ਗੈਂਗਸਟਰ ਹਰਸਿਮਰਨਦੀਪ ਸਿੰਘ ਸਿੱਮਾ ਬਹਿਬਲ ਦੇ ਘਰੋਂ 39 ਲੱਖ 60 ਹਜ਼ਾਰ ਰੁਪਏ ਦੀ ਨਕਦੀ ਬਰਾਮਦ
ਬਠਿੰਡਾ ਜੇਲ 'ਚ ਬੰਦ ਹੈ ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਿਤ ਇਹ ਗੈਂਗਸਟਰ
NIA ਟੀਮ ਨੇ ਥਾਣਾ ਬਾਜਾਖਾਨਾ 'ਚ ਜਮ੍ਹਾ ਕਰਵਾਈ ਬਰਾਮਦ ਕੀਤੀ ਰਕਮ
ਫ਼ਰੀਦਕੋਟ : ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਜ਼ਿਲ੍ਹੇ ਵਿਚ ਕੈਟਾਗਰੀ-ਏ ਦੇ ਗੈਂਗਸਟਰ ਹਰਸਿਮਰਨਦੀਪ ਸਿੰਘ ਉਰਫ਼ ਸਿੱਮਾ ਬਹਿਬਲ ਦੇ ਘਰੋਂ 39 ਲੱਖ 60 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲਿਸ ਨਾਲ ਤਾਲਮੇਲ ਵਿਚ, ਐਨ.ਆਈ.ਏ. ਨੇ ਕੋਟਕਪੂਰਾ ਵਿਚ ਬੰਬੀਹਾ ਗਰੁੱਪ ਦੇ ਤਿੰਨ ਗੈਂਗਸਟਰਾਂ ਬਹਿਬਲ, ਅਜੈ ਕੁਮਾਰ ਅਤੇ ਲਖਵਿੰਦਰ ਸਿੰਘ ਦੇ ਘਰਾਂ ਵਿਚ ਛਾਪਾ ਮਾਰਿਆ।
ਹਰਸਿਮਰਨਦੀਪ ਸਿੰਘ ਸਿੱਮਾ ਬਹਿਬਲ ਜਨਵਰੀ 2018 ਤੋਂ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਬਠਿੰਡਾ ਕੇਂਦਰੀ ਜੇਲ ਵਿਚ ਬੰਦ ਹੈ ਅਤੇ ਦੋ ਦਰਜਨ ਤੋਂ ਵੱਧ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿਚ ਜਬਰੀ ਵਸੂਲੀ ਦੇ ਕਈ ਮਾਮਲੇ ਸ਼ਾਮਲ ਹਨ।
ਇਹ ਵੀ ਪੜ੍ਹੋ: ਦੇਸ਼ ਤੋਂ ਬਾਹਰ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਹੋਵੇਗੀ ਮਹਿੰਗੀ, ਭਰਨਾ ਪਵੇਗਾ 20 ਫ਼ੀ ਸਦੀ ਟੈਕਸ
ਫ਼ਰੀਦਕੋਟ ਦੇ ਐਸ.ਪੀ. ਜਸਮੀਤ ਸਿੰਘ ਨੇ ਦਸਿਆ ਕਿ ਐਨ.ਆਈ.ਏ. ਦੀ ਛਾਪੇਮਾਰੀ ਸਮੇਂ ਬਹਿਬਲ ਦੇ ਪਿਤਾ ਅਤੇ ਦਾਦੀ ਘਰ ਵਿਚ ਮੌਜੂਦ ਸਨ। ਐਨ.ਆਈ.ਏ. ਅਤੇ ਪੁਲਿਸ ਨੂੰ ਉਥੇ ਵੱਡੀ ਗਿਣਤੀ ਵਿਚ ਨਕਦੀ ਮਿਲਣ ਤੋਂ ਬਾਅਦ, ਬਹਿਬਲ ਦਾ ਪ੍ਰਵਾਰ ਬਰਾਮਦ ਕੀਤੀ ਇਸ ਰਕਮ ਦੇ ਸਰੋਤ ਅਤੇ ਵੇਰਵੇ ਪ੍ਰਦਾਨ ਨਹੀਂ ਕਰ ਸਕਿਆ। ਜਾਂਚ ਏਜੰਸੀ ਐਨ.ਆਈ.ਏ. ਦੀ ਟੀਮ ਨੇ ਇਹ ਰਕਮ ਬਾਜਾਖਾਨਾ ਪੁਲਿਸ ਨੂੰ ਸੌਂਪ ਦਿਤੀ ਹੈ ਅਤੇ ਪੁਲਿਸ ਨੇ ਆਈ.ਟੀ. ਵਿਭਾਗ ਨੂੰ ਇਸ ਬਾਰੇ ਜਾਣਕਾਰੀ ਦੇ ਦਿਤੀ ਹੈ।
ਪੁਲਿਸ ਅਨੁਸਾਰ, ਗੈਂਗਸਟਰ ਹਰਸਿਮਰਨਦੀਪ ਸਿੰਘ ਸਿੱਮਾ ਬਹਿਬਲ ਸਲਾਖਾਂ ਦੇ ਪਿਛੇ ਤੋਂ ਇਕ ਫਿਰੌਤੀ ਰੈਕੇਟ ਚਲਾ ਰਿਹਾ ਹੈ ਅਤੇ ਉਸ ਦੇ ਕਈ ਸਾਥੀ ਅਜਿਹਾ ਕਰਨ ਵਿਚ ਉਸ ਦੀ ਮਦਦ ਕਰ ਰਹੇ ਹਨ।