ਸ਼ਹੀਦੀ ਪੁਰਬ ਮੌਕੇ ਨਗਰ ਕੀਰਤਨ ਸਜਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਸ਼ਹਿਰ ਵਿਖੇ ਮੂਲ ਨਾਨਕਸਾਹੀ ਕੈਲੰਡਰ ਅਨੁਸਾਰ ਸਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਸਹੀਦੀ ਦਿਹਾੜੇ....

People During Jod Mela

ਰਾਮਪੁਰਾ ਫੂਲ  : ਸਥਾਨਕ ਸ਼ਹਿਰ ਵਿਖੇ ਮੂਲ ਨਾਨਕਸਾਹੀ ਕੈਲੰਡਰ ਅਨੁਸਾਰ ਸਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਸਲਾਨਾ ਸ਼ਹੀਦੀ ਜੋੜ ਮੇਲਾ ਤੇ ਨਗਰ ਕੀਰਤਨ ਸਥਾਨਕ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਜੀਵਨ ਸਿੰਘ ਜੀ ਗਾਂਧੀ ਨਗਰ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। 

ਸ਼ਹੀਦੀ ਦਿਹਾੜੇ ਵਾਲੇ ਦਿਨ ਸਹਿਰ 'ਚ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਬਲਕਰਨ ਸਿੰਘ ਮੌੜ ਕਲਾਂ ਵਾਲਿਆਂ ਨੇ ਕੀਰਤਨ ਕਰਦਿਆਂ ਜਿੱਥੇ ਗੁਰੂ ਜਸ ਗਾਇਆ ਉੱਥੇ ਸਮੇਂ ਦੀ ਮੌਜੂਦਾ ਨਜਾਕਤ ਨੂੰ ਸਮਝਦਿਆਂ ਵਾਤਾਵਰਣ ਬਚਾਉਣ ਲਈ ਸਿੱਖ ਸੰਗਤਾਂ ਨੂੰ ਵੱਧ ਤੋ ਵੱਧ ਪੌਦੇ ਲਾਉਣ ਦੀ ਪ੍ਰੇਰਨਾ ਦਿੱਤੀ। ਉਹਨਾਂ ਕਿਹਾ ਕਿ ਇਨਾਂ ਦਿਨਾਂ ਚ ਛਬੀਲਾਂ ਲੋੜ ਅਨੁਸਾਰ ਹੀ ਲਾਈਆ ਜਾਣ ਪਰੰਤੂ ਦਰੱਖਤ ਵੱਧ ਤੋ ਵੱਧ ਲਾ ਕੇ ਮਲੀਨ ਹੋ ਰਹੇ ਵਾਤਾਵਰਣ ਨੂੰ ਬਚਾਉਣ ਦੀ ਲੋੜ ਹੈ।

ਨਗਰ ਕੀਰਤਨ ਦੌਰਾਨ ਉਸੇ ਦਿਨ ਈਦ ਹੋਣ ਕਾਰਨ ਮੁਸਲਮਾਨ ਭਾਈਚਾਰੇ ਨੇ ਸਿੱਖ ਸੰਗਤਾਂ ਨੂੰ ਫਲ ਅਤੇ ਠੰਡੇ ਮਿੱਠੇ ਜਲ ਦੀ ਸੇਵਾ ਕਰਕੇ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕੀਤਾ। ਇਸ ਮੌਕੇ ਬਾਬਾ ਮਨਮੋਹਨ ਸਿੰਘ ਗੁੰਮਟਸਰ ਵਾਲੇ, ਬਾਬਾ ਵਹਿਗੁਰੂ ਜੀ ਰਾਮਨਗਰ ਵਾਲੇ, ਮੇਜਰ ਸਿੰਘ ਢਿੱਲੋਂ ਮੈਬਰ ਐਸ.ਜੀ.ਪੀ.ਸੀ ਅਤੇ ਭਾਈ ਜਗਜੀਤ ਸਿੰਘ ਖਾਲਸਾ ਨੇ ਵੀ ਹਾਜ਼ਰੀ ਭਰੀ ਅਤੇ ਢਾਡੀ ਜੱਥਾ ਮੱਘਰ ਸਿੰਘ ਭੌਰਾ, ਭਾਈ ਅਵਤਾਰ ਸਿੰਘ, ਭਾਈ ਮਨਿੰਦਰ ਸਿੰਘ, ਭਾਈ ਕੁਲਵੰਤ ਸਿੰਘ ਗੱਲਵੱਟੀ ਅਤੇ ਗੱਤਕਾਂ ਪਾਰਟੀਆਂ ਪਹੁੰਚ ਕੇ ਸਹੀਦੀ ਦਿਹਾੜੇ ਮੌਕੇ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ।

ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਗਜੀਤ ਸਿੰਘ ਪੂਹਲਾ ਨੇ ਆਈਆਂ ਸਿੱਖ ਸੰਗਤਾਂ ਨੂੰ ਜੀ ਆਇਆ ਆਖਿਆ ਸਹੀਦੀ ਦਿਹਾੜੇ ਦੇ ਅਖੀਰਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਸਹੀਦੀ ਦਿਹਾੜੇ ਲਈ ਸਹਿਯੋਗ ਸੇਵਾ ਲੰਗਰ ਕਮੇਟੀ, ਸੁਖਮਨੀ ਸੇਵਾ ਸੁਸਾਇਟੀ ( ਬੀਬੀਆਂ) ਅਤੇ ਸਿੱਖ ਵੈਲਫੇਅਰ ਸੁਸਾਇਟੀ ਆਦਿ ਨੇ ਦਿੱਤਾ।