100 ਸਾਲਾਂ 'ਚ ਅਕਾਲੀ ਦਲ ਏਨਾ ਕਮਜ਼ੋਰ ਕਦੇ ਨਹੀਂ ਸੀ ਹੋਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਪਣੇ ਰਵਾਇਤੀ ਮੂਲ ਸਿਧਾਂਤ ਨੂੰ ਵਿਸਾਰਨਾ ਅਕਾਲੀ ਦਲ ਨੂੰ ਪਿਆ ਮਹਿੰਗਾ

Sukhbir Badal And Parkash Badal

ਪਟਿਆਲਾ : ਸ੍ਰੋਮਣੀ ਅਕਾਲੀ ਦਲ ਜਿਸ ਨੂੰ ਪੰਥਕ  ਸਿਧਾਂਤ ਤੇ ਕਿਸਾਨੀ ਤੇ ਪਹਿਰਾ ਦੇਣ ਵਾਲੀ ਪਾਰਟੀ ਮੰਨਿਆ ਜਾਂਦਾ ਸੀ, ਪਰ ਅੱਜ ਇਹ ਪਾਰਟੀ ਇਕ ਪਰਵਾਰ  ਦੀ ਸੌੜੀ ਸੋਚ ਤਕ ਹੀ ਸਿਮਟ ਕੇ ਰਹਿ ਗਈ ਹੈ। ਇਸ ਦੀ ਜੋ ਸਥਿਤੀ ਇਸ ਵੇਲੇ ਸਾਹਮਣੇ ਆ ਰਹੀ ਹੈ , ਇਸ ਤੋਂ ਇਹ ਜਾਪਦਾ ਹੈ ਕਿ ਇਕ ਪ੍ਰੀਵਾਰ ਦੇ ਆਪਣੇ ਸਵਾਰਥ ਅੱਗੇ ਇਸ ਦੇ ਕੁਰਬਾਨੀ ਵਾਲੇ ਸਿਧਾਂਤ ਨੇ ਸਿਰ ਝੁਕਾ ਕੇ ਭਾਣਾ ਮੰਨ ਲਿਆ ਹੈ।

ਇਹੋ ਕਾਰਨ ਹੈ ਕਿ ਇਸ ਪਾਰਟੀ ਦੀ ਵਾਂਗਡੋਰ ਸਾਂਭਣ ਵਾਲੇ ਆਗੂਆਂ ਨੇ ਇਸ ਦੇ ਸਿਧਾਂਤਾਂ ਦਾ ਅਜੇਹਾ ਮਲੀਆਮੇਟ ਕੀਤਾ ਕਿ ਅੱਜ 'ਮੈਂ ਮਰਾਂ, ਪੰਥ ਜੀਵੇ' ਵਰਗੇ ਸਿਧਾਂਤ ਤੇ ਪਹਿਰਾ ਦੇਣ ਵਾਲਾ ਕੋਈ ਦੂਰ ਤੱਕ ਨਜ਼ਰ ਮਾਰਿਆਂ ਵੀ ਦਿਖਾਈ ਨਹੀਂ ਦੇ ਰਿਹਾ। ਅਕਾਲੀ ਦਲ ਦੇ ਪ੍ਰਧਾਨ ਨੇ ਖੇਤੀ ਆਰਡੀਨੈਂਸਾਂ ਤੇ ਵਾਰ ਵਾਰ ਆਪਣਾ ਸਟੈਂਡ ਬਦਲਕੇ ਅਕਾਲੀ ਦਲ ਦੀ ਬੇੜੀ ਨੂੰ ਇਸ ਦੇ ਪਤਨ ਵਲ ਤੋਰ ਦਿਤਾ ਹੈ।

 

ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਆਪਣਾ ਮੁਲ ਸਿਧਾਂਤ ਤਾਂ ਉਸ ਵੇਲੇ ਹੀ ਛੱਡ ਦਿੱਤਾ ਸੀ ਜਿਸ ਵੇਲੇ ਇਸ ਨੂੰ ਪੰਜਾਬੀ ਪਾਰਟੀ ਦਾ ਰੁਤਬਾ ਦਿੱਤਾ। ਅੱਜ ਵੀ ਅਕਾਲੀ ਦਲ ਦੋ ਸੰਵਿਧਾਨਾਂ ਦੇ ਮਾਮਲੇ 'ਚ ਅਦਾਲਤੀ ਚੱਕਰਵਿਊ 'ਚ ਫਸਿਆ ਹੋਇਆ ਹੈ। ਇਸ ਵਿਚ ਉਸ ਨੂੰ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਅਕਾਲੀ ਦਲ ਨੂੰ ਸਭ ਤੋਂ ਵੱਧ ਧਾਰਮਿਕ ਸੱਟ ਸੌਦਾ ਸਾਧ ਨੂੰ ਬਿਨਾਂ ਮੰਗੇ ਤਖਤਾਂ ਦੇ ਜਥੇਦਾਰਾਂ ਨੂੰ ਆਪਣੇ ਦਰਬਾਰ 'ਚ ਬੁਲਾਕੇ ਮੁਆਫੀ ਦੇਣ ਦੇ ਆਦੇਸ਼ ਨੇ ਮਾਰੀ ਹੈ ਤੇ ਉਸ ਦੋਂ ਬਾਅਦ ਗੁਰੁ ਗਰੰਥ ਸਾਹਿਬ ਦੀ ਬੇਅਦਬੀ ਨੇ ਇਸ ਦਾ ਪੰਥਕ ਚੇਹਰਾ ਅਜਿਹਾ ਬੇਨਕਾਬ ਕੀਤਾ ਕਿ ਅੱਜ ਤੱਕ ਪੰਥਕ ਸਫਾਂ ਇਸ ਦੇ ਪੈਰ ਨਹੀਂ ਲੱਗ ਸਕੇ।

