ਪਟਿਆਲਾ ਪੁਲਿਸ ਨੇ ਕਾਬੂ ਕੀਤਾ ਜਾਅਲੀ ਨੋਟ ਤਸਕਰ; 36,500 ਰੁਪਏ ਦੀ ਜਾਅਲੀ ਕਰੰਸੀ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਿਆਣਾ ਤੋਂ ਪੰਜਾਬ ਲਿਆ ਰਿਹਾ ਸੀ ਜਾਅਲੀ ਨੋਟ

Patiala police arrested fake currency smuggler




ਪਟਿਆਲਾ:  ਪਟਿਆਲਾ ਦੇ ਅਰਬਨ ਅਸਟੇਟ ਫੇਜ਼ 2 ਨੇੜਿਉਂ ਜਾਅਲੀ ਨੋਟ ਪਾਸ ਕਰਵਾਉਣ ਆਏ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਉਸ ਕੋਲੋਂ 35 ਹਜ਼ਾਰ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਹਨ। ਮੁਲਜ਼ਮ ਦੀ ਪਛਾਣ ਲਖਵਿੰਦਰ ਕੁਮਾਰ ਵਾਸੀ ਤਫਾਜਲਪੁਰਾ ਵਜੋਂ ਹੋਈ ਹੈ।

ਐਸ.ਆਈ. ਰਾਮਕਰਨ ਦੀ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਅਦਾਲਤ ਵਿਚ ਪੇਸ਼ ਕੀਤਾ। ਜਿਥੋਂ ਉਸ ਨੂੰ 2 ਦਿਨ ਦੇ ਰਿਮਾਂਡ 'ਤੇ ਲੈ ਕੇ ਪੁਛਗਿਛ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਹਰਿਆਣਾ ਤੋਂ ਨਕਲੀ ਨੋਟ ਲਿਆਉਂਦਾ ਸੀ। ਉਸ ਨੇ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿਚ 15,000 ਰੁਪਏ ਦੇ ਨਕਲੀ ਨੋਟ ਚਲਾਏ।

ਪੁਲਿਸ ਪੁਛਗਿਛ ਦੌਰਾਨ ਮੁਲਜ਼ਮ ਲਖਵਿੰਦਰ ਕੁਮਾਰ ਨੇ ਦਸਿਆ ਕਿ ਉਸ ਵਿਰੁਧ ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਉਹ ਜ਼ਮਾਨਤ 'ਤੇ ਬਾਹਰ ਆਇਆ ਹੈ। ਇਸ ਦੌਰਾਨ ਉਸ ਦੀ ਹਰਿਆਣਾ ਦੇ ਰਹਿਣ ਵਾਲੇ ਇਕ ਸਪਲਾਇਰ ਨਾਲ ਜਾਣ-ਪਛਾਣ ਹੋ ਗਈ। ਜਿਸ ਤੋਂ ਬਾਅਦ ਹਰਿਆਣਾ ਦਾ ਇਕ ਵਿਅਕਤੀ ਉਸ ਨੂੰ ਵਟਸਐਪ ਰਾਹੀਂ ਫੋਨ ਕਰ ਕੇ ਬੁਲਾਉਂਦਾ ਸੀ। ਇਸ ਵਾਰ ਲਖਵਿੰਦਰ 50 ਹਜ਼ਾਰ ਰੁਪਏ ਲੈ ਕੇ ਆਇਆ ਸੀ, ਜਿਸ ਵਿਚੋਂ 35 ਹਜ਼ਾਰ ਰੁਪਏ ਹੀ ਬਾਕੀ ਬਚੇ ਹਨ।

ਮੁਲਜ਼ਮ ਨੇ ਪੁਛਗਿਛ ਦੌਰਾਨ ਦਸਿਆ ਕਿ ਉਹ ਹਰਿਆਣਾ ਦੇ ਇਕ ਸਪਲਾਇਰ ਤੋਂ 200 ਅਤੇ 500 ਰੁਪਏ ਦੇ ਨਕਲੀ ਨੋਟ ਲਿਆਉਂਦਾ ਸੀ। ਫਿਰ ਉਹ ਜ਼ਿਆਦਾਤਰ ਪੈਟਰੋਲ ਪੰਪਾਂ ਅਤੇ ਗਲੀ-ਮੁਹੱਲਿਆਂ ਦੇ ਰੇਹੜੀ ਵਿਕਰੇਤਾਵਾਂ ਕੋਲ ਨੋਟ ਚਲਾਉਂਦਾ ਸੀ।