ਕੇਂਦਰੀ ਮੰਤਰੀ ਨਿਤਨ ਗਡਕਰੀ ਨੇ ਅਟਾਰੀ-ਵਾਹਘਾ ਸਰਹੱਦ ’ਤੇ ਲਹਿਰਾਇਆ 418 ਫੁੱਟ ਉੱਚਾ ਤਿਰੰਗਾ
ਮੁੱਖ ਮੰਤਰੀ ਭਗਵੰਤ ਮਾਨ ਵੀ ਰਹੇ ਮੌਜੂਦ
ਅੰਮ੍ਰਿਤਸਰ: ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਅੰਮ੍ਰਿਤਸਰ ਫੇਰੀ ਦੌਰਾਨ ਅਟਾਰੀ ਸਰਹੱਦ 'ਤੇ ਦੇਸ਼ ਦਾ ਸੱਭ ਤੋਂ ਉੱਚਾ ਤਿਰੰਗਾ ਝੰਡਾ ਲਹਿਰਾਇਆ। ਕੇਂਦਰੀ ਮੰਤਰੀ ਨੇ ਦਸਿਆ ਕਿ ਸਰਹੱਦ 'ਤੇ ਲਗਾਇਆ ਗਿਆ ਇਹ ਤਿਰੰਗਾ ਵਿਸ਼ੇਸ਼ ਨਿਗਰਾਨੀ ਤਕਨੀਕ ਨਾਲ ਲੈਸ ਹੈ। ਇਸ ਦੇ ਉੱਪਰ ਇਕ ਸਿਸਟਮ ਲਗਾਇਆ ਗਿਆ ਹੈ, ਜੋ ਸਰਹੱਦ 'ਤੇ ਸਾਡੇ ਸੈਨਿਕਾਂ ਦੀ ਨਿਗਰਾਨੀ ਕਰਨ ਵਿਚ ਮਦਦ ਕਰੇਗਾ।
Union minister Nitin Gadkari hoists highest tricolor at Attari-Wagah border
ਅਟਾਰੀ ਸਰਹੱਦ 'ਤੇ ਲਗਾਇਆ ਗਿਆ ਇਹ ਤਿਰੰਗਾ ਗੁਆਂਢੀ ਦੇਸ਼ ਪਾਕਿਸਤਾਨ ਦੇ ਝੰਡੇ ਤੋਂ 18 ਫੁੱਟ ਉੱਚਾ ਹੈ। ਇਸ ਤੋਂ ਪਹਿਲਾਂ ਭਾਰਤੀ ਤਿਰੰਗੇ ਦੇ ਖੰਭੇ ਦੀ ਉਚਾਈ 360 ਫੁੱਟ ਸੀ, ਜਦਕਿ ਪਾਕਿਸਤਾਨੀ ਝੰਡੇ ਦੇ ਖੰਭੇ ਦੀ ਉਚਾਈ 400 ਫੁੱਟ ਸੀ। ਹੁਣ ਗੋਲਡਨ ਗੇਟ ਦੇ ਸਾਹਮਣੇ ਤਿਆਰ ਕੀਤੇ ਗਏ 418 ਫੁੱਟ ਲੰਬੇ ਝੰਡੇ ਦੇ ਖੰਭੇ 'ਤੇ ਭਾਰਤ ਦਾ ਤਿਰੰਗਾ ਲਹਿਰਾ ਰਿਹਾ ਹੈ। ਇਹ ਫਲੈਗ ਪੋਲ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਵਲੋਂ 3.5 ਕਰੋੜ ਰੁਪਏ ਵਿਚ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਕਰਨਾਟਕ ਦੇ ਬੇਲਗਾਮ 'ਚ ਦੇਸ਼ ਦਾ ਸੱਭ ਤੋਂ ਉੱਚਾ 360.8 ਫੁੱਟ ਦਾ ਝੰਡਾ ਲਹਿਰਾਇਆ ਗਿਆ ਸੀ। ਹੁਣ ਅਟਾਰੀ ਸਰਹੱਦ 'ਤੇ ਦੇਸ਼ ਦਾ ਸੱਭ ਤੋਂ ਉੱਚਾ ਤਿਰੰਗਾ ਝੰਡਾ 418 ਫੁੱਟ ਉੱਚਾ ਹੋ ਗਿਆ ਹੈ।
Union minister Nitin Gadkari hoists highest tricolor at Attari-Wagah border
