ਗ੍ਰਨੇਡ ਹਮਲੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ, ਸੂਹ ਦੇਣ ਵਾਲੇ ਨੂੰ 50 ਲੱਖ ਦਾ ਇਨਾਮ
ਅੰਮ੍ਰਿਤਸਰ ਜਿਲ੍ਹੇ ਦੇ ਰਾਜਾਸਾਂਸੀ ਖੇਤਰ ਦੇ ਅਦਲੀਵਾਲ ਪਿੰਡ ਵਿਚ ਐਤਵਾਰ ਨੂੰ ਅਤਿਵਾਦੀ ਹਮਲੇ ਦੇ ਮਾਮਲੇ ਵਿਚ ਸੀਸੀਟੀਵੀ ...
ਅੰਮ੍ਰਿਤਸਰ (ਪੀਟੀਆਈ) : ਅੰਮ੍ਰਿਤਸਰ ਜਿਲ੍ਹੇ ਦੇ ਰਾਜਾਸਾਂਸੀ ਖੇਤਰ ਦੇ ਅਦਲੀਵਾਲ ਪਿੰਡ ਵਿਚ ਐਤਵਾਰ ਨੂੰ ਅਤਿਵਾਦੀ ਹਮਲੇ ਦੇ ਮਾਮਲੇ ਵਿਚ ਸੀਸੀਟੀਵੀ ਫੁਟੇਜ ਵਿਚ ਹਮਲਾਵਰਾਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ। ਪੁਲਿਸ ਨੇ ਇਹ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਅਤੇ ਐਨਆਈਏ ਨੇ ਵੀ ਮੋਰਚਾ ਸੰਭਾਲ ਲਿਆ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਮਲਾਵਰਾਂ ਅਤੇ ਹਮਲੇ ਵਿਚ ਸ਼ਾਮਲ ਸ਼ੱਕੀਆਂ ਦੀ ਗ੍ਰਿਫ਼ਤਾਰੀ ਲਈ 50 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਉਹਨਾਂ ਨੇ ਕਿਹਾ ਕਿ ਇਸ ਬਾਰੇ ਜਾਣਕਾਰੀ ਪੰਜਾਬ ਪੁਲਿਸ ਦੇ ਹੈਲਪਲਾਈਨ ਨੰਬਰ 181 ਉਤੇ ਦਿੱਤੀ ਜਾ ਸਕਦੀ ਹੈ। ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਐਤਵਾਰ ਨੂੰ ਇਥੇ ਨਿਰੰਕਾਰੀ ਭਵਨ ਵਿਚ ਚਲ ਰਹੇ ਸਤਿਸੰਗ ਉਤੇ ਗ੍ਰਨੇਡ ਸੁੱਟਿਆ ਗਿਆ ਸੀ। ਇਸ ਨਾਲ ਹੋਏ ਧਮਾਕੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਰੀਬ 20 ਲੋਕ ਜ਼ਖ਼ਮੀ ਹੋ ਗਏ। ਹਮਲੇ ਵਿਚ ਪਾਕਿਸਤਾਨੀ ਅਤੇ ਕਸ਼ਮੀਰੀ ਅਤਿਵਾਦੀਆਂ ਦਾ ਹੱਥ ਹੋਣ ਦਾ ਸ਼ੱਕ ਦੱਸਿਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਤਿੰਨ ਨੌਜਵਾਨ ਸਤਿਸੰਗ ਅਧੀਨ ਉਥੇ ਪਹੁੰਚੇ ਅਤੇ ਗ੍ਰਨੇਡ ਸੁੱਟ ਦਿਤਾ।
ਇਹ ਮੰਚ ਦੇ ਕੋਲ ਹੀ ਫਟ ਗਿਆ। ਪੰਜਾਬ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਅਸੀਂ ਇਸ ਨੂੰ ਅਤਿਵਾਦੀ ਹਮਲਾ ਮੰਨ ਰਹੇ ਹਾਂ। ਹੋਰ ਪਹਿਲੂਆਂ ‘ਤੇ ਵੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਜਾਂਚ ਲਈ ਜੰਮੂ-ਕਸ਼ਮੀਰ ਤੋਂ ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀ ਟੀਮ ਵੀ ਅੰਮ੍ਰਿਤਸਰ ਪਹੁੰਚ ਗਈ ਹੈ। ਟੀਮ ਦੇ ਮੈਂਬਰ ਦੇਰ ਰਾਤ ਘਟਨਾ ਸਥਾਨ ਉਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿਤੀ। ਟੀਮ ਵਿਚ ਪਠਾਨਕੋਟ ਏਅਰਬੇਸ ਉਤੇ ਹੋਏ ਅਤਿਵਾਦੀ ਹਮਲੇ ਦੀ ਜਾਂਚ ਕਰਨ ਵਾਲੇ ਮੈਂਬਰ ਵੀ ਸ਼ਾਮਲ ਹਨ, ਤਾਂਕਿ ਅਤਿਵਾਦੀ ਹਮਲਿਆਂ ਵਿਚ ਆਪਸੀ ਸੰਬੰਧ ਲੱਭਿਆ ਜਾ ਸਕੇ।
