ਸਤਲੁਜ ਦੇ ਪਾਣੀ ਨੂੰ ਪਾਕਿ ਜਾਣੋਂ ਰੋਕੇਗਾ ਭਾਰਤ, ਪਾਣੀ ਨੂੰ ਰੋਕਣ ਲਈ ਗੇਟ ਬਦਲਣ ਦਾ ਕੰਮ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਸਤਲੁਜ ਦਰਿਆ ਦੇ ਪਾਣੀ ਦੀ ਇਕ ਬੂੰਦ ਵੀ ਪਾਕਿਸਤਾਨ ਵਿਚ ਨਹੀਂ ਜਾਣ ਦਿਤੀ ਜਾਵੇਗੀ,ਜੀ ਹਾਂ,ਭਾਰਤ ਨੇ ਸਤਲੁਜ ਦਰਿਆ ....

Canal Gate

ਚੰਡੀਗੜ੍ਹ (ਸ.ਸ.ਸ) : ਹੁਣ ਸਤਲੁਜ ਦਰਿਆ ਦੇ ਪਾਣੀ ਦੀ ਇਕ ਬੂੰਦ ਵੀ ਪਾਕਿਸਤਾਨ ਵਿਚ ਨਹੀਂ ਜਾਣ ਦਿਤੀ ਜਾਵੇਗੀ,ਜੀ ਹਾਂ,ਭਾਰਤ ਨੇ ਸਤਲੁਜ ਦਰਿਆ ਵਿਚੋਂ ਲੀਕੇਜ ਦੇ ਰੂਪ ਵਿਚ ਰੋਜ਼ਾਨਾ ਪਾਕਿਸਤਾਨ ਵੱਲ ਜਾ ਰਹੇ ਹਜ਼ਾਰਾਂ ਕਿਊਸਿਕ ਪਾਣੀ ਨੂੰ ਰੋਕਣ ਲਈ ਹੁਸੈਨੀਵਾਲਾ ਹੈੱਡ 'ਤੇ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ। ਇਸ ਕੰਮ ਨੂੰ ਮੁਕੰਮਲ ਕਰਨ ਲਈ ਸਰਕਾਰ ਨੇ ਨਹਿਰੀ ਵਿਭਾਗ ਨੂੰ ਜਨਵਰੀ 2019 ਤੱਕ ਦਾ ਟੀਚਾ ਦਿਤਾ ਹੈ। ਜਿਸ ਦੇ ਤਹਿਤ 12 ਨਵੰਬਰ ਤੋਂ ਹੀ ਹੈੱਡ ਦੇ ਗੇਟਾਂ ਦੀ ਮੁਰੰਮਤ ਅਤੇ ਪੁਰਾਣੇ ਹੋ ਚੁੱਕੇ ਗੇਟਾਂ ਨੂੰ ਬਦਲਣ ਦਾ ਕੰਮ ਸ਼ੁਰੂ ਹੋ ਗਿਆ ਹੈ।

ਇਨ੍ਹਾਂ ਗੇਟਾਂ ਦੀ ਮੁਰੰਮਤ ਹੋਣ ਨਾਲ ਬਚਾਏ ਗਏ ਪਾਣੀ ਨੂੰ ਪੰਜਾਬ ਦੀਆਂ ਨਹਿਰਾਂ ਵਿਚ ਪਾਇਆ ਜਾਵੇਗਾ। ਇਸ ਨਾਲ ਜਿੱਥੇ ਖੇਤਰ ਵਿਚ ਧਰਤੀ ਹੇਠਲੇ ਡਿਗ ਰਹੇ ਪਾਣੀ ਦੇ ਪੱਧਰ ਤੋਂ ਰਾਹਤ ਮਿਲੇਗੀ। ਉਥੇ ਹੀ ਦਰਿਆ ਕੰਢੇ ਖੇਤੀ ਕਰਨ ਵਾਲੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਵੀ ਸੌਖ ਨਾਲ ਪਾਣੀ ਉਪਲੱਬਧ ਹੋ ਸਕੇਗਾ। ਹਾਲਾਂਕਿ ਹੁਸੈਨੀਵਾਲਾ ਹੈੱਡ ਤੋਂ ਪਹਿਲਾਂ ਬਸਤੀ ਰਾਮ ਲਾਲ ਤੋਂ ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਵਿਚ ਵਹਿਣ ਵਾਲੀ ਸਤਲੁਜ ਦਰਿਆ ਦੀ ਦੂਜੀ ਧਾਰਾ ਨਾਲ ਪਹਿਲਾਂ ਦੀ ਤਰ੍ਹਾਂ ਹੁਣ ਵੀ ਲਗਭੱਗ ਸਾਢੇ ਤਿੰਨ ਲੱਖ ਹੈਕਟੇਅਰ ਭੂਮੀ ਦੀ ਸਿੰਚਾਈ ਹੋਵੇਗੀ।

 

ਹੁਸੈਨੀਵਾਲਾ ਹੈੱਡ ਵਰਕਸ ਦੇ ਜੇਈ ਸੁਸ਼ੀਲ ਕੁਮਾਰ ਅਨੁਸਾਰ ਮੁਰੰਮਤ ਕਾਰਜ 'ਤੇ ਢਾਈ ਤੋਂ ਤਿੰਨ ਕਰੋੜ ਰੁਪਏ ਦੇ ਕਰੀਬ ਖ਼ਰਚ ਆਉਣ ਦਾ ਅਨੁਮਾਨ ਹੈ ਅਤੇ ਇਹ ਰਾਸ਼ੀ ਸਰਕਾਰ ਵਲੋਂ ਜਾਰੀ ਕਰ ਦਿਤੀ ਗਈ ਹੈ। ਲੋੜ ਪੈਣ 'ਤੇ ਹੋਰ ਨਾਬਾਰਡ ਤੋਂ ਹੋਰ ਰਾਸ਼ੀ ਵੀ ਉਪਲਬਧ ਕਰਵਾਈ ਜਾਵੇਗੀ। 
ਪਿਛਲੇ ਕੁੱਝ ਸਾਲਾਂ ਤੋਂ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਗਿਰਾਵਟ ਵੱਲ ਗਿਆ ਹੈ...ਜਿਸ ਨਾਲ ਸੂਬੇ ਵਿਚ ਪਾਣੀ ਦੀ ਕਿੱਲਤ ਵਰਗੀਆਂ ਸਮੱਸਿਆਵਾਂ ਪੈਦਾ ਹੋਣ ਲੱਗੀਆਂ ਹਨ।

ਪਰ ਹੁਣ ਤਕ ਗੇਟਾਂ ਤੋਂ ਲੀਕੇਜ ਦੇ ਰੂਪ ਵਿਚ ਜੋ ਪਾਣੀ ਵੱਡੀ ਮਾਤਰਾ ਵਿਚ ਪਾਕਿਸਤਾਨ ਨੂੰ ਜਾ ਰਿਹਾ ਸੀ, ਉਹ ਮੁਰੰਮਤ ਤੋਂ ਬਾਅਦ ਬੰਦ ਹੋ ਜਾਵੇਗਾ ਅਤੇ ਉਸ ਪਾਣੀ ਦੀ ਵਰਤੋਂ ਭਾਰਤ ਭਾਵ ਕਿ ਪੰਜਾਬ ਵਿਚ ਕੀਤੀ ਜਾ ਸਕੇਗੀ।