ਨਵੇਂ ਬਣੇ ਹੈੱਡਮਾਸਟਰਾਂ ਦੀਆਂ ਤਰੱਕੀਆਂ ਊਠ ਦੇ ਬੁੱਲ ਵਾਂਗ ਲਟਕੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਧਿਆਪਕ ਵਰਗ ਚ ਭਾਰੀ ਰੋਸ, ਸੜਕਾਂ ਤੇ ਆਉਣ ਦੀ ਦਿੱਤੀ ਚਿਤਾਵਨੀ...

Punjab School headmasters

ਫ਼ਿਰੋਜ਼ਪੁਰ: ਪੰਜਾਬ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਸਿੱਖਿਆ ਦੇ ਰਹੇ ਮਾਸਟਰਾਂ ਤੋ ਨਵੇਂ ਬਣੇ ਹੈੱਡਮਾਸਟਰਾਂ ਨੂੰ ਜੂਨ 2019 ਚ ਲਗਭਗ 30 ਸਾਲਾਂ ਬਾਅਦ ਤਰੱਕੀ ਨਸੀਬ ਹੋਈ ਹੈ ਅਤੇ ਸਰਕਾਰ ਵੱਲੋ 220 ਦੇ ਲਗਭਗ ਹੈੱਡਮਾਸਟਰਾਂ ਨੂੰ ਮਨਪਸੰਦ ਸਟੇਸ਼ਨ ਮੂੰਹ ਜ਼ੁਬਾਨੀ ਹੀ ਵੰਡ ਦਿੱਤੇ ਗਏ, ਪਰ ਅਜੇ ਤੱਕ ਇਹ ਤਰੱਕੀਆਂ ਊਠ ਦੇ ਬੁੱਲ ਵਾਂਗ ਹੀ ਲੱਟਕ ਰਹੀਆਂ ਹਨ। ਸਰਕਾਰ ਤੇ ਸਿੱਖਿਆ ਤੰਤਰ ਉਪਰ ਵੰਨ-ਸੁਵੰਨੇ ਸਵਾਲ ਉਠਦੇ ਨਜਰ ਆ ਹਨ, ਪਰ ਸਿੱਖਿਆ ਵਿਭਾਗ ਦੇ ਕੰਨ 'ਤੇ ਫਿਰ ਵੀ ਜੂੰਅ ਨਹੀਂ ਸਰਕਦੀ। ਇਸਦਾ ਇੱਕੋ ਇੱਕ ਕਾਰਨ ਹੈ ਕਿ ਵਿਭਾਗ ਦੇ ਅੰਦਰ ਸਭ ਕੁਝ ਠੀਕ ਨਹੀ ਜਾਪ ਰਿਹਾ। 

ਸਿੱਖਿਆ ਵਿਭਾਗ ਵੱਲੋ ਅਧਿਆਪਕਾਂ ਨੂੰ ਤਰੱਕੀਆਂ ਰਿਓੜੀਆ ਦੇ ਵਾਂਗ ਵੰਡ ਦਿੱਤੀਆ ਪਰ ਜਿਨਾਂ ਅਧਿਆਪਕਾਂ ਦੀਆਂ ਤਰੱਕੀਆਂ ਵਿਭਾਗ ਦੇ ਵੱਲੋਂ ਕੀਤੀਆਂ ਗਈਆਂ ਹਨ, ਉਨਾਂ ਨੂੰ ਸਟੇਸ਼ਨ ਅਲਾਰਟ ਨਹੀਂ ਕੀਤੇ ਜਾ ਰਹੇ, ਜਿਸਦੇ ਕਾਰਨ ਅਧਿਆਪਕ ਵਰਗ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ।ਜੇਕਰ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਵਿਭਾਗ ਦਾ ਇਹ ਹਾਲ ਹੈ ਤਾਂ ਹੋਰ ਵਿਭਾਗਾਂ ਦਾ ਤਾਂ ਰੱਬ ਹੀ ਰਾਖਾ ਹੈ। ਭਾਵੇਂ ਹੀ ਸਿੱਖਿਆ ਵਿਭਾਗ ਦੇ ਵੱਲੋਂ ਨਵੇਂ-ਨਵੇਂ ਫੁਰਮਾਨ ਜਾਰੀ ਕਰਕੇ ਸਿੱਖਿਆ ਨੂੰ ਸਿੱਧੀ ਲੀਹ ਉਪਰ ਪਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਇਹ ਉਪਰਾਲੇ ਸਿਰਫ਼ ਤੇ ਸਿਰਫ਼ ਖਾਨਾਪੂਰਤੀ ਹੀ ਸਾਬਤ ਹੋ ਰਹੇ ਹਨ।

