ਕੈਬ ਡਰਾਈਵਰ ਦਾ ਕਤਲ ਕਰ ਕੇ ਕਾਰ ਖੋਹਣ ਵਾਲੇ 2 ਮੁਲਜ਼ਮ ਕਾਬੂ, 22 ਮਈ ਤਕ ਦਾ ਮਿਲਿਆ ਰਿਮਾਂਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਮੁਲਜ਼ਮ ਕਤਲ ਤੋਂ ਬਾਅਦ ਕਾਰ ਸਮੇਤ ਫਰਾਰ ਹੋ ਗਏ ਸਨ

2 held for killing driver, snatching his cab

 

ਮੁਹਾਲੀ: ਪੁਲਿਸ ਨੇ ਕੈਬ ਡਰਾਈਵਰ ਦਾ ਕਤਲ ਕਰਕੇ ਲਾਸ਼ ਗਟਰ ਵਿਚ ਸੁੱਟਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰਕੇ 22 ਮਈ ਤਕ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਦਰਅਸਲ ਇਹ ਮੁਲਜ਼ਮ ਕਤਲ ਤੋਂ ਬਾਅਦ ਕਾਰ ਸਮੇਤ ਫਰਾਰ ਹੋ ਗਏ ਸਨ। ਜਦ ਦਯਾਨੰਦ ਨਾਂਅ ਦਾ ਡਰਾਈਵਰ ਘਰ ਨਹੀਂ ਪਰਤਿਆ ਤਾਂ ਉਸ ਦੇ ਪ੍ਰਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਗੁੰਮਸ਼ੁਦਗੀ ਦੀ ਸ਼ਿਕਾਇਤ ਦਿਤੀ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਕਤਲ ਦਾ ਮਾਮਲਾ ਹੈ।

ਇਹ ਵੀ ਪੜ੍ਹੋ: ਡਾ. ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ ਵਿਭਾਗ ਵਿੱਚ 11 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ

15 ਦਿਨਾਂ ਬਾਅਦ ਪੁਲਿਸ ਨੇ ਇਸ ਕਤਲ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰੇਸ਼ਮ ਸਿੰਘ ਵਾਸੀ ਬਠਿੰਡਾ ਅਤੇ ਪੰਜਾਬਦੀਪ ਸਿੰਘ ਵਾਸੀ ਮਾਨਸਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਸੈਕਟਰ-104 ਇਲਾਕੇ ਦੇ ਇਕ ਗਟਰ ਵਿਚੋਂ ਮ੍ਰਿਤਕ ਦੀ ਲਾਸ਼ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਮੁਲਜ਼ਮ ਕੋਲੋਂ ਸਵਿਫਟ ਕਾਰ ਵੀ ਬਰਾਮਦ ਕਰ ਲਈ ਗਈ ਹੈ। ਐਸਪੀ ਸਿਟੀ ਨੇ ਦਸਿਆ ਕਿ ਸੱਭ ਤੋਂ ਪਹਿਲਾਂ ਉਸ ਨੰਬਰ ਨੂੰ ਟਰੇਸ ਕੀਤਾ ਜਿਸ ਤੋਂ ਕੈਬ ਬੁਕਿੰਗ ਲਈ ਹੋਈ ਸੀ।

ਇਹ ਵੀ ਪੜ੍ਹੋ: ਪਾਣੀਆਂ ਦੇ ਗੰਭੀਰ ਸੰਕਟ ਵਿਚ ਫਸਿਆ ਹੋਇਆ ਹੈ ਪੰਜਾਬ : ਸੰਤ ਬਲਬੀਰ ਸਿੰਘ ਸੀਚੇਵਾਲ

