ਪਰਮਿੰਦਰ ਪਿੰਦੀ ਵਲੋਂ ਚਲਾਏ ਜਾ ਰਹੇ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼; 5 ਵਿਅਕਤੀ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਵਿੰਦਰ ਰਿੰਦਾ ਨਾਲ ਸਬੰਧਤ ਹੈ ਇਹ ਮਾਡਿਊਲ

Punjab Police has busted a terror module operated by Parminder Pindi



ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਪਰਮਿੰਦਰ ਪਿੰਦੀ ਵਲੋਂ ਚਲਾਏ ਜਾ ਰਹੇ ਇਕ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਨੇ ਮਾਡਿਊਲ ਵਿਰੁਧ ਕਾਰਵਾਈ ਕਰਦਿਆਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਪਾਕਿਸਤਾਨ ਵਿਚ ਰਹਿ ਰਹੇ ਅਤਿਵਾਦੀ ਹਰਵਿੰਦਰ ਰਿੰਦਾ ਦਾ ਸਮਰਥਨ ਪ੍ਰਾਪਤ ਸੀ। ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਇਹ ਮਾਡਿਊਲ ਹਥਿਆਰਾਂ ਦੇ ਜ਼ੋਰ ’ਤੇ ਸ਼ਰਾਬ ਦੇ ਠੇਕਿਆਂ ਨੂੰ ਨਿਸ਼ਾਨਾ ਬਣਾ ਕੇ ਪੰਜਾਬ ਨੂੰ ਆਰਥਕ ਪੱਖੋਂ ਕਮਜ਼ੋਰ ਕਰ ਰਿਹਾ ਸੀ।

ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਅਮਨਪ੍ਰੀਤ ਵਾਲੀਆ, ਅੰਮ੍ਰਿਤਸਰ ਦੇ ਪਿੰਡ ਮੁੱਛਲ ਦੇ ਰਮਨਬੀਰ ਸਿੰਘ ਉਰਫ ਫੌਜੀ, ਅੰਮ੍ਰਿਤਸਰ ਦੇ ਪਿੰਡ ਬੁੱਲੇਨੰਗਲ ਦੇ ਅਰਸ਼ਪ੍ਰੀਤ ਸਿੰਘ, ਅੰਮ੍ਰਿਤਸਰ ਦੇ ਬੱਲ ਸਰਾਏ ਦੇ ਹਰਮਨਪ੍ਰੀਤ ਸਿੰਘ ਅਤੇ  ਅੰਮ੍ਰਿਤਸਰ ਵਾਸੀ  ਕਿਰਨਦੀਪ ਕੌਰ  ਵਜੋਂ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਸ਼ਰਾਬ ਦੇ ਠੇਕੇਦਾਰਾਂ ਤੋਂ ਪੈਸੇ ਵਸੂਲਣ ਲਈ  ਠੇਕਿਆਂ ’ਤੇ ਹੋਈਆਂ ਅੱਗਜ਼ਨੀ ਜਾਂ ਗੋਲੀਬਾਰੀ ਦੀਆਂ ਕੁਝ ਘਟਨਾਵਾਂ ਤੋਂ ਬਾਅਦ ਜ਼ਿਲ੍ਹਾ ਬਟਾਲਾ ਦੀਆਂ ਪੁਲਿਸ ਟੀਮਾਂ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਅਤੇ ਇਨ੍ਹਾਂ ਘਟਨਾਵਾਂ ਪਿੱਛੇ ਰਮਨਬੀਰ ਸਿੰਘ ਉਰਫ਼ ਫ਼ੌਜੀ ਸਮੇਤ 11 ਮੁਲਜ਼ਮਾਂ ਦੀ ਸ਼ਨਾਖਤ ਕੀਤੀ ਹੈ।  ਉਨ੍ਹਾਂ ਕਿਹਾ ਕਿ ਲਗਭਗ 10 ਦਿਨਾਂ ਤੱਕ ਚੱਲੇ ਇਸ ਆਪ੍ਰੇਸ਼ਨ ਵਿੱਚ ਪੁਲਿਸ ਟੀਮਾਂ ਨੇ ਵੱਖ-ਵੱਖ ਥਾਵਾਂ ਤੋਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਬਟਾਲਾ ਦੀ ਐਸ.ਐਸ.ਪੀ. ਅਸ਼ਵਨੀ ਗੋਟਿਆਲ ਨੇ ਦੱਸਿਆ ਕਿ 27 ਸਤੰਬਰ ਨੂੰ ਬਟਾਲਾ ਦੇ ਸ਼ਾਸਤਰੀ ਨਗਰ ਵਿੱਚ ਇੱਕ ਸ਼ਰਾਬ ਦੇ ਠੇਕੇ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਦੀ ਘਟਨਾ ਸਾਹਮਣੇ ਆਈ ਸੀ ਅਤੇ ਇਸ ਤੋਂ ਦੋ ਦਿਨ ਬਾਅਦ ਬਟਾਲਾ ਵਿੱਚ ਹੀ ਇੱਕ ਹੋਰ ਸ਼ਰਾਬ ਦੇ ਠੇਕੇ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਦਕਿ 2 ਅਕਤੂਬਰ ਨੂੰ ਅੰਮ੍ਰਿਤਸਰ ਦਿਹਾਤੀ ਵਿਖੇ  ਸ਼ਰਾਬ ਦੇ ਠੇਕੇ ’ਤੇ ਪੰਜ ਗੋਲੀਆਂ ਚਲਾਈਆਂ ਗਈਆਂ ਸਨ।

ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਾਰੇ ਮੁਲਜ਼ਮ ਸਥਾਨਕ ਹੈਂਡਲਰ ਪਰਮਿੰਦਰ ਪਿੰਦੀ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ, ਜੋ ਸ਼ਰਾਬ ਦੇ ਠੇਕੇਦਾਰਾਂ ਤੋਂ ਅੱਤਵਾਦੀ ਫੰਡਿੰਗ ਲਈ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰ ਰਿਹਾ ਸੀ। ਉਹਨਾਂ ਨੇ ਦੱਸਿਆ ਕਿ ਇੱਕ ਦੋਸ਼ੀ ਨੇ ਪੈਸਿਆਂ ਲਈ ਸ਼ਰਾਬ ਦੇ ਠੇਕੇ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ।

ਜ਼ਿਕਰਯੋਗ ਹੈ ਇਸ ਸਬੰਧ ਵਿੱਚ ਦੋ ਮਾਮਲੇ ਜਿਨ੍ਹਾਂ ਵਿੱਚ ਆਈ.ਪੀ.ਸੀ. ਦੀ ਧਾਰਾ 436, 427 ਅਤੇ 120ਬੀ  ਤਹਿਤ ਐਫ.ਆਈ.ਆਰ ਨੰਬਰ 150 ਮਿਤੀ 27.09.2023 ਅਤੇ  ਮਿਤੀ 30.09.2023  ਐਫ.ਆਈ.ਆਰ ਨੰਬਰ 112  ਆਈ.ਪੀ.ਸੀ. ਦੀ ਧਾਰਾ 307, 436, 420ਬੀ   ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ 17, 18 ਅਤੇ 20 ਕ੍ਰਮਵਾਰ ਤਹਿਤ ਥਾਣਾ ਸਿਟੀ ਬਟਾਲਾ ਅਤੇ ਸਦਰ ਬਟਾਲਾ ਵਿਖੇ ਕੇਸ ਦਰਜ ਕੀਤੇ ਗਏ ਹਨ।