ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚੁੱਕਿਆ ਕਿਸਾਨਾਂ ਦੀ ਖ਼ੁਦਕੁਸ਼ੀ ਦਾ ਮੁੱਦਾ, ਸਰਕਾਰ ਨੂੰ ਕੋਈ ਠੋਸ ਨੀਤੀ ਬਣਾਉਣ ਲਈ ਕਿਹਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2017 ਤੋਂ ਲੈ ਕੇ 2021 ਤੱਕ 53 ਹਜ਼ਾਰ ਖੇਤ ਮਜਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ ਕਿਉਂਕਿ ਉਹਨਾਂ ਨੂੰ ਉਹਨਾਂ ਦੀਆਂ ਫ਼ਸਲਾਂ ਦੀ ਸਹੀ ਭਾਅ ਨਹੀਂ ਮਿਲਿਆ

Sant Balbir Singh Seechewal

 

ਚੰਡੀਗੜ੍ਹ -ਅੱਜ ਸਰਦ ਰੁੱਤ ਇਜਲਾਸ ਵਿਚ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਰਜ਼ੇ ਵਿਚ ਡੁੱਬੇ ਦੇਸ਼ ਦੇ ਕਿਸਾਨਾਂ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਸਾਡੇ ਦੇਸ਼ ਦਾ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਪਰ ਆਪ ਉਹ ਭੁੱਖਾ ਹੀ ਰਹਿ ਜਾਂਦਾ ਹੈ। ਉਹਨਾਂ ਨੇ ਐੱਨਸੀਆਰਬੀ ਦੀ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ 2017 ਤੋਂ ਲੈ ਕੇ 2021 ਤੱਕ 53 ਹਜ਼ਾਰ ਖੇਤ ਮਜਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ ਕਿਉਂਕਿ ਉਹਨਾਂ ਨੂੰ ਉਹਨਾਂ ਦੀਆਂ ਫ਼ਸਲਾਂ ਦੀ ਸਹੀ ਭਾਅ ਨਹੀਂ ਮਿਲਿਆ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਅਪਣੀਆਂ ਫ਼ਸਲਾਂ 'ਤੇ ਐੱਮਐੱਸਪੀ ਵੀ ਨਹੀਂ ਮਿਲ ਰਹੀ। 

ਉਹਨਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਹੀ ਰਿਹਾ ਤਾਂ ਖੁਦਕੁਸ਼ੀਆਂ ਦੀ ਗਿਣਤੀ ਵਧਦੀ ਜਾਵੇਗੀ। ਸੰਤ ਬਲਬੀਰ ਸਿੰਘ ਨੇ ਕਿਹਾ ਕਿ 2021 ਵਿਚ ਕਿਸਾਨ ਅੰਦੋਲਨ ਵੇਲੇ ਵੀ ਸਰਕਾਰ ਨੇ 2 ਮੰਗਾਂ ਪੂਰੀਆਂ ਕਰਨ ਲਈ ਕਿਹਾ ਸੀ ਪਰ ਅਜੇ ਤੱਕ ਉਹ ਵੀ ਪੂਰੀਆਂ ਨਹੀਂ ਹੋਈਆਂ। ਉਹਨਾਂ ਕਿਹਾ ਕਿ ਪੰਜਾਬ ਦੇਸ਼ ਦੇ ਅੰਨ ਭੰਡਾਰ ਵਿਚ 40 ਫ਼ੀਸਦੀ ਹਿੱਸਾ ਪਾ ਰਿਹਾ ਹੈ, ਤੇ ਕਿਸੇ ਸਮੇਂ ਪੰਜਾਬ 67 ਫ਼ੀਸਦੀ ਹਿੱਸਾ ਪਾਉਂਦਾ ਸੀ।

ਪੰਜਾਬ ਕੋਲ ਖੇਤੀ ਯੋਗ ਰਕਮਾਂ ਸਿਰਫ਼ 1.5 ਫ਼ੀਸਦੀ ਹੈ ਪਰ ਦੇਸ਼ ਵਿਚੋਂ 9 ਫ਼ਸਦੀ ਹਿੱਸਾ ਪੰਜਾਬ ਕੀੜੇ ਮਾਰ ਦਵਾਈਆਂ ਦਾ ਵਰਤਿਆ ਜਾਂਦਾ ਹੈ ਜਿਸ ਕਰ ਕੇ ਪੰਜਾਬ ਵਿਚ ਹਵਾ ਪਾਣੀ ਦੋਨੋਂ ਪ੍ਰਦੂਸ਼ਿਤ ਹੋ ਰਹੇ ਹਨ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਲਈ ਕੋਈ ਠੋਸ ਨੀਤੀ ਲਿਆਂਦੀ ਜਾਵੇ ਤਾਂ ਜੋ ਸਾਡੇ ਦੇਸ਼ ਦਾ ਅੰਨਦਾਤਾ ਚੰਗੀ ਖੇਤੀ ਕਰ ਸਕੇ ਤੇ ਅਪਣੇ ਪਰਿਵਾਰ ਦੇ ਨਾਲ-ਨਾਲ ਦੇਸ਼ ਦਾ ਢਿੱਡ ਵੀ ਭਰ ਸਕੇ।