Punjab News: ਸੇਵਾਮੁਕਤ DSP ਨੇ ਲਾਈਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗੋ+ਲ਼ੀ; ਮੌਕੇ ’ਤੇ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਨਸਿਕ ਪ੍ਰੇਸ਼ਾਨੀ ਨੂੰ ਮੰਨਿਆ ਜਾ ਰਿਹਾ ਕਾਰਨ

Retired DSP shot himself with a license revolver

Punjab News: ਲੁਧਿਆਣਾ ਵਿਚ ਮੰਗਲਵਾਰ ਸ਼ਾਮ ਨੂੰ ਇਕ ਸੇਵਾਮੁਕਤ ਡੀਐਸਪੀ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੇਵਾਮੁਕਤ ਡੀਐਸਪੀ ਨੇ ਅਪਣੇ ਸਿਰ ਵਿਚ ਗੋਲੀ ਮਾਰ ਲਈ। ਉਹ ਕਰੀਬ ਇਕ ਸਾਲ ਪਹਿਲਾਂ ਸੇਵਾਮੁਕਤ ਹੋਏ ਸਨ। ਦਸਿਆ ਜਾ ਰਿਹਾ ਹੈ ਕਿ ਉਹ ਮਾਨਸਿਕ ਤੌਰ 'ਤੇ ਬਿਮਾਰ ਸੀ। ਮ੍ਰਿਤਕ ਸੇਵਾਮੁਕਤ ਡੀਐਸਪੀ ਦਾ ਨਾਮ ਬਰਜਿੰਦਰ ਸਿੰਘ ਭੁੱਲਰ ਹੈ।

ਭੁੱਲਰ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਬਿਮਾਰ ਸਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਮੁਤਾਬਕ ਭੁੱਲਰ ਨੇ ਸਰਾਭਾ ਨਗਰ ਸਥਿਤ ਗ੍ਰੀਨ ਐਵੀਨਿਊ ਸਥਿਤ ਅਪਣੇ ਘਰ 'ਚ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਉਹ ਇੱਥੇ ਅਪਣੇ ਮਾਤਾ-ਪਿਤਾ ਨਾਲ ਰਹਿ ਰਿਹਾ ਸੀ, ਜਦਕਿ ਉਸ ਦੀ ਪਤਨੀ ਅਤੇ ਬੱਚੇ ਵਿਦੇਸ਼ ਰਹਿੰਦੇ ਹਨ।

ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਿਵੇਂ ਹੀ ਮਾਤਾ-ਪਿਤਾ ਉਸ ਦੇ ਕਮਰੇ 'ਚ ਪਹੁੰਚੇ ਤਾਂ ਸਾਰੇ ਹੈਰਾਨ ਰਹਿ ਗਏ। ਬਰਜਿੰਦਰ ਸਿੰਘ ਭੁੱਲਰ ਦੀ ਖੂਨ ਨਾਲ ਲੱਥਪੱਥ ਲਾਸ਼ ਕੁਰਸੀ ਦੇ ਕੋਲ ਪਈ ਸੀ। ਪਰਿਵਾਰਕ ਮੈਂਬਰਾਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੰਭਾਲਿਆ ਅਤੇ ਪੁਲਿਸ ਨੂੰ ਸੂਚਨਾ ਦਿਤੀ। ਸੂਚਨਾ ਮਿਲਣ 'ਤੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਹੈ।

ਥਾਣਾ ਸਰਾਭਾ ਨਗਰ ਦੇ ਐਸਐਚਓ ਇੰਸਪੈਕਟਰ ਪਰਮਵੀਰ ਸਿੰਘ ਨੇ ਦਸਿਆ ਕਿ ਭੁੱਲਰ ਮਾਨਸਿਕ ਤੌਰ ’ਤੇ ਬਿਮਾਰ ਸੀ। ਐੱਸਐੱਚਓ ਮੁਤਾਬਕ ਭੁੱਲਰ ਨੇ ਅਪਣੇ ਕਮਰੇ ਵਿਚ ਕੁਰਸੀ ’ਤੇ ਬੈਠ ਕੇ ਖ਼ੁਦ ਨੂੰ ਗੋਲੀ ਮਾਰ ਲਈ। ਗੋਲੀ ਦੀ ਆਵਾਜ਼ ਸੁਣ ਕੇ ਉਸ ਦੇ ਮਾਤਾ-ਪਿਤਾ ਕਮਰੇ ਵਿਚ ਚਲੇ ਗਏ ਅਤੇ ਕੁਰਸੀ 'ਤੇ ਪਈ ਉਸ ਦੀ ਲਾਸ਼ ਨੂੰ ਦੇਖ ਕੇ ਹੈਰਾਨ ਰਹਿ ਗਏ।

ਜ਼ਿਕਰਯੋਗ ਹੈ ਕਿ ਭੁੱਲਰ 3 ਭਾਰਤੀ ਰਿਜ਼ਰਵ ਬਟਾਲੀਅਨ (IRB) ਤੋਂ 2023 ਵਿਚ ਸੇਵਾਮੁਕਤ ਹੋਏ। ਉਹ ਲੁਧਿਆਣਾ ਵਿਚ ਐਸਐਚਓ ਵਜੋਂ ਵੀ ਕੰਮ ਕਰ ਚੁੱਕੇ ਹਨ। ਵਿਦੇਸ਼ ਵਿਚ ਰਹਿੰਦੇ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਸੂਚਨਾ ਦੇ ਦਿਤੀ ਗਈ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਜਾਵੇਗੀ।