ਢੀਂਡਸਾ ਨੂੰ ਲੈ ਕੇ ਸੁਖਬੀਰ ਦਾ ਵੱਡਾ ਬਿਆਨ

ਏਜੰਸੀ

ਖ਼ਬਰਾਂ, ਪੰਜਾਬ

ਪਾਰਟੀ ਨੂੰ ਕਮਜ਼ੋਰ ਨਾ ਕਰਨ ਦੀ ਦਿਤੀ ਨਸੀਹਤ

file photo

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀਆਂ ਬਾਗੀ ਸੁਰਾਂ ਪਿਛਲੇ ਕਈ ਦਿਨਾਂ ਤੋਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁਧ ਹੁਣ ਖੁਲ੍ਹ ਕੇ ਭੜਾਸ ਕੱਢੀ ਜਾ ਰਹੀ ਹੈ। ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਵੀ ਢੀਂਡਸਾ ਦੇ ਬਿਆਨਾਂ ਦਾ ਨੱਪੇ-ਤੋਲਵੇਂ ਸ਼ਬਦਾਂ ਵਿਚ ਜਵਾਬ ਦਿਤਾ ਹੈ। ਢੀਂਡਸਾ ਨੂੰ ਪਿਤਾ ਸਮਾਨ ਦਸਦਿਆ ਸੁਖਬੀਰ ਨੇ ਕਿਹਾ ਕਿ ਜਿਸ ਪਾਰਟੀ ਨੇ ਉਨ੍ਹਾਂ ਨੂੰ ਇੰਨਾ ਮਾਣ ਸਨਮਾਨ ਦਿਤਾ ਹੋਵੇ, ਉਸ ਨੂੰ ਕਮਜ਼ੋਰ ਕਰਨਾ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ।

ਸੁਖਬੀਰ ਨੇ ਕਿਹਾ ਕਿ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਵਾਰ ਐਮ.ਪੀ. ਬਣਾਉਣ ਤੋਂ ਇਲਾਵਾ ਮੰਤਰੀ ਦਾ ਅਹੁਦਾ ਦਿਤਾ। ਪਾਰਟੀ ਨੇ ਉਨ੍ਹਾਂ ਨੂੰ ਤਿੰਨ ਵਾਰ ਹਾਰਨ ਦੇ ਬਾਵਜੂਦ ਉਨ੍ਹਾਂ ਦੀ ਸੀਨੀਆਰਤਾ ਨੂੰ ਵੇਖਦੇ ਹੋਏ ਰਾਜ ਸਭਾ ਵਿਚ ਭੇਜਿਆ ਹੈ। ਇਸ ਲਿਹਾਜ ਨਾਲ ਉਨ੍ਹਾਂ ਨੂੰ ਪਾਰਟੀ ਨੂੰ ਕਮਜ਼ੋਰ ਕਰਨ ਦੇ ਯਤਨ ਨਹੀਂ ਕਰਨੇ ਚਾਹੀਦੇ।

ਅਪਣੇ ਬਿਆਨ 'ਚ ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਸਿਰਫ਼ ਸੁਖਬੀਰ ਦਾ ਨਹੀਂ, ਸਗੋਂ ਸਮੁੱਚੀ ਸਿੱਖ ਕੌਮ ਦਾ ਹੈ। ਇਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ 100 ਸਾਲਾਂ ਤੋਂ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਹੈ।

ਢੀਂਡਸਾ ਦੇ ਇਹ ਕਹਿਣ ਕਿ ਅਕਾਲੀ ਦਲ ਅਪਣੇ ਅਸਲ ਸਿਧਾਂਤਾਂ ਤੋਂ ਭਟਕ ਚੁੱਕਾ ਹੈ ਅਤੇ ਅਕਾਲੀ ਦਲ ਸਿਆਸੀ ਚੋਣਾਂ ਲੜਣ ਲਈ ਨਹੀਂ ਸੀ ਬਣਿਆ, ਸਬੰਧੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਗੁਰੂ ਸਾਹਿਬ ਦੇ ਮੀਰੀ ਤੇ ਪੀਰੀ ਦੇ ਸਿਧਾਂਤ 'ਤੇ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਭਾਰਤ ਸਰਕਾਰ ਦੇ ਅਧੀਨ ਆਉਂਦੇ ਚੋਣ ਕਮਿਸ਼ਨ ਦੁਆਰਾ ਕਰਵਾਈਆਂ ਜਾਂਦੀਆਂ ਹਨ ਤੇ ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਵੀ ਡੈਮੋਕ੍ਰੇਟਿਕ ਢੰਗ ਨਾਲ ਹੀ ਹੋਇਆ ਹੈ।