ਪੰਜਾਬ ਸਰਕਾਰ ਉਹ ਕਰੇਗੀ ਜਿਸ ਨਾਲ ਪੂਰੇ ਦੇਸ਼ ਦੇ ਕਿਸਾਨਾਂ ਦਾ ਭਲਾ ਹੋਵੇਗਾ - ਸੁਖਜਿੰਦਰ ਸਿੰਘ ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਦੀ ਦੀ ਸਰਕਾਰ ਕਾਰਪੋਰੇਟ ਪੱਖੀ ਖੇਤੀ ਬਿੱਲ ਲਿਆ ਕੇ ਕਿਸਾਨਾਂ ਨਾਲ ਕਿਸਾਨਾਂ ਦੀ ਪਿੱਠ ਤੇ ਛੂਰਾ ਮਾਰਿਆ

sukhjinder singh randhwa

ਚੰਡੀਗੜ੍ਹ : ਵਿਧਾਨ ਸਭਾ ਦੇ ਸੈਸ਼ਨ ਦੌਰਾਨ ਦੋ ਰੋਜ਼ਾ ਸੈਸ਼ਨ ਦੇ ਪਹਿਲੇ ਦਿਨ ਅੱਜ ਵਿਰੋਧੀ ਪਾਰਟੀਆਂ ਨੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ । ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਜਿਸ ਵਿੱਚ ਉਸ ਨੇ ਵੱਖ ਵੱਖ ਮੁੱਦਿਆਂ ਉੱਤੇ ਆਪਣੀ ਸਫਾਈ ਦਿੱਤੀ । ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰ ਰਿਹਾ ਹੈ, ਕੇਂਦਰ ਵਿਚਲੀ ਨਰਿੰਦਰ ਮੋਦੀ ਦੀ ਸਰਕਾਰ ਕਾਰਪੋਰੇਟ ਪੱਖੀ ਖੇਤੀ ਬਿੱਲ ਲਿਆ ਕੇ ਕਿਸਾਨਾਂ ਨਾਲ ਕਿਸਾਨਾਂ ਦੀ ਪਿੱਠ ਤੇ ਛੂਰਾ ਮਾਰ ਰਹੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਨਹੀਂ ਸੀ ਭੁੱਲਣਾ ਚਾਹੀਦਾ ਕਿ ਜਿੰਨਾ ਕਿਸਾਨਾਂ ਨੇ ਦੇਸ਼ ਨੂੰ ਅਨਾਜ ਸੰਕਟ ਤੋਂ ਬਾਹਰ ਕੱਢਿਆ ਅੱਜ ਮੋਦੀ ਸਰਕਾਰ ਇਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕਾਰਪੋਰੇਟਾਂ ਦੇ ਹੱਥਾਂ ਵਿੱਚ ਸੌਂਪ ਕੇ ਕਿਸਾਨਾਂ ਨੂੰ ਤਬਾਹ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਇੰਸਟੀ ਕੰਪਨੀ ਵਾਲੇ ਕਾਲੇ ਕਾਨੂੰਨਾਂ ਨੂੰ ਪਾਸ ਕਰਕੇ ਕਿਸਾਨਾਂ ‘ਤੇ ਲਾਗੂ ਕਰ ਰਹੀ ਹੈ । ਉਨ੍ਹਾਂ ਨੇ ਖੇਤੀ ਬਿੱਲ ਦਾ ਖਰੜਾ ਤਿਆਰ ਨਾ ਹੋਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤਾ ਖੇਤੀ ਬਿੱਲ ਬਾਦਲ ਸਰਕਾਰ 2013 ਵਿੱਚ ਪਹਿਲਾਂ ਹੀ ਪਾਸ ਕਰ ਚੁੱਕੀ ਹੈ ।

