ਹੈਰਾਨੀਜਨਕ! ਕੋਰੋਨਾ ਦਾ ਟੀਕਾ ਲਗਵਾਉਣ ਤੋਂ ਬਿਨਾਂ ਹੀ ਮਿਲ ਰਹੇ ਟੀਕਾਕਰਨ ਦੇ ਸਰਟੀਫਿਕੇਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਤੋਂ ਬਚਾਅ ਲਈ ਦੇਸ਼ ਭਰ ਵਿਚ ਟੀਕਾਕਰਨ ਸ਼ੁਰੂ ਹੋ ਚੁੱਕਿਆ ਹੈ।

People given certificate without COVID-19 vaccine

ਪਠਾਨਕੋਟ: ਕੋਰੋਨਾ ਵਾਇਰਸ ਤੋਂ ਬਚਾਅ ਲਈ ਦੇਸ਼ ਭਰ ਵਿਚ ਟੀਕਾਕਰਨ ਸ਼ੁਰੂ ਹੋ ਚੁੱਕਿਆ ਹੈ। ਇਸ ਦੌਰਾਨ ਕਈ ਲੋਕ ਟੀਕਾਕਰਨ ਰਿਪੋਰਟ ਵਿਚ ਗੜਬੜੀ ਤੋਂ ਕਾਫ਼ੀ ਪਰੇਸ਼ਾਨ ਹਨ। ਦਰਅਸਲ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਕਿ ਲੋਕਾਂ ਨੂੰ ਕੋਰੋਨਾ ਵੈਕਸੀਨ ਨਹੀਂ ਲੱਗੀ ਪਰ ਉਹਨਾਂ ਦੇ ਮੋਬਾਈਲ ਫੋਨ ’ਤੇ ਮੈਸੇਜ ਆ ਰਹੇ, ‘ਤੁਹਾਨੂੰ ਸਫਲਤਾਪੂਰਵਕ ਟੀਕਾ ਲਗਾਇਆ ਗਿਆ ਹੈ' (You have successfully been vaccinated)।

ਕਈ ਲੋਕਾਂ ਨੂੰ ਤਾਂ ਟੀਕਾਕਰਨ ਦਾ ਸਰਟੀਫਿਕੇਟ ਵੀ ਮਿਲ ਗਿਆ, ਅਜਿਹੇ ਵਿਚ ਲੋਕ ਬੇਹੱਦ ਪਰੇਸ਼ਾਨ ਹਨ। ਪ੍ਰਸ਼ਾਸਨ ਵੱਲੋਂ ਟੀਕਾਕਰਨ ਲਗਾਉਣ ਲਈ ਵੱਖ-ਵੱਖ ਥਾਵਾਂ ’ਤੇ ਕੈਂਪ ਲਗਾਏ ਜਾ ਰਹੇ ਹਨ, ਭਾਰੀ ਗਣਤੀ ਵਿਚ ਲੋਕ ਟੀਕਾਕਰਨ ਵੀ ਕਰਵਾ ਰਹੇ ਹਨ। ਇਸ ਦੌਰਾਨ ਸਟਾਫ ਦੀ ਗਲਤੀ ਕਾਰਨ ਲੋਕ ਅਪਣੇ ਮੋਬਾਈਲ ਫੋਨ ਵਿਚ ਅਜਿਹੇ ਮੈਸੇਜ ਦੇਖ ਕੇ ਹੈਰਾਨ ਹਨ, ਉਹਨਾਂ ਨੇ ਵੈਕਸੀਨ ਲਈ ਫਾਰਮ ਤਾਂ ਭਰ ਦਿੱਤੇ ਪਰ ਉਹਨਾਂ ਨੂੰ ਟੀਕਾ ਨਹੀਂ ਲੱਗਿਆ।

ਇਸ ਦੇ ਬਾਵਜੂਦ ਉਹਨਾਂ ਨੂੰ http://cowin.gov.in ’ਤੇ ਵੈਕਸੀਨ ਲਗਵਾਉਣ ਦਾ ਸਰਟੀਫਿਕੇਟ ਵੀ ਮਿਲ ਗਿਆ। ਇਹ ਲੋਕ ਵੈਕਸੀਨ ਲਗਾਉਣ ਲਈ ਇੱਧਰ-ਉੱਧਰ ਭਟਕ ਰਹੇ ਹਨ, ਹਾਲਾਂਕਿ ਇਹਨਾਂ ਨੂੰ ਅਫ਼ਸਰਾਂ ਨੇ ਸਲਾਹ ਦਿੱਤੀ ਕਿ ਉਹ ਦੂਜੇ ਮੋਬਾਈਲ ਨੰਬਰ ਤੋਂ ਰਜਿਸਟਰੇਸ਼ਨ ਕਰਵਾ ਕੇ ਵੈਕਸੀਨ ਲਗਵਾ ਸਕਦੇ ਹਨ ਪਰ ਲੋਕਾਂ ਵਿਚ ਡਰ ਦਾ ਮਾਹੌਲ ਹੈ।

ਅਜਿਹੇ ਕਈ ਮਾਮਲੇ ਪੰਜਾਬ ਵਿਚ ਵੀ ਸਾਹਮਣੇ ਆ ਚੁੱਕੇ ਹਨ। ਜ਼ਿਲ੍ਹਾ ਪਠਾਨਕੋਟ ਦੀ ਕੋਰਟ ਵਿਚ ਵਕੀਲ ਗੀਤਾਂਜਲੀ ਭਾਟੀਆ ਦਾ ਕਹਿਣ ਹੈ ਕਿ ਉਹਨਾਂ ਨੂੰ ਬਿਨ੍ਹਾਂ ਵੈਕਸੀਨ ਲਗਾਏ ਸਫਲਤਾਪੂਰਵਕ ਟੀਕਾ ਲੱਗਣ ਦਾ ਮੈਸੇਜ ਆ ਗਿਆ ਤੇ ਸਰਟੀਫਿਕੇਟ ਵੀ ਮਿਲ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਧੋਖਾਧੜੀ ਹੈ।