ਜਿਸ ਵੇਲੇ ਅਕਾਲੀ ਆਪਣੇ ਆਪ ਨੂੰ ਸਿਆਸਤ 'ਚ ਘਿਰਦੇ ਨਜ਼ਰ ਆਏ,  ਉਸ ਵੇਲੇ ਇਨ੍ਹਾਂ ਆਪਣੇ ਬਚਾਅ ਲਈ ਅਕਾਲ ਤਖਤ ਦਾ ਸਹਾਰਾ ਲਿਆ ਤੇ ਦੂਜਿਆਂ ਨੂੰ ਫਸਾਉਣ ਲਈ ਇਨ੍ਹਾਂ ਅਸਥਾਨਾ ਦੀ ਦੁਰਵਰਤੋਂ ਕਰਨ ਤੋਂ ਗੁਰੇਜ਼ ਨਾ ਕੀਤਾ। ਇਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆਈ ਕਿ ਜਿਸ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ 1978 'ਚ ਨਿਰੰਕਾਰੀਆਂ ਵਿਰੁਧ ਅਕਾਲ ਤਖਤ ਤੋਂ ਹੁਕਮਨਾਮਾ ਕਰਵਾਇਆ, ਉਸੇ ਹੁਕਮਨਾਮੇ ਦੀ 1998 'ਚ ਉਲੰਘਣਾ ਕਰਕੇ ਜ: ਟੋਹੜਾ ਨੂੰ ਖੁਦ ਵੋਟਾਂ ਲਈ ਨਿਰੰਕਾਰੀ ਭਵਨ ਪਟਿਆਲਾ ਵਿਖੇ ਜਾਣਾ ਪਿਆ ਤੇ ਉਨ੍ਹਾਂ ਨੂੰ ਆਖਰੀ ਸਮੇਂ ਤੱਕ ਉਹ ਆਪਣੇ ਵੱਲੋਂ ਕਰਵਾਏ ਹੁਕਮਨਾਮੇ ਦੀ ਜਕੜ 'ਚੋਂ ਮੁਕਤ ਨਾ ਹੋ ਸਕੇ।

ਬਿਲਕੁਲ ਉਹੀ ਕੁੱਝ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਤੇ 2007 'ਚ ਦੁਹਰਾਇਆ ਜਦੋਂ ਮਾਲਵੇ ਅੰਦਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਿਆਂ ਸੌਦਾ ਸਾਧ ਤੋਂ ਹਮਾਇਤ ਪ੍ਰਾਪਤ ਕਰਕੇ  ਕਾਂਗਰਸ ਨੂੰ 69 'ਚੋਂ 39 ਸੀਟਾਂ ਜਿਤਾ ਕੇ ਵੀ ਪਰ ਸਰਕਾਰ ਨਾ ਬਣਾ ਸਕੇ, ਅਕਾਲੀ ਦਲ ਰਾਜ ਅੰਦਰ ਸਰਕਾਰ ਬਣਾਕੇ ਵੀ ਅੱਜ ਤੱਕ ਮਾਲਵੇ 'ਚ ਆਪਣੇ ਪੈਰ ਨਹੀਂ ਲਾ ਸਕਿਆ, ਉਸ ਵੇਲੇ ਅਕਾਲੀ ਦਲ ਨੇ ਆਪਣੀ ਸਿਆਸੀ ਜ਼ਮੀਨ ਦੀ ਮੁੜ ਪ੍ਰਾਪਤੀ ਲਈ 1978 ਦੁਹਰਾਇਆ ਤੇ  ਅਕਾਲ ਤਖਤ ਤੋਂ ਡੇਰਾ ਪ੍ਰੇਮੀਆਂ ਬਾਰੇ ਹੁਕਮਨਾਮਾ ਕਰਵਾਇਆ ਗਿਆ

ਪਰ ਬਾਅਦ 'ਚ   ਆਪਣੀ ਸਿਆਸੀ ਲਾਲਸਾ ਪੂਰੀ ਕਰਨ ਲਈ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਨੇ ਉਨ੍ਹਾਂ ਦੇ ਸਪੁਤਰ ਸੁਖਬੀਰ ਸਿੰਘ ਬਾਦਲ ਨੇ ਤਖਤਾਂ ਦੇ ਜਥੇਦਾਰਾਂ ਨੂੰ ਸਰਕਾਰੀ ਕੋਠੀ ਬੁਲਾਕੇ ਜੋ ਬਿਨਾ ਮੰਗੇ ਮੁਆਫੀ ਦਿਵਾਈ , ਪਰ ਸੰਗਤ ਨੇ ਇਸ ਨੂੰ ਪ੍ਰਵਾਨ ਨਾ ਕੀਤਾ, ਉਲਟਾ ਇਹ ਸਿਆਸੀ ਦਾਅ ਵੀ ਅਕਾਲੀ ਦਲ ਨੂੰ ਭਾਰਾ ਪੈ ਗਿਆ। ਸਿਟਾ ਇਹ ਨਿਕਲਿਆ ਕਿ 100ਵੇਂ ਸਾਲ 'ਚ ਦਾਖਿਲ ਹੋਇਆ ਅਕਾਲੀ ਦਲ 2017'ਚ  ਵਿਧਾਨ ਸਭਾ ਵਿਰੋਧੀ ਧਿਰ ਦਾ ਰੁਤਬਾ ਵੀ ਨਹੀਂ ਪ੍ਰਾਪਤ ਕਰ ਸਕਿਆ।