ਅਦਲੀਵਾਲ ਗ੍ਰੇਨੇਡ ਹਮਲੇ 'ਚ ਪਾਕਿਸਤਾਨ ਦੀ ਸ਼ਮੂਲੀਅਤ : ਕੈਪਟਨ ਅਮਰਿੰਦਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਨਿਰੰਕਾਰੀ ਭਵਨ ਵਿਖੇ ਹੋਏ ਗ੍ਰੇਨੇਡ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਲਗਦੀ ਹੈ

CM Punjab's Visit at Hospital

ਅੰਮ੍ਰਿਤਸਰ  ( ਸ.ਸ.ਸ. ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਨਿਰੰਕਾਰੀ ਭਵਨ ਵਿਖੇ ਹੋਏ ਗ੍ਰੇਨੇਡ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਲਗਦੀ ਹੈ ਅਤੇ ਮੁਢਲੀ ਜਾਂਚ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਮਲੇ ਵਿੱਚ ਵਰਤਿਆ ਗਿਆ ਗ੍ਰੇਨੇਡ ਪਾਕਿਸਤਾਨ ਦੀ ਆਰਮੀ ਆਰਡੀਨੈਂਸ ਫੈਕਟਰੀ ਵਿੱਚ ਤਿਆਰ ਕੀਤੇ ਜਾਂਦੇ ਗ੍ਰੇਨੇਡਾਂ ਵਰਗਾ ਹੈ। ਸਥਿਤੀ ਦਾ ਜਾਇਜ਼ਾ ਲੈਣ ਵਾਸਤੇ

ਅਪਣੇ ਕੈਬਨਿਟ ਸਾਥੀ ਅਤੇ ਅੰਮ੍ਰਿਤਸਰ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਅਤੇ ਪੀ.ਪੀ.ਸੀ.ਸੀ. ਦੇ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਚੰਡੀਗੜ੍ਹ ਤੋਂ ਇੱਥੇ ਪਹੁੰਚੇ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਮਹੀਨੇ ਪੰਜਾਬ ਪੁਲਿਸ ਵੱਲੋਂ ਖ਼ਤਮ ਕੀਤੇ ਗਏ ਅੱਤਵਾਦੀ ਗਿਰੋਹ ਤੋਂ ਪ੍ਰਾਪਤ ਹੋਇਆ ਐਚ.ਈ.-84 ਗ੍ਰੇਨੇਡ ਬਿਲਕੁਲ ਇਸੇ ਤਰ੍ਹਾਂ ਦਾ ਹੀ ਹੈ ਜਿਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਸਰਹੱਦੋਂ ਪਾਰ ਦੀਆਂ ਦੋਖੀ ਸ਼ਕਤੀਆਂ ਦੀ ਇਸ ਵਿੱਚ ਸ਼ਮੂਲੀਅਤ ਦੀ ਬਹੁਤ ਜਿਆਦਾ ਸੰਭਾਵਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੁਢਲੇ ਰੂਪ ਵਿੱਚ ਇਹ ਅੱਤਵਾਦੀ ਕਾਰਾ ਵੱਖਵਾਦੀ ਸ਼ਕਤੀਆਂ

ਵੱਲੋਂ ਕੀਤੇ ਹੋਣ ਦੀ ਗੱਲ ਸਾਹਮਣੇ ਆਈ ਹੈ ਜਿਨ੍ਹਾਂ ਨੇ ਇਹ ਕਾਰਾ ਪਾਕਿਸਤਾਨ ਦੀ ਆਈ.ਐਸ.ਆਈ. ਜਾਂ ਕਸ਼ਮੀਰੀ ਅੱਤਵਾਦੀਆਂ ਦੀ ਸ਼ਮੂਲੀਅਤ ਨਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਇਸ ਵੱਲੋਂ ਸਾਰੇ ਪੱਖਾਂ ਤੋਂ  ਪੂਰੀ ਸਰਗਰਮੀ ਨਾਲ ਜਾਂਚ ਪੜਤਾਲ ਕਰਾਈ ਜਾ ਰਹੀ ਹੈ। ਘਟਨਾ ਵਾਲੇ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਮਲਾਵਰਾਂ ਬਾਰੇ ਅਜਿਹੀ ਸੂਚਨਾ ਦੇਣ ਵਾਲੇ ਨੂੰ 50 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਜਿਸ ਨਾਲ ਉਨ੍ਹਾਂ ਦੀ ਗ੍ਰਿਫ਼ਤਾਰੀ ਹੋ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਾਂਚ-ਪੜਤਾਲ ਦੇ ਕੰਮ ਵਿੱਚ ਐਨ.ਆਈ.ਏ. ਵੱਲੋਂ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਪੱਖਾਂ ਦਾ ਪੁਲਿਸ ਨੇ ਪਤਾ ਲਾ ਲਿਆ ਹੈ ਅਤੇ ਕੁਝ ਹੋਰਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਹਮਲੇ ਨੂੰ 1978 ਦੇ ਨਿਰੰਕਾਰੀ ਵਿਵਾਦ ਦੇ ਨਾਲ ਨਹੀਂ ਮੇਲਿਆ ਜਾਣਾ ਚਾਹੀਦਾ ਕਿਉਂਕਿ ਉਹ ਇਕ ਧਾਰਮਿਕ ਮਾਮਲਾ ਸੀ

