ਪੰਜਾਬ 'ਚ 391 ਸੜਕ ਹਾਦਸਾ ਬਲੈਕ ਸਪਾਟਾਂ ਦੀ ਪਛਾਣ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

3 ਸਾਲਾਂ 'ਚ 1910 ਲੋਕਾਂ ਦੀ ਸੜਕ ਹਾਦਸਿਆਂ 'ਚ ਹੋਈ ਮੌਤ

First report on Identification and Rectification of Punjab Road Accident Black Spots

ਚੰਡੀਗੜ੍ਹ : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚਲਾਏ ਜਾ ਰਹੇ ਪ੍ਰੋਗਰਾਮ ‘ਪੰਜਾਬ ਸੜਕ ਦੁਰਘਟਨਾ ਬਲੈਕ ਸਪਾਟਸ ਦੀ ਪਛਾਣ ਅਤੇ ਸੁਧਾਰ’ ਦੀ ਪਹਿਲੀ ਰਿਪੋਰਟ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪਨੂੰ ਵਲੋਂ ਜਾਰੀ ਕੀਤੀ ਗਈ ਹੈ। ਪਨੂੰ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸੜਕ ਐਕਸੀਡੈਂਟ ਬਲੈਕ ਸਪਾਟਸ ਦੀ ਇਹ ਰਿਪੋਰਟ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਪੰਜਾਬ ਵਿਜਨ ਜ਼ੀਰੋ ਐਕਸੀਡੈਂਟ ਟੀਮ ਨੇ ਪੰਜਾਬ ਪੁਲਿਸ ਦੇ ਟ੍ਰੈਫਿਕ ਵਿਭਾਗ ਨਾਲ ਮਿਲ ਕੇ ਤਿਆਰ ਕੀਤੀ ਹੈ।

ਉਨ੍ਹਾਂ ਦਸਿਆ ਕਿ ਰਿਪੋਰਟ ਦੇ ਪਹਿਲੇ ਹਿੱਸੇ ਵਿੱਚ, ਸੂਬੇ ਭਰ ਦੇ 12 ਜ਼ਿਲਿਆਂ ਵਿੱਚ 391 ਪੰਜਾਬ ਸੜਕ ਐਕਸੀਡੈਂਟ ਬਲੈਕ ਸਪਾਟਸ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿਚੋਂ 256 (65 ਫ਼ੀਸਦੀ) ਬਲੈਕ ਸਪਾਟਸ ਪੰਜਾਬ ਦੇ ਕੌਮੀ ਰਾਜ ਮਾਰਗਾਂ ’ਤੇ, 66 (17 ਫ਼ੀਸਦੀ) ਸਪਾਟਸ ਪੰਜਾਬ ਦੀਆਂ ਲੋਕ ਨਿਰਮਾਣ ਵਿਭਾਗ ਦੀਆਂ ਸੜਕਾਂ ’ਤੇ, 42 (11 ਫ਼ੀਸਦੀ) ਸ਼ਹਿਰੀ ਸੜਕਾਂ ’ਤੇ ਅਤੇ 27 (7 ਫ਼ੀਸਦੀ) ਪੇਂਡੂ ਸੜਕਾਂ ’ਤੇ ਹਨ। ਮਿਸ਼ਨ ਡਾਇਰੈਕਟਰ ਨੇ ਕਿਹਾ ਕਿ ਇਨ੍ਹਾਂ 391 ਸੜਕ ਦੁਰਘਟਨਾ ਬਲੈਕ ਸਪਾਟਾਂ ਵਿੱਚ ਪਿਛਲੇ 3 ਸਾਲਾਂ (2016 ਤੋਂ 2018) ਦੌਰਾਨ, 2898 ਸੜਕੀ ਹਾਦਸੇ ਹੋਏ ਜਿਹਨਾਂ ਵਿੱਚ 1910 ਲੋਕ ਮਾਰੇ ਗਏ, 1401 ਲੋਕ ਗੰਭੀਰ ਰੂਪ ਵਿੱਚ ਜਖ਼ਮੀ ਹੋਏ ਤੇ 488 ਲੋਕਾਂ ਨੂੰ ਹੋਰ ਸੱਟਾਂ ਲੱਗੀਆਂ।

