ਹੜ੍ਹ ਪ੍ਰਭਾਵਤ ਇਲਾਕਿਆਂ ਦੇ ਸਕੂਲਾਂ ਵਿਚ 26 ਅਗਸਤ ਤਕ ਛੁੱਟੀਆਂ ਦਾ ਐਲਾਨ; ਬਚਾਅ ਕਾਰਜ ਜਾਰੀ
ਪ੍ਰਸ਼ਾਸਨ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕੁੱਝ ਸਕੂਲਾਂ ਵਿਚ ਪਾਣੀ ਭਰ ਚੁੱਕਿਆ ਹੈ
ਫਿਰੋਜ਼ਪੁਰ: ਸਤਲੁਜ ਅਤੇ ਬਿਆਸ ਦਰਿਆਵਾਂ ਨੇ ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡਾਂ ਨੂੰ ਪ੍ਰਭਾਵਤ ਕੀਤਾ ਹੈ। ਹੜ੍ਹ ਦੇ ਪਾਣੀ ਕਾਰਨ ਦੋਵਾਂ ਜ਼ਿਲ੍ਹਿਆਂ ਵਿਚ ਕਈ ਪਿੰਡਾਂ ਨੂੰ ਖਾਲੀ ਕਰਵਾਇਆ ਗਿਆ। ਇਸ ਦੇ ਚਲਦਿਆਂ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ 26 ਅਗਸਤ ਤਕ ਸਕੂਲਾਂ ਵਿਚ ਛੁੱਟੀਆਂ ਐਲਾਨ ਦਿਤੀਆਂ ਹਨ। ਪ੍ਰਸ਼ਾਸਨ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕੁੱਝ ਸਕੂਲਾਂ ਵਿਚ ਪਾਣੀ ਭਰ ਚੁੱਕਿਆ ਹੈ।
Firozpur Floods
ਸੜਕਾਂ ਉਪਰ ਖੜ੍ਹੇ ਪਾਣੀ ਕਾਰਨ ਸਕੂਲ ਪਹੁੰਚਣ ਦਾ ਕੋਈ ਰਸਤਾ ਵੀ ਨਹੀਂ ਬਚਿਆ। ਇਸ ਕਾਰਨ ਇਲਾਕੇ ਦੇ ਕੁੱਝ ਸਕੂਲਾਂ ਨੂੰ 19 ਤੋਂ 26 ਅਗਸਤ ਤਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਿਲ੍ਹਾ ਮੈਜੀਸਟਰੇਟ ਰਾਜੇਸ਼ ਧੀਮਾਨ ਵਲੋਂ ਇਨ੍ਹਾਂ ਸਕੂਲਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਉਧਰ ਹੜ੍ਹ ਨਾਲ ਪ੍ਰਭਾਵਤ ਸਰਹੱਦੀ ਪਿੰਡਾਂ ਵਿਚ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਪਹਿਲਕਦਮੀ ਦੇ ਆਧਾਰ ’ਤੇ ਬਾਹਰ ਲਿਆਉਣਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ। ਇਸ਼ ਦੌਰਾਨ ਐਨ.ਡੀ.ਆਰ.ਐਫ., ਜ਼ਿਲ੍ਹਾ ਪ੍ਰਸ਼ਾਸਨ ਅਤੇ ਬੀ.ਐਸ.ਐਫ. ਦੇ ਜਵਾਨ ਸਰਹੱਦੀ ਪਿੰਡਾਂ ਦੇ ਲੋਕਾਂ ਲਈ ਮਸੀਹਾ ਸਾਬਤ ਹੋ ਰਹੇ ਹਨ।
ਦਿਨ ਹੋਵੇ ਜਾਂ ਰਾਤ ਹਰ ਸਮੇਂ ਉਹ ਪਿੰਡ ਵਾਸੀਆਂ ਦੀ ਮਦਦ ਕਰਨ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਤਿਆਰ ਦਿਖਾਈ ਦਿੰਦੇ ਹਨ। ਬੀ.ਐਸ.ਐਫ. ਦੇ ਜਵਾਨਾਂ ਨੇ ਪਿਛਲੇ 24 ਘੰਟਿਆਂ ਵਿਚ ਸਰਹੱਦੀ ਪਿੰਡਾਂ ਨਿਹਾਲਾ ਲਵੇਰਾ, ਰੁਕਨੇਵਾਲਾ, ਤਾਲੀਗਰਾਮ ਅਤੇ ਧੀਰਾਗੰਧੂ ਤੋਂ 426 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿਚ ਸਫਲਤਾ ਹਾਸਲ ਕੀਤੀ ਹੈ।
ਨੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਸਕੂਲਾਂ ਵਿਚ ਅੱਜ ਦੀ ਛੁੱਟੀ
ਇਸ ਤੋਂ ਇਲਾਵਾ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਸਬ-ਡਵੀਜ਼ਨ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਵਿਚ ਹੜ੍ਹ ਦੇ ਹਾਲਾਤ ਬਣੇ ਹੋਏ ਹਨ, ਜਿਸ ਕਾਰਨ ਇਨ੍ਹਾਂ ਪਿਡਾਂ ਦੇ ਸਕੂਲਾਂ ਵਿਚ 19 ਅਗਸਤ ਨੂੰ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।