ਜਦ ਕਿ ਅਦਲੀਵਾਲ ਘਟਨਾ ਪੂਰੀ ਤਰ੍ਹਾਂ ਅੱਤਵਾਦੀ ਮਾਮਲਾ ਹੈ। 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਵਿਖੇ ਸੰਤ ਨਿਰੰਕਾਰੀ ਮਿਸ਼ਨ ਅਤੇ ਰਿਵਾਇਤੀ ਸਿੱਖਾਂ ਵਿੱਚ ਹਿੰਸਾ ਕਾਰਨ 13 ਵਿਅਕਤੀ ਮਾਰੇ ਗਏ ਸਨ। ਜਿਸ ਤੋਂ ਬਾਅਦ ਸੂਬੇ ਵਿੱਚ ਲਗਾਤਾਰ ਅੱਤਵਾਦੀ ਘਟਨਾਵਾਂ ਵਾਪਰੀਆਂ। ਮੁੱਖ ਮੰਤਰੀ ਨੇ ਕਿਹਾ ਕਿ ਮੁਢਲੀ ਜਾਂਚ-ਪੜਤਾਲ ਅਨੁਸਾਰ ਕਲ ਦੀ ਘਟਨਾ ਵਿੱਚ ਕੋਈ ਵੀ ਧਾਰਮਿਕ ਪੱਖ ਨਹੀਂ ਹੈ। ਸੂਬੇ ਵਿੱਚ ਅੱਤਵਾਦ ਦੀ ਪੁਨਰਸੁਰਜੀਤੀ ਬਾਰੇ ਨਿਰੰਕਾਰੀ ਭਵਨ 'ਤੇ ਹੋਏ ਅੱਤਵਾਦੀ ਹਮਲੇ ਨੂੰ ਫ਼ੌਜ ਦੇ ਮੁਖੀ ਵੱਲੋਂ ਕਰਵਾਏ ਹੋਣ ਦੇ ਐਚ.ਐਸ.ਫੂਲਕਾ ਵੱਲੋਂ ਲਾਏ ਗਏ ਦੋਸ਼ ਦੇ ਸਬੰਧ ਵਿੱਚ ਮੁੱਖ ਮੰਤਰੀ

ਨੇ ਕਿਹਾ ਕਿ ਲਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਆਗੂ ਸਪਸ਼ਟ ਤੌਰ 'ਤੇ 'ਅਸਥਿਰ' ਹੈ। ਨਿਰੰਕਾਰੀ ਭਵਨ 'ਤੇ ਗ੍ਰੇਨੇਡ ਦੇ ਹਮਲੇ ਦੇ ਸੰਦਰਭ ਵਿੱਚ ਮੌਕੇ 'ਤੇ ਜਾ ਕੇ ਪਤਾ ਲਾਉਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਮਾਨਸਿਕ ਅਸਥਿਰਤਾ ਦਾ ਸ਼ਿਕਾਰ  ਹੀ ਕੋਈ ਵਿਅਕਤੀ ਅਜਿਹਾ ਬੇਤੁਕਾ ਬਿਆਨ ਦੇ ਸਕਦਾ ਹੈ। ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਪਹਿਲਾਂ ਹੀ ਅਤਿ ਚੌਕਸੀ ਲਾਗੂ ਹੈ। ਪ੍ਰਮੁੱਖ ਇਮਾਰਤਾਂ ਅਤੇ ਹੋਰ ਜਨਤੱਕ ਥਾਵਾਂ ਦੁਆਲੇ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ। ਸਾਰੇ ਜ਼ਿਲ੍ਹਿਆਂ ਵਿੱਚ ਪੁਲਿਸ ਨਾਕੇ ਲਾਏ ਗਏ ਹਨ