 ਜਿਕਰਯੋਗ ਹੈ ਕਿ 'ਸਪੋਕਸਮੈਨ'' ਨੂੰ ਤਾਜ਼ਾ ਜਾਣਕਾਰੀ ਮਿਲੀ ਹੈ, ਕਿ ਪਿਛਲੇ ਦਿਨੀਂ ਜਿਨਾਂ ਅਧਿਆਪਕਾਂ ਨੂੰ 30 ਸਾਲਾਂ ਬਾਅਦ ਤਰੱਕੀਆਂ ਮਿਲੀਆਂ ਸਨ, ਉਨਾਂ ਨੂੰ ਵਿਭਾਗ ਦੇ ਵੱਲੋਂ ਸਟੇਸ਼ਨਾਂ ਹੀ ਨਹੀਂ ਅਲਾਟ ਕੀਤੇ ਜਾ ਰਹੇ, ਜਿਸਦੇ ਕਾਰਨ ਅਧਿਆਪਕਾਂ ਵਿੱਚ ਕਾਫ਼ੀ ਜ਼ਿਆਦਾ ਰੋਸ ਵੇਖਣ ਨੂੰ ਮਿਲ ਰਿਹਾ ਹੈ। ਹਾਈ ਸਕੂਲਾਂ ਦੇ ਨਵੇਂ ਬਣੇ ਹੈੱਡਮਾਸਟਰ ਵੱਲੋ ਪੰਜਾਬ ਸਰਕਾਰ ਦੇ ਸੈਕੰਡਰੀ ਸਿੱਖਿਆ ਵਿਭਾਗ ਦਾ ਧੰਨਵਾਦ ਕਰਦੇ ਅਤੇ ਸਰਕਾਰ ਤੇ ਸੋਹਲੇ ਗਾਉਦੇ ਨਹੀ ਸੀ ਥੱਕ ਦੇ ਪਰ ਉਹੀ ਨਵੇਂ ਬਣੇ ਹੈੱਡਮਾਸਟਰ ਸਰਕਾਰ ਤੇ ਸਿੱਖਿਆ ਵਿਭਾਗ ਨੂੰ ਕੋਸਣ ਲੱਗੇ ਹੋਏ ਹਨ ਅਤੇ ਤਰੱਕੀਆ ਕਰਨ ਦੇ ਬਾਵਜੂਦ ਵੀ ਸਟੇਸਨ ਨਾ ਅਲਾਟ ਕਰਨ ਕਾਰਨ ਸਰਕਾਰ ਤੇ ਕਥਿਤ ਤੌਰ 'ਤੇ ਧੋਖਾ ਕਰਨ ਦੇ ਦੋਸ ਲਾ ਰਹੇ ਹਨ।

'ਰੋਜਾਨਾ ਸਪੋਕਸਮੈਨ'' ਨੂੰ ਦੁਖੜਾ ਰੋਦੇ ਹਾਈ ਸਕੂਲਾਂ ਦੇ ਨਵੇਂ ਬਣੇ ਹੈੱਡਮਾਸਟਰਾਂ ਨੇ ਦੱਸਿਆ ਕਿ ਉਨਾਂ ਨੂੰ 26 ਜੂਨ 2019 ਨੂੰ 220 ਦੇ ਲਗਭਗ ਹੈੱਡਮਾਸਟਰਾਂ ਨੂੰ ਛੁੱਟੀਆਂ ਚ ਮਨਪਸੰਦ ਸਟੇਸ਼ਨ ਮੂੰਹ ਜ਼ੁਬਾਨੀ ਹੀ ਵੰਡ ਦਿੱਤੇ ਗਏ,ਪਰ ਹੈੱਡਮਾਸਟਰਾਂ ਨੂੰ ਨਵੇਂ ਸਕੂਲਾਂ ਵਿੱਚ ਜਾਣ ਦਾ ਕੋਈ ਵੀ ਲਿਖਤੀ ਹੁਕਮ ਨਹੀਂ ਹੋਇਆ। ਸੂਤਰ ਦੱਸਦੇ ਹਨ ਕਿ ਸਿੱਖਿਆ ਮੰਤਰੀ ਸਾਹਿਬ ਸਟੇਸ਼ਨ ਅਲਾਟਮੈਂਟ ਵਾਲੀ ਫਾਈਲ 'ਤੇ ਵਿਦੇਸ਼ ਜਾਣ ਤੋਂ ਪਹਿਲਾਂ ਹੀ ਦਸਤਖਤ ਕਰ ਗਏ ਸਨ। ਪਤਾ ਨਹੀਂ ਕਿਉਂ ਇਸ ਫਾਈਲ ਨੂੰ 'ਸੈਕੰਡਰੀ ਸਿੱਖਿਆ ਵਿਭਾਗ' ਦੇ ਆਹਲਾ ਅਧਿਕਾਰੀ ਦੱਬੀ ਬੈਠੇ ਹਨ?

