ਵਿਧਾਨ ਸਭਾ ਸ਼ੈਸਨ ਦੌਰਾਨ ਮੁੱਖ ਮੰਤਰੀ ਨੂੰ ਯਾਦ ਕਰਵਾਵਾਂਗੇ ਪੈਨਸ਼ਨਰਾਂ ਨਾਲ ਕੀਤਾ ਚੋਣ ਵਾਅਦਾ : ਅਰੋੜਾ
ਭੁੱਖ ਹੜਤਾਲ 'ਤੇ ਬੈਠੇ 'ਅਸੂਲ ਮੰਚ' ਦਾ 'ਆਪ' ਆਗੂਆਂ ਨੇ ਕੀਤਾ ਸਮਰਥਨ
ਚੰਡੀਗੜ੍ਹ, 19 ਅਗਸਤ, ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਮਾਜਿਕ ਸੁਰੱਖਿਆ ਪੈਨਸ਼ਨ ਧਾਰਕ ਦੇ ਹੱਕਾਂ ਲਈ ਲੜ ਰਹੇ ਅਸੂਲ ਮੰਚ ਦਾ ਸਮਰਥਨ ਕਰਦੇ ਹੋਏ ਪੰਜਾਬ ਭਰ ਦੇ ਲਗਭਗ 30 ਲੱਖ ਪੈਨਸ਼ਨ ਧਾਰਕਾਂ ਦੀਆਂ ਮੰਗਾਂ ਪੰਜਾਬ ਵਿਧਾਨ ਸਭਾ ਦੇ ਆਗਾਮੀ ਸੈਸ਼ਨ 'ਚ ਉਠਾਉਣ ਦਾ ਭਰੋਸਾ ਦਿੱਤਾ ਹੈ।'ਆਪ' ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਮਨ ਅਰੋੜਾ ਅਤੇ ਬੁਲਾਰੇ ਨਵਦੀਪ ਸਿੰਘ ਸੰਘਾ ਨੇ ਚੰਡੀਗੜ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਅਸੂਲ ਮੰਚ ਦੇ ਆਗੂ ਪ੍ਰੋ. ਬਲਵਿੰਦਰ ਸਿੰਘ ਅਤੇ ਸਾਥੀਆਂ ਨਾਲ ਮੁਲਾਕਾਤ ਕੀਤੀ।
ਅਮਨ ਅਰੋੜਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ 'ਚ ਅਰਵਿੰਦ ਕੇਜਰੀਵਾਲ ਸਰਕਾਰ ਦੇ ਸਮਾਜਿਕ ਸੁਰੱਖਿਆ ਪੈਨਸ਼ਨ ਮਾਡਲ ਦੀ ਤਰਜ਼ 'ਤੇ ਪੰਜਾਬ 'ਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣ ਪੈਨਸ਼ਨ ਅਤੇ ਨਿਰਭਰਤਾ ਪੈਨਸ਼ਨ 750 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 2000 ਰੁਪਏ ਕਰਨ ਦਾ ਵਾਅਦਾ ਕੀਤਾ ਸੀ, ਪਰੰਤੂ ਡੇਢ ਸਾਲ ਦੇ ਕਾਰਜਕਾਲ ਦੌਰਾਨ ਇਸ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ।
ਇਸੇ ਤਰ੍ਹਾਂ ਸਰਕਾਰੀ ਨੌਕਰੀਆਂ 'ਚ ਅੰਗਹੀਣ ਦੇ ਕੋਟੇ ਤਹਿਤ ਸਾਲਾਂ ਤੋਂ ਲਟਕੇ ਆ ਰਹੇ ਬੈਕਲਾਗ ਭਰਨ ਲਈ ਵੀ ਕੋਈ ਕਦਮ ਨਹੀਂ ਉਠਾਇਆ ਗਿਆ।ਅਮਨ ਅਰੋੜਾ ਨੇ ਦੱਸਿਆ ਕਿ ਲੱਖਾਂ ਲਾਭਪਾਤਰੀਆਂ ਦੇ ਹੱਕਾਂ ਲਈ ਅਸੂਲ ਮੰਚ ਨੇ 10 ਅਗਸਤ ਨੂੰ ਹੁਸੈਨੀਵਾਲਾ ਤੋਂ ਪੰਜਾਬ ਦੇ ਪਿੰਡਾਂ 'ਚ 'ਥਾਲ ਖੜਕਾਉਣ' ਦਾ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਅਤੇ 15 ਅਗਸਤ ਤੋਂ ਚੰਡੀਗੜ੍ਹ 'ਚ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਹੈ, ਜਿਸ ਦਾ 'ਆਪ' ਵੱਲੋਂ ਸਮਰਥਨ ਕਰਦੇ ਹੋਏ ਇਹ ਮੰਗਾਂ ਵਿਧਾਨ ਸਭਾ 'ਚ ਉਠਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਕਿ ਕੈਪਟਨ ਸਰਕਾਰ ਨੂੰ ਵਾਅਦਾ ਯਾਦ ਕਰਵਾਇਆ ਜਾ ਸਕੇ।
ਨਵਦੀਪ ਸਿੰਘ ਸੰਘਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਵੀ ਭੁੱਖ ਹੜਤਾਲ 'ਤੇ ਬੈਠੇ 'ਅਸੂਲ ਮੰਚ' ਦੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਲਈ ਕੈਪਟਨ ਸਰਕਾਰ 'ਤੇ ਹਰ ਸੰਭਵ ਦਬਾਅ ਬਣਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਭੁੱਖ ਹੜਤਾਲ 'ਤੇ ਬੈਠੇ ਅਸੂਲ ਮੰਚ ਦੇ ਆਗੂਆਂ 'ਚ ਸਾਬਕਾ ਵਿਧਾਇਕ ਤਰਸੇਮ ਜੋਧਾਂ, ਸੁਰਿੰਦਰ ਕੌਰ, ਕਾਰਜ ਸਿੰਘ ਫ਼ਾਜ਼ਿਲਕਾ, ਜਗਦੀਸ਼ ਦੀਪਾ, ਜੀਤ ਸਿੰਘ ਭਗਤੂਆਣਾ, ਸ਼ਮਸ਼ੇਰ ਸਿੰਘ ਮੁੱਖ ਸੇਵਾਦਾਰ ਪ੍ਰਭ ਆਸਰਾ ਟਰੱਸਟ, ਓਮਕਾਰ ਸ਼ਰਮਾ ਘਨੌਰ, ਸਮਾਜ ਸੇਵੀ ਅਮਰਨਾਥ ਅਤੇ ਹੋਰ ਆਗੂ ਹਾਜ਼ਰ ਸਨ।