ਗੁਜਰਾਤ ਦੇ ਉਪ ਮੁੱਖ ਮੰਤਰੀ ਸਣੇ ਚਾਰ ਬੀਜੇਪੀ ਲੀਡਰਾਂ ਨੂੰ ਭੇਜਿਆ ਕਾਨੂੰਨੀ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਘਰਸ ਵਿਚ ਲੱਗੇ ਕਿਸਾਨਾਂ ਨੂੰ ਖ਼ਾਲਿਸਤਾਨੀ, ਢੋਂਗੀ, ਪ੍ਰੋ-ਚਾਈਨਾ ਸਬਦਾਂ ਰਾਹੀਂ ਬਦਨਾਮ ਕਰਨ ਤੇ ਜਨਤਕ ਮੰਗਣ ਮਾਫ਼ੀ

Giriraj

ਫ਼ਿਰੋਜ਼ਪੁਰ  : ਕੇਂਦਰ ਵਲੋਂ ਕਿਸਾਨੀ ਖੇਤੀ ਨੂੰ ਲੈ ਕੇ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੰਮੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਵਲੋਂ ਜਿਥੇ ਲਗਾਤਾਰ ਸੰਘਰਸ਼ ਜਾਰੀ ਹੈ ਉਥੇ ਹੀ ਇਨ੍ਹਾਂ ਸੰਘਰਸ਼ਾਂ ਤੋਂ ਚਿੜ੍ਹਦੇ ਹੋਏ ਭਾਜਪਾ ਦੇ ਮੰਤਰੀਆਂ ਅਤੇ ਲੀਡਰਾਂ ਵਲੋਂ ਸੰਘਰਸ਼ ਵਿਚ ਬੈਠੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਵਿਵਾਦਤ ਸ਼ਬਦਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। 

 

   ਲੀਡਰਾਂ ਵਲੋਂ ਬੋਲੇ ਗਏ ਇਨ੍ਹਾਂ ਸ਼ਬਦਾਂ ਨੂੰ ਵਾਪਸ ਲੈਣ ਅਤੇ ਜਨਤਕ ਤੌਰ ਤੇ ਮਾਫ਼ੀ ਮੰਗਣ ਸਬੰਧੀ ਕਾਨੂੰਨੀ ਨੋਟਿਸ ਭੇਜੇ ਗਏ ਹਨ। ਸੀਨੀਅਰ ਐਡਵੋਕੇਟ ਰਜਨੀਸ ਦਹੀਯਾ ਵਲੋਂ ਭੇਜੇ ਗਏ ਕਾਨੂੰਨੀ ਨੋਟਿਸ ਰਾਹੀਂ ਭਾਜਪਾ ਦੇ ਆਗੂਆਂ ਵਲੋਂ ਜਨਤਕ ਮੁਆਫ਼ੀ ਮੰਗਣ ਲਈ ਲਿਖਿਆ ਗਿਆ ਹੈ। ਜੇਕਰ ਇਨ੍ਹਾਂ ਵਲੋਂ ਮੁਆਫ਼ੀ ਨਾ ਮੰਗੀ ਗਈ ਤਾਂ ਇਨ੍ਹਾਂ ਵਿਰੁਧ ਫ਼ੌਜਦਾਰੀ ਮੁਕੱਦਮੇ ਦਾਇਰ ਕੀਤੇ ਜਾਣਗੇ।

ਦਸਣਯੋਗ ਹੈ ਕਿ ਇਨ੍ਹਾਂ ਲੀਡਰਾਂ ਵਲੋਂ ਜਾਣ-ਬੁੱਝ ਕੇ ਭਾਜਪਾ ਅਤੇ ਕੇਂਦਰ ਸਰਕਾਰ ਦੀ ਕਠਪੁਤਲੀ ਬਣ ਕੇ ਕਿਸਾਨ ਅਤੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਇਨ੍ਹਾਂ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ। ਐਡਵੋਕੇਟ ਦਹੀਯਾ ਨੇ ਦਸਿਆ ਕਿ ਭਾਜਪਾ ਦੇ ਲੀਡਰਾਂ ਵਲੋਂ ਵਰਤੇ ਗਏ ਵਿਵਾਦਤ ਬਿਆਨਬਾਜ਼ੀ ਅਤੇ ਮਾੜੀ ਸ਼ਬਦਾਵਲੀ ਇਨ੍ਹਾਂ ਦੀ ਬੀਮਾਰ ਮਾਨਸਿਕਤਾ ਅਤੇ ਸੋਚ ਨੂੰ ਉਜਾਗਰ ਕਰਦੀਆਂ ਹਨ। ਵਿਵਾਦਤ ਸ਼ਬਦਾਂ ਰਾਹੀ ਸੰਘਰਸ਼ਸ਼ੀਲ ਕਿਸਾਨਾਂ ਦੀ ਹੋਈ ਮਾਨਹਾਨੀ ਅਤੇ ਕਿਸਾਨੀ ਸੰਘਰਸ਼ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੀਮਤ ਭਾਜਪਾ ਆਗੂਆਂ ਨੂੰ ਚੁਕਾਨੀ ਪਵੇਗੀ।

Related Stories