'ਆਪ' ਸੁਖਪਾਲ ਖਹਿਰਾ ਦੇ ਬਿਆਨ 'ਤੇ ਸਫ਼ਾਈ ਦੇਣ ਦੀ ਬਜਾਏ ਪਾਰਟੀ ਤੋਂ ਕਰੇ ਬਾਹਰ: ਕ੍ਰਿਸ਼ਨ ਸ਼ਰਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਿਵਸੇਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਪਵਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਸ਼ਿਵਸੈਨਾ ਹਿੰਦੁਸਤਾਨ ਦੀ ਪੰਜਾਬ ਦੀਆਂ ਸਾਰੀ ਜ਼ਿਲ੍ਹਾ ......

Pawan Gupta

ਲੁਧਿਆਣਾ : ਸ਼ਿਵਸੇਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਪਵਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਸ਼ਿਵਸੈਨਾ ਹਿੰਦੁਸਤਾਨ ਦੀ ਪੰਜਾਬ ਦੀਆਂ ਸਾਰੀ ਜ਼ਿਲ੍ਹਾ ਇਕਾਈਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੁਖਪਾਲ ਖਹਿਰਾ ਦੇ ਰਿਫ਼ਰੈਂਡਮ 2020 ਨੂੰ ਸਮਰਥਨ ਦੇਣ ਦੇ ਬਿਆਨ ਦੇ ਵਿਰੋਧ ਵਿਚ ਮੁੱਖ ਮੰਤਰੀ ਪੰਜਾਬ, ਵਿਧਾਨ ਸਭਾ ਸਪੀਕਰ ਤੇ ਡੀਜੀਪੀ ਪੰਜਾਬ ਨੂੰ ਮੰਗ ਪੱਤਰ ਭੇਜੇ ਗਏ।

ਇਸੇ ਲੜੀ ਤਹਿਤ ਲੁਧਿਆਣਾ ਵਿਚ ਸ਼ਿਵਸੈਨਾ ਹਿੰਦੁਸਤਾਨ ਦੇ ਪੰਜਾਬ ਪ੍ਰਧਾਨ ਕ੍ਰਿਸ਼ਨ ਸ਼ਰਮਾ, ਮੀਤ ਪ੍ਰਧਾਨ ਸੰਜੀਵ ਦੇਮ, ਜਨਰਲ ਸਕੱਤਰ ਅੰਕਿਤ ਬਤਰਾ, ਵਪਾਰ ਸੇਲ ਪ੍ਰਮੁੱਖ ਚੰਦਰਕਾਂਤ ਚੱਢਾ ਅਤੇ ਟਰਾਂਸਪੋਰਟ ਸੇਲ ਪ੍ਰਮੁੱਖ ਮਨੋਜ ਟਿੰਕੂ ਦੀ ਅਗਵਾਈ ਹੇਠ ਸੈਂਕੜਿਆਂ ਦੀ ਤਾਦਾਦ ਵਿਚ ਸ਼ਿਵਸੈਨਿਕਾਂ ਨੇ ਆਪ ਵਿਧਾਇਕ ਤੇ ਵਿਰੋਧੀ ਦਲ ਦੇ ਨੇਤਾ ਸੁਖਪਾਲ ਖਹਿਰਾ ਵਿਰੁਧ ਰੋਸ ਮਾਰਚ ਕਢਿਆ। ਸੁਖਪਾਲ ਖਹਿਰਾ ਵਿਰੁਧ ਜੰਮ ਕੇ ਨਾਹਰੇਬਾਜ਼ੀ ਕਰਦਾ ਹੋਇਆ ਸ਼ਿਵਸੈਨਿਕਾਂ ਦਾ ਰੋਸ ਮਾਰਚ ਫ਼ਿਰੋਜ਼ਪੁਰ ਰੋਡ ਸਥਿਤ ਫ੍ਰੈਂਡਸ ਰੀਜੈਂਸੀ ਤੋਂ ਸ਼ੁਰੂ ਹੋ ਕੇ ਡੀਸੀ ਦਫ਼ਤਰ ਜਾ ਕੇ ਸਮਾਪਤ ਹੋਇਆ।

