ਪੰਜਾਬ ਦੇ ਪਾਣੀਆਂ ਦਾ ਰਾਖਾ ਕੁੰਭਕਰਣੀ ਨੀਂਦ ਸੁੱਤਾ: ਬੈਂਸ
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ) ਵਲੋਂ ਜੂਨ ਵਿੱਚ ਰਾਜਸਥਾਨ ਨੂੰ 3.5 ਲੱਖ ਕਿਊਸਕ ਵਾਧੂ ਪਾਣੀ
ਲੁਧਿਆਣਾ, 19 ਸਤੰਬਰ (ਪਰਮਜੀਤ ਸਿੰਘ): ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ) ਵਲੋਂ ਜੂਨ ਵਿੱਚ ਰਾਜਸਥਾਨ ਨੂੰ 3.5 ਲੱਖ ਕਿਊਸਕ ਵਾਧੂ ਪਾਣੀ ਛੱਡੇ ਜਾਣ 'ਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਅਪਣੇ ਆਪ ਨੂੰ ਪਾਣੀਆਂ ਦਾ ਰਾਖਾ ਕਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਕੁੰਭਕਰਣੀ ਨੀਂਦ ਸੁੱਤੇ ਪਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ ਦੇ ਇਸ਼ਾਰੇ 'ਤੇ ਹੀ ਚੁੱਪੀ ਧਾਰ ਕੇ ਬੈਠੇ ਹਨ। ਵਿਧਾਇਕ ਬੈਂਸ ਅੱਜ ਆਪਣੇ ਕੋਟ ਮੰਗਲ ਸਿੰਘ ਦਫਤਰ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਵਿਧਾਇਕ ਬੈਂਸ ਨੇ ਕਿਹਾ ਕਿ ਬੀਬੀਐਮਬੀ ਵਿੱਚ ਚੇਅਰਮੈਨ ਅਤੇ ਮੈਂਬਰ ਕੇਂਦਰ ਵਲੋਂ ਨਿਯੁਕਤ ਕੀਤੇ ਜਾਂਦੇ ਹਨ ਅਤੇ ਰਾਜਸਥਾਨ ਵਿੱਚ ਆ ਰਹੀਆਂ ਅਸਬੰਲੀ ਚੋਣਾਂ ਦੇ ਮੱਦੇਨਜਰ ਭਾਜਪਾ ਦੇ ਇਸ਼ਾਰੇ 'ਤੇ ਬੀਬੀਐਮਬੀ ਦੇ ਅਧਿਕਾਰੀਆਂ ਨੇ ਪੰਜਾਬ ਦਾ ਬੇਸ਼ਕੀਮਤੀ ਪਾਣੀ ਰਾਜਸਥਾਨ ਨੂੰ ਛੱਡਿਆ। ਵਿਧਾਇਕ ਬੈਂਸ ਨੇ ਕਿਹਾ ਕਿ ਉਹ ਪਾਣੀਆਂ ਸਬੰਧੀ ਜਿੱਥੇ ਪੰਜਾਬ ਵਾਸੀਆਂ ਨੂੰ ਜਾਗਰੂਕ ਕਰਨਗੇ ਉੱਥੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਉਹ ਇਹ ਮੁੱਦਾ ਚੁੱਕਣਗੇ ਅਤੇ ਪੰਜਾਬ ਦੇ ਪਾਣੀਆਂ ਨੂੰ ਕਿਸੇ ਵੀ ਕੀਮਤ ਤੇ ਅਜਾਂਈਂ ਨਹੀਂ ਜਾਣ ਦੇਣਗੇ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਉਹ ਜਿੱਥੇ ਰਾਜਸਥਾਨ, ਦਿੱਲੀ ਅਤੇ ਹਰਿਆਣਾ ਤੋਂ ਪਾਣੀਆਂ ਦੀ ਕੀਮਤ ਵਸੂਲ ਕਰਨ ਉੱਥੇ ਪੰਜਾਬ ਤੋਂ ਵਾਧੂ ਜਾ ਰਹੇ ਪਾਣੀ ਸਬੰਧੀ ਸਪਸ਼ਟ ਕਰਨ ਕਿਉਂਕਿ ਪੰਜਾਬ ਕੋਲ ਕੋਈ ਵਾਧੂ ਪਾਣੀ ਨਹੀਂ ਹੈ। ਇਸ ਦੌਰਾਨ ਜੱਥੇਦਾਰ ਜਸਵਿੰਦਰ ਸਿੰਘ ਖਾਲਸਾ, ਮਨਿੰਦਰ ਸਿੰਘ ਮਨੀ ਵੀ ਹਾਜ਼ਰ ਸਨ।