ਅਤੇ ਸ਼ੱਕੀ ਵਸਤਾਂ/ਸਰਗਰਮੀਆਂ ਦੀ ਭਾਲ ਲਈ ਪੁਲਿਸ ਪਾਰਟੀਆਂ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਾਰੀਆਂ ਰਣਨੀਤਕ ਥਾਵਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ। ਜਖ਼ਮੀਆਂ ਦਾ ਹਾਲਚਾਲ ਪੁੱਛਣ ਲਈ ਆਈ.ਵੀ. ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਮਾਰੇ ਗਏ ਵਿਅਕਤੀਆਂ ਦੇ ਸਬੰਧੀਆਂ ਨੂੰ ਨੌਕਰੀ ਅਤੇ ਜਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਣ ਕੀਤਾ। ਸੀਨੀਅਰ ਪੁਲਿਸ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਨਾਲ ਇੱਥੇ ਪਹੁੰਚੇ ਮੁੱਖ ਮੰਤਰੀ ਨੇ ਹਮਲੇ ਵਾਲੀ ਥਾਂ ਦਾ ਦੌਰਾ ਕੀਤਾ

ਅਤੇ ਉਸ ਸਥਾਨ ਦਾ ਜਾਇਜ਼ਾ ਲਿਆ ਜਿੱਥੇ ਦੋ ਵਿਅਕਤੀਆਂ ਨੇ ਗ੍ਰੇਨੇਡ ਸੁੱਟਿਆ ਸੀ। ਢਕੇ ਹੋਏ ਚਿਹਰੇ ਅਤੇ ਪਸਤੌਲ ਨਾਲ ਲੈਸ ਇਹ ਵਿਅਕਤੀ ਸਿਵਲ ਗਾਰਡ ਨੂੰ ਪਸਤੌਲ ਦੀ ਨੌਕ 'ਤੇ ਬੰਦੀ ਬਨਾਉਣ ਤੋਂ ਬਾਅਦ ਭਵਨ ਵਿੱਚ ਦਾਖ਼ਲ ਹੋਏ। ਉਨ੍ਹਾਂ ਨੇ ਪ੍ਰਾਥਨਾ ਵਾਲੇ ਕਮਰੇ ਵਿੱਚ ਗ੍ਰੇਨੇਡ ਸੁੱਟਿਆ ਜਿਸ ਨਾਲ ਤਿੰਨ ਵਿਅਕਤੀ ਮਾਰੇ ਗਏ ਅਤੇ 15 ਜਖ਼ਮੀ ਹੋ ਗਏ। ਇਸ ਤੋਂ ਪਹਿਲਾਂ ਇੱਥੇ ਪਹੁੰਚਣ 'ਤੇ ਗ੍ਰਹਿ ਸਕੱਤਰ ਐਨ.ਐਸ. ਕਲਸੀ, ਡੀ.ਜੀ.ਪੀ. ਸੁਰੇਸ਼ ਅਰੋੜਾ ਅਤੇ ਡੀ.ਸੀ. ਕਮਲਦੀਪ ਸੰਘਾ ਨੇ ਮੁੱਖ ਮੰਤਰੀ ਨੂੰ ਜਾਂਚ-ਪੜਤਾਲ ਅਤੇ ਹੋਰ ਪੱਖਾਂ ਦੀ ਜਾਣਕਾਰੀ ਦਿੱਤੀ।

ਮੁੱਖ ਮੰਤਰੀ ਨਾਲ ਕੈਬਨਿਟ ਮੰਤਰੀ ਓ.ਪੀ. ਸੋਨੀ ਅਤੇ ਸੁਖ ਸਰਕਾਰੀਆ, ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ, ਵਿਧਾਇਕ ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਧਰਮਵੀਰ ਅਗਨੀਹੋਤਰੀ ਅਤੇ ਹਰਪ੍ਰਤਾਪ ਅਜਨਾਲਾ ਹਾਜ਼ਰ ਸਨ।