ਵਿਧਾਇਕਾਂ ਨੂੰ ਲਗਜ਼ਰੀ ਗੱਡੀਆਂ ਮਾਮਲੇ 'ਚ ਚੀਮਾ ਨੇ ਕੈਪਟਨ ਨੂੰ ਘੇਰਿਆ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਖ਼ਾਲੀ ਖਜ਼ਾਨੇ 'ਚੋਂ ਗੱਡੀਆਂ ਦੇਣਾ ਟੈਕਸ ਚੋਰੀ!

file photo

ਚੰਡੀਗੜ੍ਹ : ਖਜ਼ਾਨੇ ਦੀ ਖਸਤਾ ਹਾਲਤ ਦੇ ਬਾਵਜੂਦ ਸਰਕਾਰ ਵਲੋਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਲਗਜ਼ਰੀ ਗੱਡੀਆਂ ਦੇਣ ਦੀ ਤਿਆਰੀ ਨੇ ਨਵੀਂ ਚਰਚਾ ਛੇੜ ਦਿਤੀ ਹੈ। ਇਸ ਨੂੰ ਲੈ ਕੇ ਆਪ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵੀ ਕੈਪਟਨ 'ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ।

ਚੀਮਾ ਨੇ ਕਿਹਾ ਕਿ ਇਕ ਪਾਸੇ ਸਰਕਾਰ ਖਜ਼ਾਨਾ ਖ਼ਾਲੀ ਹੋਣ ਦਾ ਰੌਲਾ ਪਾ ਰਹੀ ਹੈ ਅਤੇ ਦੂਜੇ ਪਾਸੇ ਵਿਧਾਇਕਾਂ ਨੂੰ ਲਗਜ਼ਰੀ ਗੱਡੀਆਂ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀਆਂ 'ਤੇ ਟੈਕਸ ਚੋਰੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਬੜਾ ਗੰਭੀਰ ਮਸਲਾ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਕਮਰਾਨ ਧਿਰ ਹੀ ਟੈਕਸ ਚੋਰੀ ਕਰਨ ਲੱਗੇਗੀ ਤਾਂ ਆਮ ਲੋਕਾਂ ਵਿਚ ਇਸ ਦਾ ਕੀ ਸੰਦੇਸ਼ ਜਾਵੇਗਾ।

ਅਕਾਲੀ ਦਲ ਅੰਦਰ ਮੱਚੇ ਘਮਾਸਾਨ ਬਾਰੇ ਗੱਲ ਕਰਦਿਆਂ ਚੀਮਾ ਨੇ ਕਿਹਾ ਕਿ ਜਦੋਂ ਅਕਾਲੀ ਦਲ ਹੋਂਦ ਵਿਚ ਆਇਆ ਸੀ ਤਾਂ ਉਸ ਦੇ ਆਪਣੇ ਸਿਧਾਂਤ ਸਨ ਪਰ ਅੱਜ ਅਕਾਲੀ ਦਲ ਇਕ ਘਰਾਨੇ ਦਾ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਅਕਾਲੀ ਦਲ 100 ਸਾਲ ਦਾ ਹੋਵੇਗਾ, ਉਦੋਂ ਤਕ ਇਹ ਖ਼ਾਲੀ ਦਲ ਬਣ ਜਾਵੇਗਾ।  ਇਸ ਵਿਚ ਹੁਣ ਕਿਸੇ ਨੇ ਵੀ ਨਹੀਂ ਰਹਿਣਾ ਕਿਉਕਿ ਸਭ ਨੂੰ ਪਤਾ ਲੱਗ ਗਿਆ ਹੈ ਕਿ ਇਹ ਹੁਣ ਇਕ ਪਰਿਵਾਰ ਦੀ ਪਾਰਟੀ ਤਕ ਸੀਮਤ ਹੋ ਗਿਆ ਹੈ।