ਡੀਸੀ ਦਫ਼ਤਰ ਵਿਚ ਸ਼ਿਵਸੈਨਿਕਾਂ ਦੇ ਸ਼ਿਸ਼ਟਮੰਡਲ ਵਲੋਂ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਧਾਨਸਭਾ ਸਪੀਕਰ ਰਾਣਾ ਕੇਪੀ ਤੇ ਡੀਜੀਪੀ ਪੰਜਾਬ ਸੁਰੇਸ਼ ਅਰੋੜਾ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਡੀਸੀ ਪ੍ਰਦੀਪ ਅਗਰਵਾਲ ਨੂੰ ਸੌਂਪੇ ਮੰਗ ਪੱਤਰ ਦੀ ਜਾਣਕਾਰੀ ਦਿੰਦਿਆਂ ਕ੍ਰਿਸ਼ਨ ਸ਼ਰਮਾ, ਸੰਜੀਵ ਦੇਮ, ਚੰਦਰਕਾਂਤ ਚੱਢਾ ਅਤੇ ਮਨੋਜ ਟਿੰਕੂ ਨੇ ਦਸਿਆ ਕਿ ਬੀਤੇ ਦਿਨੀਂ ਵਿਰੋਧੀ ਦਲ ਨੇਤਾ ਸੁਖਪਾਲ ਖਹਿਰਾ ਵਲੋਂ ਵਿਦੇਸ਼ਾਂ ਵਿਚ ਅਤਿਵਾਦੀ ਸਮਰਥਕਾਂ ਵਲੋਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਨੂੰ ਲੈ ਕੇ ਚਲਾਏ ਜਾ ਰਹੇ

ਰਿਫ਼ਰੈਂਡਮ 2020 ਨੂੰ ਸਮਰਥਨ ਦੇ ਕੇ ਜਿਥੇ ਅਪਣੀ ਘਟੀਆ ਸੋਚ ਦਾ ਸਬੂਤ ਦਿਤਾ ਹੈ, ਉਥੇ ਹੀ ਭਾਰਤੀ ਸੰਵਿਧਾਨ ਦੀ ਪ੍ਰਾਣ ਪ੍ਰਤੀਸ਼ਠਾ ਨੂੰ ਠੇਸ ਪਹੁੰਚਾਇਆ ਹੈ ਜਿਸ ਦੀ ਸ਼ਿਵਸੈਨਾ ਹਿੰਦੁਸਤਾਨ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਾਈਕਮਾਨ ਖਹਿਰਾ  ਦੇ ਬਿਆਨ 'ਤੇ ਸਫ਼ਾਈ ਦੇਣ ਦੀ ਬਜਾਏ ਦੇਸ਼ ਵਿਰੋਧੀ ਤਾਕਤਾਂ ਦੇ ਸਮਰਥਨ ਵਿਚ ਬਿਆਨ ਦੇਣ 'ਤੇ ਖਹਿਰਾ ਨੂੰ ਪਾਰਟੀ ਤੋਂ ਬਰਖਾਸਤ ਕਰੇ। ਅੰਕਿਤ ਬੱਤਰਾ, ਬੌਬੀ ਮਿੱਤਲ ਤੇ ਚੰਦਰ ਕਾਲੜਾ ਨੇ ਸੁਖਪਾਲ ਖਹਿਰਾ ਦੇ ਬਿਆਨ 'ਤੇ ਵਿਰੋਧ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਤੋੜਨ ਵਾਲੀਆਂ ਦਾ ਸਮਰਥਨ ਕਰ ਖਹਿਰਾ ਨੇ ਅਤਿਵਾਦ ਦਾ ਸੰਤਾਪ ਭੁਗਤ ਚੁੱਕੇ ਪੰਜਾਬੀਆਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਪਰੋਕਤ ਨੇਤਾਵਾਂ ਨੇ ਪੰਜਾਬ ਦੇ ਮੁੱਖ ਮੰਤਰੀ, ਸਪੀਕਰ ਤੇ ਡੀਜੀਪੀ ਤੋਂ ਮੰਗ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੁਰੰਤ ਪ੍ਰਭਾਵ ਨਾਲ ਦੇਸ਼ ਵਿਰੋਧੀਆਂ ਦਾ ਸਮਰਥਨ ਕਰਨ ਵਾਲੇ ਸੁਖਪਾਲ ਖਹਿਰਾ ਤੇ ਦੇਸ਼ ਦ੍ਰੋਹ ਦਾ ਮੁਕੱਦਮਾ ਦਰਜ ਕਰ ਕੇ ਵਿਧਾਨ ਸਭਾ ਮੈਂਬਰੀ ਰੱਦ ਕਰਦੇ ਹੋਏ ਉਸ ਦੇ ਵਿਰੋਧੀ ਪੱਖ ਦਲ ਦੇ ਨੇਤਾ ਦੇ ਅਹੁਦੇ ਨੂੰ ਖਾਰਜ ਕੀਤਾ ਜਾਵੇ।