ਕੇਂਦਰੀ ਮੰਤਰੀ ਵੀਰਵਾਰ ਦੁਪਹਿਰ ਨੂੰ ਅੰਮ੍ਰਿਤਸਰ ਪਹੁੰਚੇ ਸਨ। ਉਨ੍ਹਾਂ ਦਾ ਹਵਾਈ ਅੱਡੇ 'ਤੇ ਪੰਜਾਬ ਦੇ ਮੰਤਰੀਆਂ ਕੁਲਦੀਪ ਧਾਲੀਵਾਲ ਅਤੇ ਹਰਭਜਨ ਸਿੰਘ ਈ.ਟੀ.ਓ. ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਇਥੋਂ ਸਿੱਧਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਰਵਾਨਾ ਹੋਏ। ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ-ਕਟੜਾ ਨੈਸ਼ਨਲ ਹਾਈਵੇ ਦਾ ਦੌਰਾ ਕੀਤਾ ਅਤੇ ਪ੍ਰਾਜੈਕਟ ਦੀ ਸਮੀਖਿਆ ਕੀਤੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਕਈ ਮੰਤਰੀ ਵੀ ਮੌਜੂਦ ਰਹੇ।
ਨਿਤਿਨ ਗਡਕਰੀ ਨੇ ਪੰਜਾਬ ਵਿਚ ਚੱਲ ਰਹੇ ਹਾਈਵੇਅ ਪ੍ਰਾਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਦਰਮਿਆਨ ਪੈਦਾ ਹੋਏ ਪਾਣੀ ਦੇ ਵਿਵਾਦ ਦਾ ਹੱਲ ਵੀ ਦਸਿਆ ਹੈ। ਗਡਕਰੀ ਨੇ ਕਿਹਾ ਕਿ ਭਾਰਤ ਵਿਚ ਪਾਣੀ ਦੀ ਬਹੁਤਾਤ ਹੈ। ਆਜ਼ਾਦੀ ਤੋਂ ਬਾਅਦ ਭਾਰਤ ਦੇ ਹਿੱਸੇ ਵਿਚ ਤਿੰਨ ਅਤੇ ਪਾਕਿਸਤਾਨ ਦੇ ਹਿੱਸੇ ਵਿਚ ਤਿੰਨ ਦਰਿਆ ਸਨ ਪਰ ਅੱਜ ਤਕ ਭਾਰਤ ਦੇ ਹਿੱਸੇ ਦਾ ਪਾਣੀ ਪਾਕਿਸਤਾਨ ਵਿਚ ਪਹੁੰਚ ਰਿਹਾ ਹੈ। ਜੇਕਰ ਅਸੀਂ ਉਸ ਪਾਣੀ ਨੂੰ ਚੈਨਲਾਈਜ਼ ਕਰਦੇ ਹਾਂ ਤਾਂ ਅਸੀਂ ਹਰਿਆਣਾ ਦੇ ਨਾਲ-ਨਾਲ ਰਾਜਸਥਾਨ ਨੂੰ ਵੀ ਪਾਣੀ ਮੁਹੱਈਆ ਕਰਵਾ ਸਕਦੇ ਹਾਂ।
CM Bhagwant Mann and Nitin Gadkari reviews progress of Delhi Amritsar Katra Greenfield Expressway
ਇਸ ਦੌਰਾਨ ਉਨ੍ਹਾਂ ਅੰਮ੍ਰਿਤਸਰ, ਪੰਜਾਬ ਲਈ ਰੋਪਵੇਅ ਦਾ ਐਲਾਨ ਵੀ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਹਮੇਸ਼ਾ ਭਵਿੱਖ ਲਈ ਯੋਜਨਾ ਬਣਾਉਣ ਦੀ ਸਲਾਹ ਦਿਤੀ ਹੈ। ਕਿਸਾਨ ਅੱਜ ਪਰਾਲੀ ਸਾੜਦੇ ਹਨ, ਪਰ ਆਉਣ ਵਾਲੇ ਸਮੇਂ ਵਿਚ ਪਰਾਲੀ ਨੂੰ ਲੈ ਕੇ ਲੜਾਈਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਉਹ ਜੋ ਵੀ ਕਹਿੰਦੇ ਹਨ, ਸੋਚ ਕੇ ਕਹਿੰਦੇ ਹਨ। ਇਸ ਪਰਾਲੀ ਤੋਂ ਈਥਾਨੌਲ ਤਿਆਰ ਕੀਤਾ ਜਾ ਸਕਦਾ ਹੈ