ਟੀਮ ਮੁੱਖ ਰੂਪ ਤੋਂ ਇਸ ਗੱਲ ਦੀ ਜਾਂਚ ਕਰੇਗੀ ਕਿ ਹਮਲੇ ਵਿਚ ਇਸਤੇਮਾਲ ਕੀਤੇ ਗਏ ਗ੍ਰਨੇਡ ਵਿਚ ਕਿਸ ਪ੍ਰਕਾਰ ਦੇ ਵਿਸਫੋਟਕ ਪਦਾਰਥ ਦਾ ਇਸਤੇਮਾਲ ਕੀਤਾ ਗਿਆ ਹੈ। ਐਨ.ਆਈ.ਏ ਦੀ ਟੀਮ ਵਿਚ ਵਿਸਫੋਟਕ ਮਾਹਰ ਵੀ ਸ਼ਾਮਲ ਹਨ। ਟੀਮ ਨੇ ਪੰਜਾਬ ਦੇ ਡੀਜੀਪੀ ਅਤੇ ਡੀਜੀ (ਇੰਟੈਲੀਜੈਂਸ) ਦੇ ਨਾਲ ਵੀ ਪੂਰੀ ਘਟਨਾ ਉਤੇ ਵਿਚਾਰ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਹਮਲੇ ਵਿਚ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ.ਐਸ.ਆਈ ਦੇ ਸ਼ਾਮਲ ਹੋਣ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ ਹੈ।
ਹਮਲੇ ਵਿਚ ਆਈ.ਐਸ.ਆਈ ਦੀ ਸ਼ੈਅ ਉਤੇ ਖਾਲੀਸਤਾਨੀ ਅਤੇ ਕਸ਼ਮੀਰੀ ਅਤਿਵਾਦੀ ਗਰੁੱਪਾਂ ਦੇ ਹੱਥ ਹੋਣ ਸ਼ੱਕ ਹੈ। ਉਹਨਾਂ ਨੇ ਕਿਹਾ ਕਿ ਇਸ ਦੀ ਸਾਰੀਆਂ ਸੰਭਾਵਨਾਵਾਂ ਅਤੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਟੀਮਾਂ ਅਤਿਵਾਦੀਆਂ ਅਤੇ ਹਮਲਾ ਕਰਨ ਵਾਲਿਆਂ ਦੇ ਸੰਭਾਵਿਤ ਠਿਕਾਣਿਆਂ ਉਤੇ ਵੀ ਛਾਪੇਮਾਰੀ ਕਰ ਰਹੀ ਹੈ। ਇਸ ਨਿਰੰਕਾਰੀ ਭਵਨ ਵਿਚ ਐਤਵਾਰ ਨੂੰ ਜਦੋਂ ਸਵੇਰੇ ਸਤਿਸੰਗ ਰੋ ਰਿਹਾ ਸੀ ਤਾਂ ਤਿੰਨ ਨੌਜਵਾਨ ਮੋਟਰਸਾਇਕਲ ਉਤੇ ਆਏ। ਉਹਨਾਂ ਨੇ ਸਤਿਸੰਗ ਸਥਾਨ ਦੇ ਕੋਲ ਮੋਟਰਸਾਇਕਲ ਰੋਕਿਆ ਅਤੇ ਅੰਦਰ ਦਾਖਲ ਹੋ ਗਏ। ਉਹ ਮੰਚ ਦੇ ਕੋਲ ਪਹੁੰਚੇ ਅਤੇ ਉਥੇ ਗ੍ਰਨੇਡ ਸੁੱਟਿਆ ਅਤੇ ਭੱਜਣ ਲੱਗੇ।
ਉਥੇ ਤਾਇਨਾਤ ਸੇਵਾਦਾਰਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਭੱਜਣ ਵਿਚ ਸਫਲ ਰਹੇ। ਧਮਾਕੇ ਤੋਂ ਬਾਅਦ ਉਥੇ ਹਫੜਾ-ਦਫੜੀ ਮਚ ਗਈ। ਮਾਰੇ ਗਏ ਲੋਕਾਂ ਦੀ ਪਹਿਚਾਣ ਸੁਖਦੇਵ ਸਿੰਘ, ਕੁਲਦੀਪ ਅਤੇ ਸੰਦੀਪ ਸਿੰਘ ਦੇ ਰੂਪ ਵਿਚ ਹੋਈ ਹੈ। ਘਟਨਾ ਤੋਂ ਬਾਅਦ ਪੰਜਾਬ ਵਿਚ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ। ਗੁਆਂਢੀ ਰਾਜਾਂ ਵਿਚ ਵੀ ਅਲਰਟ ਜਾਰੀ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਹਮਲੇ ਲਈ ਜਿੰਮੇਵਾਰ ਦੋਸ਼ੀ ਬਖ਼ਸ਼ੇ ਨਹੀਂ ਜਾਣਗੇ। ਪੰਜਾਬ ਸਰਕਾਰ ਨੇ ਘਟਨਾ ਵਿਚ ਮਾਰੇ ਗਏ ਲੋਕਾਂ ਦੇ ਪਰਵਾਰਾਂ ਨੂੰ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੰਬ ਧਮਕੇ ਵਿਚ ਮਾਰੇ ਗਏ ਲੋਕਾਂ ਦੇ ਪਰਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। ਇਸ ਧਮਾਕੇ ਵਿਚ ਅਤਿਵਾਦੀਆਂ ਦੇ ਹੱਥ ਹੋਣ ਦਾ ਸ਼ੱਕ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਰਹੱਦ ਪਾਰ ਤੋਂ ਛੇ-ਸੱਤ ਅਤਿਵਾਦੀਆਂ ਦੇ ਪੰਜਾਬ ਵਿਚ ਦਾਖਲ ਹੋਣ ਦੀ ਖ਼ਬਰ ਵੀ ਚੱਲ ਰਹੀ ਸੀ। ਧਮਾਕੇ ਵਿਚ ਕਸ਼ਮੀਰੀ ਅਤਿਵਾਦੀ ਜਾਕਿਰ ਮੁਸਾ ਦੇ ਹੱਥ ਹੋਣ ਦਾ ਸ਼ੱਕ ਹੈ। ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਅਤੇ ਜਾਂਚ ਸ਼ੁਰੂ ਕਰ ਦਿਤੀ ਹੈ।