ਬਿੱਲ ਦੀ ਕਾਪੀ ਨਾ ਮਿਲਣ ਕਰਕੇ 'ਆਪ' ਵਿਧਾਇਕਾਂ ਨੇ ਵਿਧਾਨ ਸਭਾ ਦੇ ਅੰਦਰ ਹੀ ਲਾਇਆ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿੱਲ ਦੀ ਕਾਪੀ ਮਿਲਣ ਤੱਕ ਅੰਦਰ ਹੀ ਬੈਠਾਂਗੇ- ਹਰਪਾਲ ਸਿੰਘ ਚੀਮਾ

App protest inside vidhan sabha

ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਪ੍ਰਸਤਾਵਿਤ ਬਿਲ ਪੇਸ਼ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਦੀ ਕਾਰਵਾਈ ਸਮਾਪਤ ਹੋ ਚੁੱਕੀ ਹੈ। ਸਦਨ ਦੀ ਕਾਰਵਾਈ ਕੱਲ੍ਹ ਸਵੇਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲ਼ੋਂ ਵਿਧਾਨ ਸਭਾ ਸਦਨ ਦੇ ਅੰਦਰ ਹੀ ਧਰਨਾ ਲਗਾਇਆ ਜਾ ਰਿਹਾ ਹੈ।

ਦਰਅਸਲ ਆਪ ਵਿਧਾਇਕਾਂ ਨੇ ਇਹ ਧਰਨਾ ਪ੍ਰਸਤਾਵਿਤ ਬਿੱਲ ਦੀ ਕਾਪੀ ਨਾ ਮਿਲਣ ਕਾਰਨ ਲਗਾਇਆ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਬਿੱਲ ਦੀ ਕਾਪੀ ਮਿਲਣ ਤੱਕ ਉਹ ਅੰਦਰ ਹੀ ਬੈਠੇ ਰਹਿਣਗੇ। ਉਹਨਾਂ ਕਿਹਾ ਕਿ ਬੇਸ਼ੱਕ ਉਹਨਾਂ ਨੂੰ ਰਾਤ ਕੱਟਣੀ ਪਵੇ ਪਰ ਉਹ ਬਿੱਲਾਂ ਦੀ ਕਾਪੀ ਲੈ ਕੇ ਹੀ ਉੱਠਣਗੇ।

ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਆਪ ਦਾ ਸਟੈਂਡ ਸ਼ੁਰੂ ਤੋਂ ਸਪੱਸ਼ਟ ਰਿਹਾ ਹੈ। ਜਦਕਿ ਭਾਜਪਾ ਸਰਕਾਰ, ਅਕਾਲੀ ਦਲ ਅਤੇ ਕਾਂਗਰਸ ਦੇ ਰਵੱਈਏ ਤੋਂ ਵੀ ਸਾਰੇ ਜਾਣੂ ਹਨ।  ਉਹਨਾਂ ਕਿਹਾ ਕਿ ਇੰਝ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਕਿਸਾਨੀ ਨੂੰ ਬਚਾਉਣ ਲਈ ਨਹੀਂ ਬਲਕਿ ਕਾਂਗਰਸ ਦੀ ਡੁੱਗਦੀ ਬੇੜੀ ਨੂੰ ਪਾਰ ਲਗਾਉਣ ਲਈ ਮਤਾ ਲੈ ਕੇ ਆ ਰਹੀ ਹੈ। ਆਪ ਵਿਧਾਇਕਾਂ ਨੇ ਕਿਹਾ ਕਿ ਸਿਰਫ਼ ਅੱਧੇ ਦਿਨ ਦਾ ਸੈਸ਼ਨ ਬੁਲਾ ਕੇ ਪੰਜਾਬ ਸਰਕਾਰ ਨੇ ਉਹਨਾਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਰ ਨੀਤੀ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਹੈ। 

ਇਸ ਮੌਕੇ ਆਪ ਵਿਧਾਇਕ ਅਮਨ ਅਰੋੜਾ, ਸਰਬਜੀਤ ਕੌਰ ਮਣੂਕੇ, ਜੈ ਕਿਸ਼ਨ ਸਿੰਘ, ਅਮਰਜੀਤ ਸੰਦੋਆ, ਬਲਜਿੰਦਰ ਕੌਰ, ਹਰਪਾਲ ਸਿੰਘ ਚੀਮਾ, ਕੁਲਤਾਰ ਸਿੰਘ ਸੰਧਵਾਂ ਤੋਂ ਇਲਾਵਾ ਕਈ ਆਪ ਵਿਧਾਇਕ ਮੌਜੂਦ ਸਨ। ਦੱਸ ਦਈਏ ਕਿ ਖੇਤੀ ਕਾਨੂੰਨਾਂ ਵਿਰੋਧੀ ਖਰੜਾ ਵਿਧਾਨ ਸਭਾ ਵਿਚ ਕੱਲ੍ਹ ਪੇਸ਼ ਕੀਤਾ ਜਾਵੇਗਾ। ਨਵੇਂ ਖੇਤੀ ਬਿੱਲਾਂ ਸਬੰਧੀ ਖਰੜੇ ਦੀਆਂ ਕਾਪੀਆਂ ਅੱਜ ਸ਼ਾਮ ਤੱਕ ਵਿਧਾਇਕਾਂ ਨੂੰ ਭੇਜੀਆਂ ਜਾਣਗੀਆਂ।