ਬਲੈਕ ਸਪਾਟ ਦੀ ਜ਼ਿਲਾਵਾਰ ਜਾਣਕਾਰੀ ਦਿੰਦਿਆਂ ਪਨੂੰ ਨੇ ਕਿਹਾ ਕਿ ਮੋਹਾਲੀ ਜ਼ਿਲ੍ਹੇ ਵਿਚ ਸਭ ਤੋਂ ਵੱਧ 92 ਸੜਕ ਦੁਰਘਟਨਾ ਬਲੈਕ ਸਪਾਟਾਂ ਦੀ ਪਛਾਣ ਕੀਤੀ ਗਈ ਹੈ, ਇਸ ਪਿੱਛੋਂ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਅਧਿਕਾਰ ਖੇਤਰ ਵਿਚ ਆਉਂਦੇ 91 ਬਲੈਕ ਸਪਾਟਾਂ ਦੀ ਪਛਾਣ ਕੀਤੀ ਗਈ। ਇਸ ਤੋਂ ਇਲਾਵਾ, ਅੰਮਿ੍ਰਤਸਰ ਪੁਲਿਸ (ਦਿਹਾਤੀ) ਦੇ ਅਧਿਕਾਰ ਖੇਤਰ ਵਿਚ 6, ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਅਧੀਨ 23, ਬਟਾਲਾ ਵਿਚ 9, ਗੁਰਦਾਸਪੁਰ ਵਿਚ 12, ਤਰਨਤਾਰਨ ਵਿਚ 8, ਜਲੰਧਰ ਪੁਲਿਸ ਕਮਿਸ਼ਨਰੇਟ ਅਧੀਨ 21, ਮੋਗੇ ਵਿਚ 9, ਪਟਿਆਲਾ ਵਿਚ 55, ਰੂਪਨਗਰ ਵਿਚ 30, ਸ਼ਹੀਦ ਭਗਤ ਸਿੰਘ ਨਗਰ ਵਿਚ 21, ਬਠਿੰਡਾ ਵਿਚ 8 ਅਤੇ ਸੰਗਰੂਰ ਵਿਚ 6 ਬਲੈਕ ਸਪਾਟਾਂ ਦੀ ਪਛਾਣ ਕੀਤੀ ਗਈ ਹੈ।

ਉਨ੍ਹਾਂ ਦਸਿਆ ਕਿ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਸ ਸੜਕ ਨੂੰ ਐਕਸੀਡੈਂਟ ਬਲੈਕ ਸਪਾਟ ਮੰਨਿਆਂ ਜਾਂਦਾ ਹੈ ਜਿਸ ਸੜਕ ਦੇ ਕਿਸੇ ਵੀ 500 ਮੀਟਰ ਹਿੱਸੇ ਵਿਚ ਪਿਛਲੇ 3 ਸਾਲਾਂ ਦੌਰਾਨ 5 ਤੋਂ ਵੱਧ ਹਾਦਸੇ ਵਾਪਰਦੇ ਹਨ, ਜਿਸ ਨਾਲ ਮੌਤ/ਗੰਭੀਰ ਸੱਟਾਂ ਲੱਗਣ ਜਾਂ ਅਜਿਹੀ ਥਾਂ ਜਿਥੇ ਪਿਛਲੇ 3 ਸਾਲਾਂ ਵਿਚ ਸੜਕ ਹਾਦਸਿਆਂ ਦੌਰਾਨ 10 ਵਿਅਕਤੀਆਂ ਦੀਆਂ ਜਾਨਾਂ ਗਈਆਂ ਹੋਣ।