਜ ਆਪਣੀ ਵੋਟ ਭੁਗਤਾਉਣ ਤੋਂ ਬਾਅਦ ਪੱਤਰਕਾਰਾਂ ਨੂੰ ਕਹੀ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਪਟਿਆਵਾ ਲੋਕ ਸਭਾ ਸੀਟ ਤੋਂ ਚੋਣ ਮੈਦਾਨ 'ਚ ਹਨ। ਅੱਜ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੇ ਪਟਿਆਲਾ 'ਚ ਆਪਣੀ ਵੋਟ ਪਾਈ। ਕੈਪਟਨ ਨੇ ਇਕ ਵਾਰ ਫਿਰ ਦੁਹਰਾਇਆ ਕਿ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਦੇਣ 'ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਇਹ ਸਿਰਫ਼ ਸਿੱਧੂ ਦੀ ਚੋਣ ਨਹੀਂ ਹੈ, ਸਮੁੱਚੀ ਕਾਂਗਰਸ ਪਾਰਟੀ ਦੀ ਚੋਣ ਹੈ।

ਕੈਪਟਨ ਨੇ ਕਿਹਾ ਕਿ ਸਿੱਧੂ ਵਿਰੁੱਧ ਕਾਰਵਾਈ ਕਰਨਾ ਹਾਈਕਮਾਨ ਦਾ ਕੰਮ ਹੈ ਪਰ ਪਾਰਟੀ ਵਿਰੋਧੀ ਕੰਮ ਕਰਨ ਵਾਲੇ ਕਿਸੇ ਵੀ ਆਗੂ ਜਾਂ ਵਰਕਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੇਰੀ ਸਿੱਧੂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਮੈਂ ਉਸ ਨੂੰ ਬਚਪਨ ਤੋਂ ਜਾਣਦਾ ਹਾਂ। ਕੈਪਟਨ ਨੇ ਕਿਹਾ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣਨ ਦੇ ਚਾਹਵਾਨ ਹਨ, ਇਸੇ ਕਾਰਨ ਅਜਿਹੇ ਬਿਆਨ ਦੇ ਰਹੇ ਹਨ। 

ਮੁੱਖ ਮੰਤਰੀ ਨੇ ਇਕ ਵਾਰ ਫਿਰ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਸੂਬੇ 'ਚ 13 ਦੀਆਂ 13 ਸੀਟਾਂ ਜਿੱਤੇਗੀ। ਕਈ ਥਾਵਾਂ 'ਤੇ ਕਾਂਗਰਸੀ ਵਰਕਰਾਂ ਨੇ ਲੱਡੂ ਵੀ ਵੰਡਣੇ ਸ਼ੁਰੂ ਕਰ ਦਿੱਤੇ ਹਨ। ਆਪਣੀ ਹਾਰ ਨੂੰ ਵੇਖ ਕੇ ਅਕਾਲੀ ਆਗੂ ਬੌਖਲਾਏ ਹੋਏ ਹਨ ਅਤੇ ਮਾਰਕੁੱਟ 'ਤੇ ਉੱਤਰ ਆਏ ਹਨ। ਕੈਪਟਨ ਨੇ ਦਾਅਵਾ ਕੀਤਾ ਕਿ ਪਰਨੀਤ ਕੌਰ ਪਟਿਆਲਾ 'ਚ ਲਗਭਗ 1 ਲੱਖ ਵੋਟਾਂ ਤੋਂ ਵੱਡੀ ਜਿੱਤ ਪ੍ਰਾਪਤ ਕਰੇਗੀ। ਕੇਂਦਰ 'ਚ ਯੂਪੀਏ-3 ਦੀ ਸਰਕਾਰ ਬਣੇਗੀ।