ਕੀ ਖਾਲੀ ਹੋਣ ਵਾਲੀਆਂ ਨਵੇਂ ਹੈੱਡਮਾਸਟਰਾਂ ਦੀਆਂ ਪੋਸਟਾਂ ਸਰਕਾਰੀ ਨਜ਼ਰ ਵਿੱਚ ਵੀਆਈਪੀ ਪੋਸਟਾਂ ਹਨ? ਜਿਨਾਂ ਨੂੰ ਸਿੱਖਿਆ ਵਿਭਾਗ ਅਜੇ ਸ਼ੋਅ ਹੀ ਨਹੀਂ ਕਰਨਾ ਚਾਹੁੰਦਾ। ਇਹ ਗੱਲ ਮੰਨਣਯੋਗ ਹੈ ਕਿ ਇਹ ਪੋਸਟਾਂ ਸ਼ਹਿਰੀ ਅਤੇ ਵੱਡੇ ਕਸਬਿਆਂ ਦੇ ਨਜ਼ਦੀਕ ਹਨ। ਆਉਣ ਵਾਲੇ ਸਮੇਂ ਵਿੱਚ ਭਾਵ ਬਦਲੀਆਂ ਤੋਂ ਬਾਅਦ, ਇਨਾਂ ਖਾਲੀ ਪੋਸਟਾਂ ਉਪਰ ਸਰਕਾਰ ਤੇ ਮਹਿਕਮਾ ਆਪਣੇ ਚਹੇਤਿਆਂ ਨੂੰ 'ਐਡਜੈਸਟ' ਕਰੇਗਾ। ਜੇ ਸਰਕਾਰ ਬਿਲਕੁਲ ਹੀ ਇਮਾਨਦਾਰ ਹੈ ਤਾਂ ਜਲਦੀ ਤੋਂ ਜਲਦੀ ਹੈੱਡਮਾਸਟਰਾਂ ਨੂੰ ਨਵੇਂ ਸਕੂਲ ਵਿੱਚ ਜੁਆਇਨ ਕਰਵਾ ਦੇਵੇ ਅਤੇ ਖਾਲੀ ਹੋਣ ਵਾਲੀਆਂ ਪੋਸਟਾਂ ਨੂੰ ਨਵੀਂ ਬਦਲੀ ਨੀਤੀ ਤਹਿਤ ਭਰ ਦੇਵੇ।

ਦੂਜੇ ਪਾਸੇ ਅਧਿਆਪਕ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਤੋਂ ਜਲਦੀ ਯਾਫਤਾ ਮੁੱਖ ਅਧਿਆਪਕ ਨੂੰ ਨਵੇਂ ਸਕੂਲਾਂ ਵਿੱਚ ਨਹੀਂ ਭੇਜਿਆ ਜਾਂਦਾ, ਤਾਂ ਇਹ ਅਧਿਆਪਕ ਵਰਗ ਸੜਕਾਂ ਤੇ ਆਉਣ ਲਈ ਮਜ਼ਬੂਰ ਹੋਣਗੇ, ਜਿਸਦੀ ਜ਼ਿੰਮੇਵਾਰੀ ਸਰਕਾਰ ਅਤੇ ਮਹਿਕਮੇ ਦੀ ਹੋਵੇਗੀ। ਦੇਖਣਾ ਹੁਣ ਇਹ ਹੋਵੇਗਾ ਕਿ ਸਰਕਾਰ ਆਖ਼ਿਰ ਕਦੋਂ ਇਨਾਂ ਅਧਿਆਪਕਾਂ ਨੂੰ ਨਵੇਂ ਸਕੂਲਾਂ ਦੇ ਵਿੱਚ ਭੇਜਦੀ ਹੈ?