CM Bhagwant Mann and Nitin Gadkari reviews progress of Delhi Amritsar Katra Greenfield Expressway
ਪੰਜਾਬ ਲਈ ਮਹੱਤਵਪੂਰਨ ਪ੍ਰਾਜੈਕਟ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪੰਜਾਬ ਵਿਚ 29,000 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਗਰੀਨ ਫੀਲਡ ਅਤੇ ਆਰਥਿਕ ਗਲਿਆਰੇ ਬਣਾਏ ਜਾ ਰਹੇ ਹਨ। 669 ਕਿਲੋਮੀਟਰ ਲੰਬਾ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨ ਫੀਲਡ ਐਕਸਪ੍ਰੈਸਵੇਅ 40,000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਸ ਦੇ ਨਿਰਮਾਣ ਨਾਲ ਦਿੱਲੀ ਤੋਂ ਅੰਮ੍ਰਿਤਸਰ 4 ਘੰਟੇ ਵਿਚ ਅਤੇ ਕਟੜਾ ਤੋਂ 6 ਘੰਟੇ ਵਿਚ ਪਹੁੰਚਿਆ ਜਾ ਸਕਦਾ ਹੈ। ਫਿਲਹਾਲ ਦਿੱਲੀ ਤੋਂ ਕਟੜਾ ਦੀ ਦੂਰੀ 727 ਕਿਲੋਮੀਟਰ ਹੈ, ਇਸ ਮਾਰਗ ਦੇ ਬਣਨ ਨਾਲ ਇਹ ਦੂਰੀ 58 ਕਿਲੋਮੀਟਰ ਘੱਟ ਜਾਵੇਗੀ।
CM Bhagwant Mann and Nitin Gadkari reviews progress of Delhi Amritsar Katra Greenfield Expressway
ਦਿੱਲੀ ਦੇ ਕੇਐਮਪੀ ਤੋਂ ਸ਼ੁਰੂ ਹੋ ਕੇ ਇਹ ਐਕਸਪ੍ਰੈਸਵੇਅ ਹਰਿਆਣਾ ਵਿਚ 137 ਕਿਲੋਮੀਟਰ ਤਕ ਬਣਾਇਆ ਜਾ ਰਿਹਾ ਹੈ। ਪੰਜਾਬ ਵਿਚ ਇਸ ਐਕਸਪ੍ਰੈਸ ਵੇਅ ਦੀ ਲੰਬਾਈ 399 ਕਿਲੋਮੀਟਰ ਹੈ, ਜਿਸ ਵਿਚੋਂ 296 ਕਿਲੋਮੀਟਰ ’ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਜੰਮੂ-ਕਸ਼ਮੀਰ 'ਚ ਐਕਸਪ੍ਰੈੱਸ ਵੇਅ ਦੀ ਲੰਬਾਈ 135 ਕਿਲੋਮੀਟਰ ਹੈ, ਜਿਸ 'ਚੋਂ 120 ਕਿਲੋਮੀਟਰ 'ਤੇ ਕੰਮ ਚੱਲ ਰਿਹਾ ਹੈ। ਪੰਜਾਬ ਵਿਚ, ਇਹ ਐਕਸਪ੍ਰੈਸਵੇਅ ਪਟਿਆਲਾ, ਸੰਗਰੂਰ, ਮਲੇਰਕੋਟਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਗੁਰਦਾਸਪੁਰ ਵਰਗੇ ਉਦਯੋਗਿਕ ਖੇਤਰਾਂ ਵਿਚੋਂ ਲੰਘੇਗਾ।