ਜਲੰਧਰ ਦੀ ਬਦਲੇਗੀ ਦਿੱਖ, ਮੁੱਖ ਮੰਤਰੀ ਵਲੋਂ 30 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਆਗ਼ਾਜ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ਦਾ ਵਿਆਪਕ ਪੱਧਰ ਉਤੇ ਵਿਕਾਸ ਸਰਕਾਰ ਦੇ ਏਜੰਡੇ ਉਤੇ

CM Bhagwant Mann

ਬਿਸਤ-ਦੋਆਬ ਨਹਿਰ ਵਿਚ ਨਿਰੰਤਰ ਹੋਵੇਗਾ ਪਾਣੀ ਦਾ ਵਹਾਅ

ਆਮ ਵਿਅਕਤੀ ਦੀਆਂ ਦੁੱਖ-ਤਕਲੀਫਾਂ ਘਟਾਉਣ ਦੇ ਉਦੇਸ਼ ਨਾਲ ਚਲਾਈਆਂ ਭਲਾਈ ਸਕੀਮਾਂ ਦਾ ਵਿਰੋਧ ਕਰਨ ਉਤੇ ਮੋਦੀ ਦੀ ਨਿੰਦਾ
ਜਲੰਧਰ : ਜਲੰਧਰ ਦੇ ਸਰਬਪੱਖੀ ਵਿਕਾਸ ਦਾ ਵਾਅਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਥੇ 30 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਆਗ਼ਾਜ਼ ਕਰ ਕੇ ਸ਼ਹਿਰ ਨੂੰ ਵੱਡੀ ਸੌਗਾਤ ਦਿੱਤੀ ਹੈ। ਅੱਜ ਇਥੇ 30 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਜਲੰਧਰ ਵਿਆਪਕ ਵਿਕਾਸ ਅਤੇ ਤਰੱਕੀ ਨਾਲ ਚਮਕੇਗਾ’। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਲੋਕ ਸਭਾ ਸੀਟ ਦੀ ਜਿੱਤ ਨੇ ਉਨ੍ਹਾਂ ਵਿੱਚ ਲੋਕਾਂ ਦੀ ਸੇਵਾ ਕਰਨ ਦੀ ਹੋਰ ਵੀ ਨਿਮਰ ਭਾਵਨਾ ਭਰ ਦਿਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਸ ਲੋਕ ਸਭਾ ਹਲਕੇ ਤੋਂ ਉਨ੍ਹਾਂ ਦੇ ਸੰਸਦ ਮੈਂਬਰ ਨੇ ਅਜੇ ਸਹੁੰ ਨਹੀਂ ਚੁੱਕੀ ਪਰ 100 ਕਰੋੜ ਰੁਪਏ ਦੇ ਕੰਮ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਲੰਧਰ-ਆਦਮਪੁਰ-ਹੁਸ਼ਿਆਰਪੁਰ ਸੜਕ ਦਾ ਕੰਮ ਪਹਿਲਾਂ ਹੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਭਗਵੰਤ ਮਾਨ ਨੇ ਦਸਿਆ ਕਿ ਜੰਡਿਆਲਾ-ਗੁਰਾਇਆ ਰੋਡ ਦਾ ਕੰਮ ਵੀ ਜਲਦੀ ਹੀ ਸ਼ੁਰੂ ਹੋ ਜਾਵੇਗਾ ਕਿਉਂਕਿ ਇਸ ਦੀ ਸਾਫ਼-ਸਫ਼ਾਈ ਦਾ ਕੰਮ ਹੋ ਚੁੱਕਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਅਤੇ ਖਾਸ ਤੌਰ 'ਤੇ ਜਲੰਧਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਨੇਕ ਕਾਰਜ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਸੂਬੇ ਦੀ ਤਰੱਕੀ ਨੂੰ ਹੁਲਾਰਾ ਦਿਤਾ ਜਾਵੇਗਾ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸ਼ਾਹਪੁਰ ਕੰਢੀ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਬਿਸਤ-ਦੋਆਬ ਨਹਿਰ ਨੂੰ ਪਾਣੀ ਦੇ ਵਹਾਅ ਦੇ ਸੰਕਟ ਨਾਲ ਨਹੀਂ ਜੂਝਣਾ ਪਵੇਗਾ ਅਤੇ 10,000 ਏਕੜ ਜ਼ਮੀਨ ਨਹਿਰੀ ਪਾਣੀ ਹੇਠ ਆ ਜਾਵੇਗੀ। 

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਤਿਹਾਸਕ ਪਹਿਲਕਦਮੀਆਂ ਕਰ ਕੇ ਆਮ ਲੋਕਾਂ ਦੀ ਸਹੂਲਤ ਲਈ ਅਣਥੱਕ ਉਪਰਾਲੇ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦੀ ਵੱਡੀ ਸਹੂਲਤ ਦਿਤੀ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸੂਬੇ ਭਰ ਵਿੱਚ ‘ਸਕੂਲ ਆਫ਼ ਐਮੀਨੈਂਸ’ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਫ਼ਤ ਦੇਣ ਲਈ ਸੂਬੇ ਵਿੱਚ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਯੋਗਤਾ ਦੇ ਆਧਾਰ 'ਤੇ ਨੌਜਵਾਨਾਂ ਨੂੰ 29000 ਤੋਂ ਵੱਧ ਸਰਕਾਰੀ ਨੌਕਰੀਆਂ ਦਿਤੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ: ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਨੌਜੁਆਨ ਦਾ ਕਤਲ, ਪਾਰਕ 'ਚ ਸੁੱਟੀ ਲਾਸ਼

