ਲੁਧਿਆਣਾ ਦੇ ਬੁੱਢਾ ਦਰਿਆ 'ਚ ਡੁੱਬਣ ਕਾਰਨ 2 ਨੌਜੁਆਨਾਂ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਪੈਰ ਫਿਸਲਣ ਕਾਰਨ ਵਾਪਰਿਆ ਹਾਦਸਾ

photo

 

ਲੁਧਿਆਣਾ : ਲੁਧਿਆਣਾ ਦੇ ਟਿੱਬਾ ਰੋਡ ਨੇੜੇ ਗੁਰਮੇਲ ਪਾਰਕ ਵਿਚ ਰਹਿਣ ਵਾਲੇ ਸੱਤ ਨੌਜੁਆਨ ਗਰਮੀ ਤੋਂ ਰਾਹਤ ਪਾਉਣ ਲਈ ਪਿੰਡ ਧਨਾਂਸ਼ੂ ਵਿਚ ਬੁੱਢਾ ਦਰਿਆ ਇਸ਼ਨਾਨ ਕਰਨ ਗਏ। ਇੱਥੇ ਪੈਰ ਤਿਲਕਣ ਕਾਰਨ ਦੋ ਨੌਜੁਆਨ ਪਾਣੀ ਵਿਚ ਡੁੱਬ ਗਏ। ਬਾਕੀ 5 ਦੋਸਤਾਂ ਨੇ ਡੁੱਬ ਰਹੇ ਦੋਹਾਂ ਦੋਸਤਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਨੌਜੁਆਨਾਂ ਦੀਆਂ ਚੀਕਾਂ ਸੁਣ ਕੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਆਪਣੇ ਪੱਧਰ 'ਤੇ ਡੁੱਬ ਰਹੇ ਨੌਜੁਆਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਨੌਜੁਆਨਾਂ ਦੀ ਲੋਕਾਂ ਦੇ ਸਾਹਮਣੇ ਹੀ ਮੌਤ ਹੋ ਗਈ। ਮ੍ਰਿਤਕ ਨੌਜੁਆਨਾਂ ਦੀ ਪਛਾਣ ਮੋਹਤਰਾਮ ਅਤੇ ਸਾਹਿਬ ਵਜੋਂ ਹੋਈ ਹੈ।

ਮੌਕੇ 'ਤੇ ਮੌਜੂਦ ਬਾਕੀ ਦੋਸਤਾਂ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ। ਨਾਲ ਹੀ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ।

ਮ੍ਰਿਤਕ ਮੋਹਤਰਾਮ ਦੇ ਪਿਤਾ ਮੁਸਤਕੀਮ ਸਲਮਾਨੀ ਨੇ ਦਸਿਆ ਕਿ ਉਸ ਦੀ ਸਾਲੀ ਦਾ ਲੜਕਾ ਸਾਹਿਬ ਵੀ ਉਸ ਦੇ ਨਾਲ ਰਹਿੰਦਾ ਸੀ। ਸਵੇਰੇ ਸਾਰੇ ਦੋਸਤ ਸਵੀਮਿੰਗ ਪੂਲ 'ਤੇ ਨਹਾਉਣ ਲਈ ਕਹਿ ਕੇ ਚਲੇ ਗਏ ਸਨ। ਪਤਾ ਨਹੀਂ ਕਿਵੇਂ ਸਾਰੇ ਨੌਜੁਆਨ ਇਸ਼ਨਾਨ ਕਰਨ ਧਨਾਂਸ਼ੂ ਪਹੁੰਚ ਗਏ।

ਫਿਲਹਾਲ ਲਾਸ਼ਾਂ ਨੂੰ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿਤੀਆਂ ਜਾਣਗੀਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