ਉਨ੍ਹਾਂ ਵਿਦੇਸ਼ਾਂ ਵਿਚ ਪੰਜਾਬ ਵਿਰੁਘ ਲਗਾਤਾਰ ਸਾਜਸ਼ਾਂ ਰਚ ਰਹੇ ਅਤਿਵਾਦੀਆਂ ਨਾਲ ਖਹਿਰਾ ਦੇ ਸਬੰਧਾਂ ਦੀ ਗੰਭੀਰਤਾ ਨਾਲ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ। ਨੇਤਾਵਾਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੇ ਸੁਖਪਾਲ ਖਹਿਰਾ ਵਿਰੁਧ ਸਖ਼ਤੀ ਨਾਲ ਕਾਰਵਾਈ ਨਾ ਕੀਤੀ ਤਾਂ ਸ਼ਿਵਸੈਨਾ ਹਿੰਦੁਸਤਾਨ ਵੱਡੇ ਪੱਧਰ 'ਤੇ ਸੂਬੇ ਵਿਚ ਸੁਖਪਾਲ ਖਹਿਰਾ ਵਿਰੁਘ ਮੋਰਚਾ ਖੋਲ੍ਹ ਕੇ ਦੇਸ਼ ਵਿਰੋਧੀ ਤਾਕਤਾਂ ਨੂੰ ਸਬਕ ਸਿਖਾਣ ਨੂੰ ਮਜਬੂਰ ਹੋਣਗੇ।

ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਸੰਦੀਪ ਅੱਗਰਵਾਲ, ਓਮ ਕਪੂਰ, ਸਿਟੀ ਪ੍ਰਮੁੱਖ ਨਰਿੰਦਰਪਾਲ ਸਿੰਘ ਗਿੰਨੀ, ਲੀਗਲ ਸੈਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨੀਤੀਨ ਘੰਡ,ਵਪਾਰ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਅਰੋੜਾ ਰਿੰਕੂ, ਸ਼ਹਿਰੀ ਪ੍ਰਧਾਨ ਗਗਨ ਕੁਮਾਰ  ਗੱਗੀ, ਮੈਡੀਕਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਡਾ ਵੀਰੇਂਦਰ ਗੁੰਬਰ, ਮਜ਼ਦੂਰ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਸਰਵਨ ਕੁਮਾਰ, ਰਾਘਵ ਸੂਦ, ਸਾਬਕਾ ਜ਼ਿਲ੍ਹਾ ਪ੍ਰਧਾਨ ਦੀਪਕ ਪਾਸਵਾਨ, ਹੇਮੰਤ ਸਹਿਗਲ, ਅੰਕੁਸ਼ ਸੂਦ, ਪਵਨ ਵਧਵਾ, ਬਬਲੂ ਬਾਂਸਲ, ਕੇਵਲ ਸ਼ਰਮਾ, ਵਿੱਕੀ ਨਾਗਪਾਲ, ਅਮਰ ਕੁਮਾਰ, ਵਿਜੈ ਕੁਮਾਰ, ਲੱਕੀ ਸ਼ਰਮਾ, ਕ੍ਰਿਸ਼ਨ ਕੁਮਾਰ, ਵਿਜੇੰਦਰ ਸਿੰਘ, ਸੰਜੀਵ ਕਸ਼ਿਅਪ ਆਦਿ ਸ਼ਿਵਸੈਨਿਕ ਮੌਜੂਦ ਸਨ।