ਕੇਂਦਰ ਸਰਕਾਰ ਕਿਸਾਨਾਂ ਦਾ ਮਸਲਾ ਹੱਲ ਨਹੀਂ ਕਰਨਾ ਚਾਹੁੰਦੀ : ਮਨੀਸ਼ ਤਿਵਾੜੀ
ਸੁਪਰੀਮ ਕੋਰਟ ਰੋਜ਼ਾਨਾ ਕਰੇ ਮਾਮਲੇ ’ਤੇ ਸੁਣਵਾਈ
ਸ੍ਰੀ ਅਨੰਦਪੁਰ ਸਾਹਿਬ : ਕੇਂਦਰ ਸਰਕਾਰ ਕਿਸਾਨਾਂ ਦਾ ਮਸਲਾ ਹੱਲ ਨਹੀਂ ਕਰਨਾ ਚਾਹੁੰਦੀ ਤੇ ਲਾਰੇ-ਲੱਪੇ ਲਗਾ ਕੇ ਅਪਣਾ ਸਮਾਂ ਲੰਘਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਕੀਤਾ।
ਅੱਜ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਰਵਾਰ ਸਮੇਤ ਵਿਸ਼ੇਸ਼ ਤੌਰ ’ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਤਿਵਾੜੀ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਕਿਸਾਨਾਂ ਦੇ ਹੱਕ ਉਨ੍ਹਾਂ ਨੂੰ ਮਿਲਣੇ ਚਾਹੀਦੇ ਹਨ ਤੇ ਇਹ ਕਨੂੰਨ ਰੱਦ ਹੋਣੇ ਚਾਹੀਦੇ ਹਨ।
ਟ੍ਰੈਕਟਰ ਪਰੇਡ ਬਾਰੇ ਪੁੱਛਣੇ ’ਤੇ ਉਨਾਂ ਕਿਹਾ ਕਿ ਸੰਵਿਧਾਨ ਹਰ ਇਕ ਨੂੰ ਅਪਣੀ ਗੱਲ ਸ਼ਾਤਮਈ ਤਰੀਕੇ ਨਾਲ ਕਹਿਣ ਦਾ ਹੱਕ ਦਿੰਦਾ ਹੈ ਤੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਸਾਰੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਸੁਪਰੀਮ ਕੋਰਟ ਇਸ ਅਹਿਮ ਮਸਲੇ ਬਾਰੇ ਰੋਜ਼ਾਨਾ ਸੁਣਵਾਈ ਕਰੇ ਤਾਂ ਕਿ ਇਸ ਮਸਲੇ ਦਾ ਹੱਲ ਜਲਦ ਹੋ ਸਕੇ।
ਨਾਜਾਇਜ਼ ਮਾਈਨਿੰਗ ਬਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਬਾਰੇ ਡਿਪਟੀ ਕਮਿਸ਼ਨਰ ਨੂੰ ਸਖ਼ਤ ਹਦਾਇਤ ਦਿਤੀ ਗਈ ਹੈ ਕਿ ਕਿਸੇ ਵੀ ਹਾਲ ਨਾਜਾਇਜ਼ ਮਾਈਨਿੰਗ ਨਾ ਹੋਵੇ। ਇਸ ਮੌਕੇ ਪਵਨ ਦੀਵਾਨ ਚੇਅਰਮੈਨ ਅਤੇ ਯੂਥ ਕਾਂਗਰਸ ਮੁਹਾਲੀ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ ਵੀ ਹਾਜ਼ਰ ਸਨ।