ਉਸ ਵਕਤ ਅਕਾਲੀ ਦਲ ਨੇ ਵਿਰੋਧੀਆਂ ਦੀਆਂ ਦਲੀਲਾਂ ਨੂੰ ਸੁਣਨ ਦੀ ਵੀ ਕੋਸ਼ਿਸ਼ ਨਹੀਂ ਕੀਤੀ । ਉਨ੍ਹਾਂ ਨੇ ਮਜੀਠੀਆ ਵੱਲੋਂ ਵਿਧਾਨ ਸਭਾ ਸੈਸ਼ਨ ਨੂੰ ਦੌਰਾਨ ਧਰਨੇ ‘ਤੇ ਬੈਠਣ ਦੇ ਸਵਾਲ ‘ਤੇ ਕਿਹਾ ਕਿ ਅਕਾਲੀ ਦਲ ਦਾ ਕਿਰਦਾਰ ਦੁਹਰੇ ਦੰਡ ਵਾਲਾ ਹੈ । ਅਕਾਲੀ ਪਹਿਲਾਂ ਬਿੱਲਾਂ ਨੂੰ ਪਾਸ ਕਰਨ ਵਾਲੇ ਖਰੜੇ ‘ਤੇ ਦਸਤਖ਼ਤ ਕੀਤੇ ਹਨ, ਤੇ ਹੁਣ ਪੰਜਾਬ ਵਿੱਚ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਹੇ ਹਨ । ਹੁਣ ਲੋਕਾਂ ਦਾ ਅਕਾਲੀ ਦਲ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ । ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਧਰਨੇ ਤੇ ਬੈਠਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਜਿਵੇਂ ਪਹਿਲਾਂ ਕਾਂਗਰਸ ਸਰਕਾਰ ਵਾਟਰ ਟਰਮੀਨੇਸ਼ਨ ਐਕਟ ਲੈ ਕੇ ਆਈ ਹੈ ਉਸ ਤਰ੍ਹਾਂ ਹੁਣ ਸਰਕਾਰ ਮਜ਼ਬੂਤ ਬਿੱਲ ਲੈ ਕੇ ਆਵੇਗੀ ।

ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦਾ ਸਪੱਸ਼ਟ ਸਟੈਂਡ ਹੈ ਕਿ ਅਸੀਂ ਕਿਸਾਨਾਂ ਨਾਲ ਖੜ੍ਹੇ ਹਾਂ ਅਸੀਂ ਕਾਰਪੋਰਟ ਘਰਾਣਿਆਂ ਨਾਲ ਨਹੀਂ ਖੜ੍ਹੇ । ਕਿਸਾਨਾਂ ਨਾਲ ਕੀਤੀ ਬੈਠਕ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਬੇਜ਼ਮੀਨੇ ਕਿਸਾਨ ਅਤੇ ਛੋਟੇ ਕਿਸਾਨਾਂ ਦਾ ਕਾਰਪੋਰੇਟ ਬੈਂਕਾਂ ਦਾ ਕਰਜ਼ਾ ਅਸੈਂਬਲੀ ਵਿੱਚ ਕਰਜ਼ਾ ਮੁਆਫ ਕਰਨ ਦਾ ਫੈਸਲਾ ਹੋ ਗਿਆ ਹੈ । ਇਸ ਵਿੱਚ 3 ਲੱਖ ਪਰਿਵਾਰਾਂ ਦਾ 560 ਕਰੋੜ ਦਾ ਕਰਜ਼ਾ ਮਾਫ ਕੀਤਾ ਜਾਵੇਗਾ । ਖੇਤੀ ਬਿੱਲਾਂ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਹ ਕਰੇਗੀ ਜਿਸ ਨਾਲ ਪੂਰੇ ਦੇਸ਼ ਦੇ ਕਿਸਾਨਾਂ ਦਾ ਭਲਾ ਹੋਵੇਗਾ । ਪੰਜਾਬ ਵੱਲੋਂ ਬਣਾਇਆ ਬਿੱਲ ਬਾਕੀ ਰਾਜਾਂ ਲਈ ਮੀਲ ਪੱਥਰ ਹੋਵੇਗਾ । ਜਿਸ ਨੂੰ ਲਾਗੂ ਕਰਨ ਬਾਅਦ ਵਿੱਚ ਬਾਕੀ ਰਾਜ ਲਾਗੂ ਕਰਨਗੇ ।