ਬਾਲਾ ਅਧੀਨ ਚਿੱਤਰਕਾਰੀ ਕਰਕੇ ਸਕੂਲਾਂ ਦੇ ਹਰ ਕੋਨੇ ਨੂੰ ਚਮਕਾਇਆ ਜਾਵੇ: ਸਿੱਖਿਆ ਸਕੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਬਾਲਾ(ਬਿਲਡਿੰਗ ਐਜ ਲਰਨਿੰਗ ਏਡ)ਪ੍ਰੋਜੈਕਟ ਅਧੀਨ ਸਰਕਾਰੀ ਸਕੂਲਾਂ...

School Teacher

ਐੱਸ.ਏ.ਐੱਸ ਨਗਰ: ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਬਾਲਾ(ਬਿਲਡਿੰਗ ਐਜ ਲਰਨਿੰਗ ਏਡ)ਪ੍ਰੋਜੈਕਟ ਅਧੀਨ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਸੋਹਣੀ, ਆਕ੍ਰਸ਼ਿਤ ਅਤੇ ਸਿੱਖਿਆ ਮੁਖੀ ਦਿੱਖ ਕਿਸ ਤਰ੍ਹਾਂ ਪ੍ਰਦਾਨ ਕਰਨੀ ਹੈ ਇਸ ਬਾਰੇ ਐਜੂਸੈੱਟ ਰਾਹੀਂ ਸਰਕਾਰੀ ਸਕੂਲਾਂ ਨਾਲ ਆਨਲਾਇਨ ਮੀਟਿੰਗ ਕੀਤੀ ਗਈ।

ਸਿੱਖਿਆ ਵਿਭਾਗ ਦੇ ਬੁਲਾਰੇ ਵੱਲੋਂ ਪ੍ਰੈੱਸ ਨਾਲ਼ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਬਾਲਾ ਪ੍ਰੋਜੈਕਟ ਦੇ ਸੰਬੰਧਤ ਅਧਿਕਾਰੀ ਅਮਰਜੀਤ ਚਾਹਲ ਨੇ ਵਿਸਥਾਰ ਸਹਿਤ ਦੱਸਦਿਆਂ ਕਿਹਾ ਕਿ ਸਾਰੇ ਸਕੂਲਾਂ ਨੂੰ ਪੱਚੀ-ਪੱਚੀ ਹਜ਼ਾਰ ਰੁਪਏ ਦੀ ਰਾਸ਼ੀ ਭੇਜ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਸਕੂਲੀ ਇਮਾਰਤ ਦੇ ਹਰ ਹਿੱਸੇ ਨੂੰ ਕਿਵੇਂ ਢੁੱਕਵੀਂ ਅਤੇ ਲੋੜੀਂਦੀ ਜਾਣਕਾਰੀ ਨਾਲ਼ ਪੇਂਟ ਕਰਨਾ ਹੈ? ਪੇਂਟ ਕੀਤੀ ਗਈ ਇਬਾਰਤ ਬੱਚੇ ਦੇ ਪੱਧਰ ਅਨੁਸਾਰ ਸਰਲ, ਸਪਸ਼ਟ ਅਤੇ ਵੱਧ ਤੋਂ ਵੱਧ ਗਿਆਨ ਅਤੇ ਅੱਖਰ ਭੰਡਾਰ ਨੂੰ ਅਮੀਰ ਕਰਨ ਵਾਲੀ ਹੋਣੀ ਚਾਹੀਦੀ ਹੈ।

ਸਕੂਲਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਦੱਸਿਆ ਕਿ ਸਕੂਲ ਦੀ ਕਿਹੜੀ ਥਾਂ ਨੂੰ ਕਿਸ ਇਬਾਰਤ, ਪੇਟਿੰਗ ਲਈ ਕਿਵੇਂ ਵਰਤਣਾ ਹੈ? ਕਲਰ ਸਕੀਮ ਕਿਵੇਂ ਬਣਾਉਂਣੀ ਹੈ? ਕਲਾਸਰੂਮ ਚ ਬੋਰਡ ਕਿਹੋ ਜਿਹੇ ਹੋਣੇ ਚਾਹੀਦੇ ਹਨ? ਅਤੇ ਆਪਣੇ ਸਕੂਲ ਨੂੰ ਮੁੱਖ ਗੇਟ ਤੋਂ ਲੈ ਕੇ ਦੀਵਾਰਾਂ ਸਮੇਤ ਕਿਸ ਤਰ੍ਹਾਂ ਆਕ੍ਰਸ਼ਿਕ ਬਣਾਉਣਾ ਹੈ? ਨਵੀਂਆਂ ਬਣ ਰਹੀਆਂ ਸਕੂਲੀ ਇਮਾਰਤਾਂ ’ਚ ਬਾਲਾ ਦੇ ਕੰਮ ਦਾ ਪਹਿਲਾਂ ਤੋਂ ਹੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਇਸ ਮੌਕੇ ਡੀ.ਪੀ.ਆਈ ਐਲੀਮੈਂਟਰੀ ਇੰਦਰਜੀਤ ਸਿੰਘ ਅਤੇ ਸਿੱਖਿਆ ਅਧਿਕਾਰੀ ਸ਼ਲਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।