ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ 'ਚ ਲੋੜੀਂਦੇ ਪੁਲਿਸ ਮੁਲਾਜ਼ਮਾਂ ਦੀ ਜ਼ਮਾਨਤ 'ਤੇ ਅੱਜ ਹੋਵੇਗੀ ਸੁਣਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਿੰਨੋਂ ਕਰੀਬ ਦੋ ਹਫ਼ਤਿਆਂ ਤੋਂ ਚੱਲ ਰਹੇ ਫਰਾਰ

photo

 

ਜਲੰਧਰ: ਜਲੰਧਰ ਦੇ ਦੋ ਭਰਾਵਾਂ ਦੇ ਖੁਦਕੁਸ਼ੀ ਮਾਮਲੇ 'ਚ ਲੋੜੀਂਦੇ ਤਿੰਨ ਪੁਲਿਸ ਮੁਲਾਜ਼ਮਾਂ ਦੀ ਵੱਖ-ਵੱਖ ਜ਼ਮਾਨਤ 'ਤੇ ਅੱਜ ਸੁਣਵਾਈ ਹੋਵੇਗੀ। ਇਸ ਮਾਮਲੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਲੰਧਰ ਦੇ ਡਿਵੀਜ਼ਨ ਨੰਬਰ 1 ਥਾਣੇ ਦੇ ਸਾਬਕਾ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਨੂੰ ਬਰਖਾਸਤ ਕਰ ਦਿਤਾ ਹੈ। ਇਸ ਮਾਮਲੇ ਵਿੱਚ ਨਵਦੀਪ ਸਿੰਘ ਤੋਂ ਇਲਾਵਾ ਥਾਣਾ ਡਿਵੀਜ਼ਨ ਨੰਬਰ 1 ਦੇ ਮੁਨਸ਼ੀ ਬਲਵਿੰਦਰ ਸਿੰਘ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਹ ਤਿੰਨੋਂ ਕਰੀਬ ਦੋ ਹਫ਼ਤਿਆਂ ਤੋਂ ਫਰਾਰ ਹਨ।

ਤਿੰਨਾਂ ਨੇ ਕਪੂਰਥਲਾ ਦੇ ਵਧੀਕ ਸੈਸ਼ਨ ਜੱਜ ਅਜਾਇਬ ਸਿੰਘ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਜਿਸ 'ਤੇ ਅੱਜ, ਮੰਗਲਵਾਰ ਨੂੰ ਸੁਣਵਾਈ ਹੋਵੇਗੀ। ਮਹਿਲਾ ਕਾਂਸਟੇਬਲ ਜਗਜੀਤ ਕੌਰ ਨੇ ਸਭ ਤੋਂ ਪਹਿਲਾਂ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਉਸ ਦੀ ਦਰਖਾਸਤ ਪ੍ਰਵਾਨ ਹੋਣ ਤੋਂ ਬਾਅਦ ਬਰਖਾਸਤ ਐੱਸਐੱਚਓ ਨਵਦੀਪ ਸਿੰਘ ਅਤੇ ਏਐੱਸਆਈ ਬਲਵਿੰਦਰ ਸਿੰਘ ਨੇ ਵੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।
ਇਲਜ਼ਾਮ ਹੈ ਕਿ ਇਨ੍ਹਾਂ ਤਿੰਨਾਂ ਪੁਲਿਸ ਮੁਲਾਜ਼ਮਾਂ ਤੋਂ ਤੰਗ ਆ ਕੇ ਦੋ ਭਰਾਵਾਂ ਜਸ਼ਨਬੀਰ ਸਿੰਘ ਢਿੱਲੋਂ ਅਤੇ ਮਾਨਵਜੀਤ ਸਿੰਘ ਢਿੱਲੋਂ ਵੱਲੋਂ ਬਿਆਸ ਦਰਿਆ ਵਿੱਚ ਛਾਲ ਮਾਰ ਦਿਤੀ ਗਈ ਸੀ।

ਗੋਇੰਦਵਾਲ ਸਾਹਿਬ ਪੁਲ ਤੋਂ ਬਿਆਸ ਦਰਿਆ 'ਚ ਛਾਲ ਮਾਰਨ ਵਾਲੇ ਜਸ਼ਨਬੀਰ ਦੀ ਲਾਸ਼ ਤਾਂ ਮਿਲ ਗਈ ਹੈ ਪਰ ਉਸ ਦੇ ਵੱਡੇ ਭਰਾ ਮਾਨਵਜੀਤ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਦੋਵਾਂ ਭਰਾਵਾਂ ਦੇ ਪਿਤਾ ਨੇ ਹਾਲ ਹੀ 'ਚ ਦੋਸ਼ ਲਾਇਆ ਸੀ ਕਿ ਘਟਨਾ ਤੋਂ ਕਈ ਦਿਨ ਬਾਅਦ ਮਾਨਵਜੀਤ ਦਾ ਮੋਬਾਈਲ ਫੋਨ ਕੁਝ ਪਲਾਂ ਲਈ ਸਵਿੱਚ ਆਨ ਹੋ ਗਿਆ। ਉਸ ਨੂੰ ਸ਼ੱਕ ਹੈ ਕਿ ਐੱਸਐੱਚਓ ਨਵਦੀਪ ਸਿੰਘ ਨੇ ਉਸ ਦੇ ਲੜਕੇ 'ਤੇ ਤਸ਼ੱਦਦ ਕੀਤਾ ਹੈ।