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਪੰਜਾਬ ਸਰਕਾਰ ਨੇ ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ ਹੈ। ਉਨ੍ਹਾਂ ਕਿਹਾ ਕਿ ਸੂਬੇ ਕੋਲ ਲੋਕਾਂ ਨੂੰ ਬਿਜਲੀ ਸਪਲਾਈ ਕਰਨ ਲਈ ਕਾਫੀ ਮਾਤਰਾ ਵਿਚ ਕੋਲਾ ਮੌਜੂਦ ਹੈ ਅਤੇ ਸੂਬਾ ਸਰਕਾਰ ਕੋਲ 52 ਦਿਨਾਂ ਦਾ ਕੋਲਾ ਅਜੇ ਵੀ ਸਟਾਕ ਵਿਚ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਰੰਗਲਾ ਅਤੇ ਅਗਾਂਹਵਧੂ ਪੰਜਾਬ ਦੀ ਸਿਰਜਣਾ ਲਈ ਸਿਰਤੋੜ ਯਤਨ ਕਰ ਰਹੀ ਹੈ।

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਦਸਣ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਹਰੇਕ ਦੇਸ਼ ਵਾਸੀ ਦੇ 15 ਲੱਖ ਰੁਪਏ ਕਿਥੇ ਗਏ? ਉਨ੍ਹਾਂ ਕਿਹਾ ਕਿ ਮੋਦੀ ਨੇ ਸੱਤਾ ਹਾਸਲ ਕਰਨ ਲਈ ਇਸ ਸਿਆਸੀ ਡਰਾਮੇਬਾਜ਼ੀ ਰਾਹੀਂ ਲੋਕਾਂ ਦੇ ਅੱਖੀਂ ਘੱਟਾ ਪਾਇਆ। ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਲੋਕਾਂ ਦੀ ਭਲਾਈ ਲਈ ਪੈਸਾ ਖਰਚਣ ਉਤੇ 'ਆਪ' ਦੀ ਆਲੋਚਨਾ ਕਰ ਰਹੇ ਹਨ ਜਦਕਿ ਉਨ੍ਹਾਂ ਦੇ ਮਿੱਤਰ ਬੈਂਕਾਂ 'ਚੋਂ ਜਨਤਾ ਦਾ ਪੈਸਾ ਲੁੱਟ ਕੇ ਵਿਦੇਸ਼ ਭੱਜ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਆਮ ਵਿਅਕਤੀ ਦੇ ਹਿੱਤਾਂ ਦੇ ਵਿਰੁੱਧ ਹਨ ਜਿਸ ਕਾਰਨ ਉਨ੍ਹਾਂ ਨੇ ਆਪਣੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਲੋਕ ਪੱਖੀ ਸਕੀਮਾਂ ਸ਼ੁਰੂ ਕਰਨ ਵਾਲੇ ਆਗੂਆਂ ਨੂੰ ਬੇਵਜ੍ਹਾ ਪ੍ਰੇਸ਼ਾਨ ਕੀਤਾ ਹੋਇਆ ਹੈ।

ਇਸ ਦੀ ਮਿਸਾਲ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਜਿਨ੍ਹਾਂ ਨੇ ਸਿਖਿਆ ਦੇ ਖੇਤਰ ਵਿਚ ਕ੍ਰਾਂਤੀ ਲਿਆ ਕੇ ਆਮ ਆਦਮੀ ਨੂੰ ਲਾਭ ਪਹੁੰਚਾਇਆ, ਨੂੰ ਸਲਾਖਾਂ ਪਿੱਛੇ ਬੰਦ ਕਰ ਦਿਤਾ ਗਿਆ ਹੈ। ਇਸੇ ਤਰ੍ਹਾਂ ਭਗਵੰਤ ਮਾਨ ਨੇ ਕਿਹਾ ਕਿ ਸਿਹਤ ਖੇਤਰ ਵਿਚ ਸੁਧਾਰ ਲਿਆਉਣ ਵਾਲੇ ਇੱਕ ਹੋਰ ਆਗੂ ਸਤਿੰਦਰ ਜੈਨ ਨੂੰ ਵੀ ਜੇਲ੍ਹ ਵਿੱਚ ਬੰਦ ਕਰ ਕੇ ਪ੍ਰੇਸ਼ਾਨ ਕੀਤਾ ਗਿਆ। ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ, ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਬਾਬਾ ਬਲਬੀਰ ਸਿੰਘ ਸੀਚੇਵਾਲ, ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਤੇ ਹੋਰ ਵੀ ਹਾਜ਼ਰ ਸਨ।