ਵੱਡਾ ਖੁਲਾਸਾ, ਓਰਬਿਟ ਤੇ ਡੱਬਵਾਲੀ ਟਰਾਂਸਪੋਰਟ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਫੰਡਿੰਗ
ਅਕਾਲੀ ਦਲ ਨੂੰ ਕਈ ਨਾਮੀ ਕੰਪਨੀਆਂ ਵੱਲੋਂ ਵੀ ਫੰਡਿੰਗ...
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ 79 % ਫ਼ੰਡਿੰਗ ਹੁਣ ਓਰਬਿਟ ਤੇ ਡੱਬਵਾਲੀ ਟ੍ਰਾਸਪੋਰਟ ਕਰ ਰਹੀਆਂ ਹਨ। ਆਰ.ਟੀ.ਆਈ. ਕਾਰਜਕਰਤਾ ਵਕੀਲ ਦਿਨੇਸ਼ ਚੱਢਾ ਨੇ ਇਹ ਖੁਲਾਸਾ ਕਰਦੇ ਹੋਏ ਦਸਿਆ ਕਿ ਵਿੱਤੀ ਵਰੇ 2017-18 ਦੀ ਫ਼ੰਡਿੰਗ ਦੀ ਸੂਚੀ ਦਲ ਦੇ ਖ਼ਜ਼ਾਨਚੀ ਐਨ.ਕੇ. ਸ਼ਰਮਾ ਨੇ ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਈ ਹੈ। ਇਸ ਮੁਤਾਬਕ ਦਲ ਨੇ ਕੁੱਲ 2,28,97,972 ਰੁਪਏ ਦੀ ਫ਼ੰਡਿੰਗ 2017-18 'ਚ ਇਕੱਠੀ ਕੀਤੀ। ਇਸ 'ਚੋਂ ਓਰਬਿਟ ਰਸੋਰਟਸ ਲਿਮਟਡ ਨੇ 87 ਲੱਖ ਰੁਪਏ ਅਤੇ ਡੱਬਵਾਲੀ ਟ੍ਰਾਸਪੋਰਟ ਕੰਪਨੀ ਲਿਮਿਟਡ ਨੇ 94 ਲੱਖ 50 ਹਜ਼ਾਰ ਰੁਪਏ ਦਿਤੇ ਹਨ।
ਓਰਬਿਟ ਅਤੇ ਡੱਬਵਾਲੀ ਦੋਵਾਂ ਨੇ ਕੁਲ 18150000 ਰੁਪਏ ਅਕਾਲੀ ਦਲ ਨੂੰ ਦਿਤੇ ਹਨ ਜੋ ਕਿ ਅਕਾਲੀ ਦਲ ਦੀ ਸਾਰੀ ਫ਼ੰਡਿੰਗ ਦਾ 79 ਫ਼ੀਸਦੀ ਬਣਦੇ ਹਨ।ਓਰਬਿਟ ਨੇ ਇਹ ਰਕਮ 10 ਕਿਸ਼ਤਾਂ 'ਚ ਜਦਕਿ ਡੱਬਵਾਲੀ ਨੇ 6 ਕਿਸ਼ਤਾਂ 'ਚ ਦਿਤੀ ਹੈ। ਉਂਝ ਤਾਂ 2017-18 ਵਿਚ ਅਕਾਲੀ ਦਲ ਨੂੰ 126 ਦਾਨ ਦੀਆਂ ਰਕਮਾਂ ਮਿਲੀਆਂ ਹਨ ਪਰ ਇਨ੍ਹਾਂ ਸਭ 'ਤੇ ਓਰਬਿਟ ਅਤੇ ਡੱਬਵਾਲੀ ਭਾਰੂ ਹਨ। ਅਕਾਲੀ ਦਲ ਨੂੰ ਫ਼ੰਡ ਦੇਣ ਵਾਲੀਆਂ ਹੋਰ ਕੰਪਨੀਆਂ 'ਚ ਇੰਟਰਨੈਸ਼ਨਲ ਕੋਆਇਲ ਲਿਮਿਟਡ, ਮੀਨਾਰ ਟ੍ਰੈਵਲਸ, ਏਵਨ ਸਾਇਕਲਸ ਸ਼ਾਮਲ ਹਨ।
ਚੱਢਾ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਓਰਬਿਟ ਅਤੇ ਡੱਬਵਾਲੀ ਨੇ ਅਕਾਲੀ ਦਲ ਨੂੰ ਦਾਨ ਦਿਤਾ ਹੈ ਜਾਂ ਇਨਵੈਸਟਮੈਂਟ ਕੀਤੀ ਹੈ ਕਿਉਂਕਿ ਅਕਾਲੀ ਦਲ ਦੇ ਕਾਰਜਕਾਲ 'ਚ ਓਰਬਿਟ ਤੇ ਡੱਬਵਾਲੀ ਦੇ ਕਾਰੋਬਾਰਾਂ 'ਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਖ਼ਤਰਨਾਖ ਰੁਝਾਨ ਹੈ ਕਿ ਕੰਪਨੀਆਂ ਸਿਆਸੀ ਪਾਰਟੀਆਂ ਨੂੰ ਪਹਿਲਾਂ ਵੱਡੇ ਫ਼ੰਡ ਦਿੰਦਿਆਂ ਹਨ ਫਿਰ ਇਨ੍ਹਾਂ ਪਾਰਟੀਆਂ ਦੇ ਸੱਤਾ 'ਚ ਆਉਣ ਤੋਂ ਬਾਅਦ ਕਾਰੋਬਾਰੀ ਲਾਹਾ ਲੈਂਦੀਆਂ ਹਨ। ਇਸ ਬਾਰੇ ਚੋਣ ਕਮਿਸ਼ਨ ਨੂੰ ਕਦਮ ਚੁੱਕਣੇ ਚਾਹੀਦੇ ਹਨ।