ਪਿਤਾ ਨਾ ਝੱਲ ਸਕਿਆ ਇਕਲੌਤੇ ਪੁੱਤਰ ਦੀ ਮੌਤ ਦਾ ਗਮ, ਗਈ ਜਾਨ

ਏਜੰਸੀ

ਖ਼ਬਰਾਂ, ਪੰਜਾਬ

ਸੜਕ ਹਾਦਸੇ 'ਚ ਗਈ ਸੀ ਨੌਜਵਾਨ ਦੀ ਜਾਨ

file photo

ਹੁਸ਼ਿਆਰਪੁਰ : ਕਹਿੰਦੇ ਨੇ 'ਪਿਤਾ ਲਈ ਸੱਭ ਤੋਂ ਭਾਰੀ ਚੀਜ਼ ਜਵਾਨ ਪੁੱਤਰ ਦੀ ਅਰਥੀ ਹੁੰਦੀ ਹੈ'। ਇਹ ਕਥਨ ਉਸ ਵੇਲੇ ਸੱਚ ਸਾਬਤ ਹੋ ਗਿਆ ਜਦੋਂ ਇਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਦੀ ਖ਼ਬਰ ਸੁਣ ਕ ਉਸ ਦਾ ਪਿਤਾ ਵੀ ਦਮ ਤੋੜ ਗਿਆ। ਜਾਣਕਾਰੀ ਅਨੁਸਾਰ ਸਥਾਨਕ ਗੁਰੂ ਨਾਨਕ ਕਾਲੋਨੀ ਬਜਵਾੜਾ ਦੇ ਸਾਹਿਲ (24 ਸਾਲ) ਨਾਂ ਦੇ ਨੌਜਵਾਨ ਨੂੰ ਅਣਪਛਾਤੇ ਵਾਹਨ ਨੇ ਫੇਟ ਮਾਰ ਦਿਤੀ ਸੀ। ਹਾਦਸੇ 'ਚ ਜ਼ਖਮੀ ਨੌਜਵਾਨ ਦੀ ਬਾਅਦ 'ਚ ਮੌਤ ਹੋ ਗਈ। ਇਕਲੌਤੇ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਪਿਤਾ ਤਿਲਕ ਸਿੰਘ ਵੀ ਦਮ ਤੋੜ ਗਿਆ।

ਥਾਣਾ ਮਾਡਲ ਟਾਊਨ ਦੀ ਪੁਲਿਸ ਅਨੁਸਾਰ ਸਾਹਿਲ ਫਗਵਾੜਾ ਰੋਡ ਸਥਿਤ ਅਨਾਜ ਮੰਡੀ ਵਿਚ ਕੰਮ ਕਰਦਾ ਸੀ। ਸੋਮਵਾਰ ਸ਼ਾਮ ਵੇਲੇ ਮੋਟਰ ਸਾਈਕਲ 'ਤੇ ਖਾਨਪੁਰੀ ਗੇਟ ਤੋਂ ਬੱਸ ਸਟੈਂਡ ਵੱਲ ਆਉਂਦੇ ਸਮੇਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿਤੀ। ਸਿਰ ਵਿਚ ਗੰਭੀਰ ਸੱਟ ਵੱਜਣ ਕਾਰਨ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਥੋਂ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਰੈਫ਼ਰ ਕਰ ਦਿਤਾ ਗਿਆ। ਹਾਲਤ ਜ਼ਿਆਦਾ ਵਿਗੜਦੀ ਵੇਖ ਉਸ ਨੂੰ ਡੀ.ਐਮ.ਸੀ. ਲੁਧਿਆਣਾ ਲਿਜਾਇਆ ਗਿਆ। ਉੱਥੇ ਵੀ ਮੰਗਲਵਾਰ ਰਾਤ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ। ਪਰਿਵਾਰਕ ਮੈਂਬਰ ਸਾਹਿਲ ਨੂੰ ਵਾਪਸ ਹੁਸ਼ਿਆਰਪੁਰ ਲੈ ਕੇ ਆ ਰਹੇ ਸਨ ਕਿ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿਤਾ।

ਮੰਗਲਵਾਰ ਦੇਰ ਸ਼ਾਮ ਜਿਉਂ ਹੀ ਸਾਹਿਲ ਦੀ ਮੌਤ ਦੀ ਖ਼ਬਰ ਘਰ ਪਹੁੰਚੀ ਚਾਰੇ ਪਾਸੇ ਚੀਕ-ਚਿਹਾੜਾ ਮੱਚ ਗਿਆ। ਸਾਹਿਲ ਦੀ ਲਾਸ਼ ਘਰ ਪਹੁੰਚਣ 'ਤੇ ਤਾਂ ਪਰਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਰਿਟਾਇਰਡ ਬੈਂਕ ਅਧਿਕਾਰੀ ਤਿਲਕ ਸਿੰਘ ਅਪਣੇ ਇਕਲੌਤੇ ਪੁੱਤਰ ਦੀ ਲਾਸ਼ ਨਾਲ ਲਿਪਟ ਕੇ ਰੋਈ ਜਾ ਰਹੇ ਸਨ। ਤਿਲਕ ਸਿੰਘ ਨੂੰ ਸਕੇ-ਸਬੰਧੀਆਂ ਨੇ ਬਥੇਰਾ ਹੌਂਸਲਾ ਦਿਤਾ ਪਰ ਰਾਤ 11 ਵਜੇ ਦੇ ਕਰੀਬ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਜਵਾਨ ਪੁੱਤਰ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਤਿਲਕ ਸਿੰਘ ਵੀ ਦਮ ਤੋੜ ਗਿਆ। ਮ੍ਰਿਤਕ ਦੋ ਭੈਣਾਂ ਦਾ ਇਕਲੋਤਾ ਭਰਾ ਸੀ। ਬੁੱਧਵਾਰ ਸ਼ਾਮੀਂ ਘਰ ਦੇ ਪਿਉਂ-ਪੁੱਤਰ ਦੀਆਂ ਅਰਥੀਆਂ ਅੰਤਿਮ ਰਸਮਾਂ ਲਈ ਇਕੱਠੀਆਂ ਨਿਕਲਦੀਆਂ ਵੇਖ, ਪਰਵਾਰ ਹੀ ਨਹੀਂ, ਉੱਥੇ ਮੌਜੂਦ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ।

ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਹੰਸ ਰਾਜ ਨੇ ਦਸਿਆ ਕਿ ਪਰਵਾਰ ਦੇ ਬਿਆਨ 'ਤੇ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਘਟਨਾ ਸਥਾਨ ਨੇੜਲੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇ ਵਾਇਰਲ ਵੀਡੀਓ ਦੇ ਅਧਾਰ 'ਤੇ ਹਾਦਸੇ ਲਈ ਜ਼ਿੰਮੇਵਾਰ ਵਾਹਨ ਚਾਲਕ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।