ਇਹ ਨੰਬਰ ਸੈਕਟਰ-68 ਦੇ ਇਕ ਨਿਜੀ ਹਸਪਤਾਲ ਵਿਚ ਕੰਮ ਕਰਦੇ ਰਾਹੁਲ ਦਾ ਸੀ। ਜਦ ਉਹ ਉਸ ਕੋਲ ਗਏ ਤਾਂ ਉਸ ਨੇ ਦਸਿਆ ਕਿ ਉਸ ਦਾ ਫ਼ੋਨ ਉਸ ਦੇ ਨਾਲ ਕੰਮ ਕਰਨ ਵਾਲੇ ਰੇਸ਼ਮ ਸਿੰਘ ਨੇ ਲੈ ਲਿਆ ਸੀ। ਜਦ ਰੇਸ਼ਮ ਦਾ ਰਿਕਾਰਡ ਕੱਢਿਆ ਗਿਆ ਤਾਂ ਪਤਾ ਲੱਗਿਆ ਕਿ ਇਹ ਬਠਿੰਡਾ ਦਾ ਹੈ। ਰਾਹੁਲ ਨੇ ਇਹ ਵੀ ਦਸਿਆ ਕਿ ਰੇਸ਼ਮ ਉਸ ਦਾ ਫ਼ੋਨ ਪੰਜਾਬਦੀਪ ਸਿੰਘ ਦੇ ਨਾਲ ਲੈ ਗਿਆ ਸੀ। ਫਿਰ ਪੰਜਾਬਦੀਪ ਸਿੰਘ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਗਈ। ਪੰਜਾਬਦੀਪ ਨੂੰ ਸੈਕਟਰ-70 ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਰੇਸ਼ਮ ਨੂੰ ਬਠਿੰਡਾ ਤੋਂ ਚੁਕਿਆ ਗਿਆ। ਦੋਵਾਂ ਤੋਂ ਪੁੱਛਗਿੱਛ ਦੌਰਾਨ ਸਾਰੀ ਕਹਾਣੀ ਸਾਹਮਣੇ ਆਈ।

ਇਹ ਵੀ ਪੜ੍ਹੋ: ਮਿਆਂਮਾਰ 'ਚ ਚੱਕਰਵਾਤੀ ਤੂਫਾਨ 'ਮੋਚਾ' ਨੇ ਮਚਾਈ ਤਬਾਹੀ, 55 ਲੋਕਾਂ ਦੀ ਮੌਤ

ਐਸਪੀ ਸਿਟੀ ਅਕਾਸ਼ ਦੀਪ ਸਿੰਘ ਔਲਖ ਨੇ ਦਸਿਆ ਕਿ ਫੇਜ਼-7 ਵਿਚ ਰਹਿਣ ਵਾਲਾ ਦਯਾਨੰਦ ਹਿਮਾਚਲ ਦਾ ਰਹਿਣ ਵਾਲਾ ਸੀ। ਇਥੇ ਉਹ ਇਨ-ਡ੍ਰਾਈਵ 'ਤੇ ਅਪਣੀ ਕੈਬ ਚਲਾਉਂਦਾ ਸੀ। 1 ਮਈ ਦੀ ਦੇਰ ਰਾਤ ਉਹ ਅਪਣੇ ਚਾਚੇ ਨੂੰ ਸੈਕਟਰ-43 ਦੇ ਬੱਸ ਸਟੈਂਡ ਤੋਂ ਲੈ ਕੇ ਸੈਕਟਰ-67 ਵਿਖੇ ਛੱਡ ਗਿਆ ਸੀ। ਉਦੋਂ ਤੋਂ ਉਹ ਲਾਪਤਾ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਚਾਚੇ ਨੂੰ ਛੱਡਣ ਤੋਂ ਬਾਅਦ ਉਸ ਨੇ ਸੈਕਟਰ-68 ਤੋਂ ਬੁਕਿੰਗ ਲਈ ਸੀ। ਜਦ ਉਸ ਨੇ ਬੁਕਿੰਗ ਕਰਨ ਵਾਲੇ ਵਿਅਕਤੀ ਨੂੰ ਪਿਕ ਕੀਤਾ ਤਾਂ ਉਸ ਨੇ ਉਸ ਨੂੰ ਸਿਟੀ ਪਾਰਕ ਨੇੜੇ ਕਿਸੇ ਹੋਰ ਦੋਸਤ ਨੂੰ ਚੁਕਣ ਲਈ ਕਿਹਾ। ਉਥੇ ਜਾ ਕੇ ਉਨ੍ਹਾਂ ਨੇ ਡਰਾਈਵਰ ਦਾ ਚਾਕੂ ਮਾਰ ਕੇ ਕਤਲ ਕਰ ਦਿਤਾ ਅਤੇ ਨਾਲ ਹੀ ਕਤਲ ਵਿਚ ਵਰਤਿਆ ਚਾਕੂ ਅਤੇ ਖੂਨ ਸਾਫ਼ ਕਰਨ ਲਈ ਕੱਪੜਾ ਝਾੜੀਆਂ ਵਿਚ ਸੁੱਟ ਕੇ ਬਠਿੰਡਾ ਫ਼ਰਾਰ ਹੋ ਗਏ।