ਖਤਰੇ ਦੇ ਨਿਸ਼ਾਨ ਤੋਂ 5 ਫੁੱਟ ਹੇਠਾਂ ਪਹੁੰਚਿਆ ਭਾਖੜਾ ਡੈਮ ਦਾ ਪਾਣੀ; ਹੜ੍ਹ ਪ੍ਰਭਾਵਤ ਇਲਾਕਿਆਂ ਨੂੰ ਲੈ ਕੇ ਰਾਹਤ ਭਰੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਾਸਪੁਰ ਦੇ ਡੀ.ਸੀ. ਨੇ ਵੀ ਦਸਿਆ ਕਿ ਪੌਂਗ ਡੈਮ ਤੋਂ ਪਾਣੀ ਦਾ ਪੱਧਰ ਘੱਟ ਗਿਆ ਹੈ

Bhakra Dam (File Photo)

 

ਚੰਡੀਗੜ੍ਹ: ਹਿਮਾਚਲ ਪ੍ਰਦੇਸ਼ 'ਚ ਪਏ ਮੀਂਹ ਕਾਰਨ ਪੰਜਾਬ ਦੇ 7 ਜ਼ਿਲ੍ਹੇ ਹੜ੍ਹ ਦੀ ਲਪੇਟ 'ਚ ਹਨ। ਇਨ੍ਹਾਂ ਵਿਚੋਂ ਹੁਸ਼ਿਆਰਪੁਰ, ਰੋਪੜ, ਤਰਨਤਾਰਨ, ਕਪੂਰਥਲਾ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਗੁਰਦਾਸਪੁਰ ਵਿਚ ਹੜ੍ਹ ਵਰਗੇ ਹਾਲਾਤ ਹਨ, ਜਿਨ੍ਹਾਂ ਵਿਚੋਂ ਗੁਰਦਾਸਪੁਰ ਦੀ ਹਾਲਤ ਸੱਭ ਤੋਂ ਨਾਜ਼ੁਕ ਬਣੀ ਹੋਈ ਹੈ। ਇਸ ਦੌਰਾਨ ਰਾਹਤ ਦੀ ਖ਼ਬਰ ਆਈ ਹੈ। ਗੁਰਦਾਸਪੁਰ ਦੇ ਡੀ.ਸੀ. ਨੇ ਦਸਿਆ ਕਿ ਪੌਂਗ ਡੈਮ ਤੋਂ ਪਾਣੀ ਦਾ ਪੱਧਰ ਘੱਟ ਗਿਆ ਹੈ, ਹੁਣ ਸਿਰਫ਼ 80 ਹਜ਼ਾਰ ਕਿਊਸਿਕ ਪਾਣੀ ਹੀ ਛੱਡਿਆ ਜਾ ਰਿਹਾ ਹੈ। ਪਿਛਲੇ ਦਿਨੀਂ ਇਸ ਡੈਮ ਤੋਂ 1.60 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ।

ਇਹ ਵੀ ਪੜ੍ਹੋ: ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣਾ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ: ਹਾਈ ਕੋਰਟ

ਦੂਜੇ ਪਾਸੇ ਭਾਖੜਾ ਡੈਮ ਵਿਚਵੀ ਪਾਣੀ ਖਤਰੇ ਦੇ ਨਿਸ਼ਾਨ ਤੋਂ 5 ਫੁੱਟ ਹੇਠਾਂ ਪਹੁੰਚ ਗਿਆ ਹੈ। ਬੀਤੇ ਦਿਨ ਪਾਣੀ ਛੱਡਣ ਤੋਂ ਬਾਅਦ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1 ਫੁੱਟ ਹੇਠਾਂ ਚਲਾ ਗਿਆ ਗਿਆ ਸੀ। ਭਾਖੜਾ ਵਿਚ ਅਗਲੇ ਤਿੰਨ ਦਿਨਾਂ ਤਕ ਪਾਣੀ ਛੱਡਿਆ ਜਾਵੇਗਾ। ਭਾਖੜਾ ਬਿਆਸ ਪ੍ਰਬੰਧਕਾਂ ਅਨੁਸਾਰ ਰੋਜ਼ਾਨਾ ਕਰੀਬ 80 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੁਲਿਸ ਕਾਂਸਟੇਬਲ ਨੂੰ ਸ਼ੱਕੀ ਹਾਲਤ ਵਿਚ ਲੱਗੀ ਗੋਲੀ, ਹਸਪਤਾਲ ਵਿਚ ਇਲਾਜ ਜਾਰੀ

ਜਾਣਕਾਰੀ ਅਨੁਸਾਰ ਭਾਖੜਾ ਦੇ ਪਾਣੀ ਦਾ ਪੱਧਰ 1675.18 ਕਿਊਸਿਕ ਤੱਕ ਪਹੁੰਚ ਗਿਆ ਹੈ। ਭਾਖੜਾ ਵਿਚ ਪਾਣੀ ਦੀ ਆਮਦ 47934 ਕਿਊਸਿਕ ਹੈ ਜਦਕਿ ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ 72632 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਵਿਚ ਸਤਲੁਜ ਦਰਿਆ ਵਿਚ 46,900 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜੋ ਕਿ ਵੱਡੀ ਰਾਹਤ ਹੈ। ਫਿਲਹਾਲ ਭਾਖੜਾ ਦਾ ਪਾਣੀ ਖ਼ਤਰੇ ਦੇ ਪੱਧਰ ਤੋਂ 5 ਫੁੱਟ ਹੇਠਾਂ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ: ਜਨਰੇਟਰ ਬੰਦ ਕਰਨ ਨੂੰ ਲੈ ਕੇ ਦੋ ਧਿਰਾਂ ’ਚ ਬਹਿਸ; ਸਿਰ ਵਿਚ ਸਰੀਆ ਮਾਰ ਕੇ ਮਜ਼ਦੂਰ ਦਾ ਕਤਲ

ਇਸ ਤੋਂ ਪਹਿਲਾਂ ਬੀਤੀ ਸ਼ਾਮ ਗੁਰਦਾਸਪੁਰ ਤੋਂ 15 ਦਿਨਾਂ ਦੀ ਬੱਚੀ ਅਤੇ ਉਸ ਦੀ ਮਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ ਗਈ। ਫੌਜ ਦੀ ਟੀਮ ਨੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਤ ਖੇਤਰ 'ਚੋਂ ਮਾਂ-ਧੀ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ। ਹੜ੍ਹ ਦੇ ਫੇਜ਼-2 'ਚ ਹੁਣ ਤਕ 5000 ਲੋਕਾਂ ਨੂੰ ਹਾਲਾਤ ਵਿਗੜਨ ਤੋਂ ਪਹਿਲਾਂ ਬਚਾ ਲਿਆ ਗਿਆ ਹੈ, ਜਦਕਿ ਹੁਣ ਤਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।