ਬੇਅਬਦੀ ਅਤੇ ਗੋਲੀਕਾਂਡ ਮਾਮਲੇ ਵਿੱਚ ਅਕਾਲੀਆਂ ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਦਾ ਲਹਿਜਾ ਧਮਕਾਉਣ ਵਾਲਾ : ਕੁੰਵਰ ਵਿਜੇ

Badals

ਚੰਡੀਗੜ੍ਹ : ਸੱਤਾ ਦੇ ਨਸ਼ੇ 'ਚ ਕੀਤੀਆਂ ਅਣਗਹਿਲੀਆਂ, ਲਾਪ੍ਰਵਾਹੀਆਂ, ਜ਼ਿਆਦਤੀਆਂ ਅਤੇ ਧੱਕੇਸ਼ਾਹੀਆਂ ਦਾ ਖ਼ਮਿਆਜਾ ਅਗਾਮੀ ਦਿਨਾਂ 'ਚ ਅਕਾਲੀਆਂ ਨੂੰ ਭੁਗਤਣਾ ਪੈ ਸਕਦਾ ਹੈ ਕਿਉਂਕਿ ਕੋਟਕਪੂਰਾ-ਬਹਿਬਲ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ  ਜਲਦ ਜਾਂਚ ਰੀਪੋਰਟ ਨੂੰ ਮੁਕੰਮਲ ਕਰ ਕੇ ਅਦਾਲਤ 'ਚ ਚਲਾਨ ਪੇਸ਼ ਕਰ ਸਕਦੀ ਹੈ।

ਅੱਜ ਐਸਆਈਟੀ ਦੇ ਫ਼ਰੀਦਕੋਟ ਕੈਂਪਸ ਵਿਖੇ ਸਥਿਤ ਦਫ਼ਤਰ 'ਚ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਆਈਟੀ ਦੇ ਪ੍ਰਮੁੱਖ ਮੈਂਬਰ ਕੁੰਵਰਵਿਜੈ ਪ੍ਰਤਾਪ ਸਿੰਘ ਨੇ ਦਸਿਆ ਕਿ ਤਕਰੀਬਨ ਜਾਂਚ ਪੜਤਾਲ ਦਾ ਕੰਮ ਮੁਕੰਮਲ ਹੋ ਚੁਕਾ ਹੈ ਤੇ ਕੁੱਝ ਦਿਨਾਂ ਬਾਅਦ ਜਾਂਚ ਰੀਪੋਰਟ ਦਾ ਅਦਾਲਤ 'ਚ ਚਲਾਨ ਪੇਸ਼ ਕਰ ਦਿਤਾ ਜਾਵੇਗਾ। ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਹੋਰ ਅਕਾਲੀਆਂ ਵਲੋਂ ਐਸਆਈਟੀ ਦੀ ਕਾਰਜਸ਼ੈਲੀ ਬਾਰੇ ਖ਼ਾਸ ਕਰ ਕੇ ਕੁੰਵਰਵਿਜੈ ਪ੍ਰਤਾਪ ਸਿੰਘ ਵਿਰੁਧ ਕੀਤੀਆਂ ਜਾ ਰਹੀਆਂ ਸਖ਼ਤ ਟਿਪਣੀਆਂ ਬਾਰੇ ਪੁਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜਾਂਚ ਪੜਤਾਲ ਦਾ ਸਾਰਾ ਕੰਮ ਨਿਰਪੱਖ ਅਤੇ ਪਾਰਦਰਸ਼ੀ ਹੈ।

ਉਨ੍ਹਾਂ ਆਖਿਆ ਕਿ ਜੇਕਰ ਤਫ਼ਤੀਸ਼ 'ਚ ਸ਼ਾਮਲ ਹੋਣ ਵਾਲੇ ਵਿਅਕਤੀ ਖ਼ੁਦ ਚਾਹੁਣ ਤਾਂ ਉਨ੍ਹਾਂ ਦੀ ਪੁਛਗਿਛ ਨੂੰ ਸਿੱਧਾ ਪ੍ਰਸਾਰਣ ਕੀਤਾ ਜਾ ਸਕਦਾ ਹੈ ਤਾਂ ਜੋ ਦੁਨੀਆਂ ਭਰ 'ਚ ਵਸਦੇ ਲੋਕ ਦੇਖ ਸਕਣ ਕਿ ਕੀ-ਕੀ ਸਵਾਲ-ਜਵਾਬ ਕੀਤੇ ਜਾ ਰਹੇ ਹਨ? ਇਸਦੇ ਨਾਲ ਹੀ ਕੁੰਵਰਵਿਜੈ ਪ੍ਰਤਾਪ ਨੇ ਮੰਨਿਆ ਕਿ ਸੁਖਬੀਰ ਸਿੰਘ ਬਾਦਲ ਦਾ ਲਹਿਜਾ ਧਮਕਾਉਣ ਵਾਲਾ ਹੈ ਪਰ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਕਿਉਂਕਿ ਜਾਂਚ ਪੜਤਾਲ ਦਾ ਕੰਮ ਕਾਨੂੰਨ ਮੁਤਾਬਕ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਜਾਰੀ ਰਹੇਗਾ।

ਉਨ੍ਹਾਂ ਦਾਅਵਾ ਕੀਤਾ ਕਿ ਐਸਆਈਟੀ ਵਲੋਂ ਵਾਰ-ਵਾਰ ਆਖਿਆ ਜਾ ਚੁਕਾ ਹੈ ਕਿ ਜੋ ਵੀ ਵਿਅਕਤੀ ਚਾਹੇ, ਜਦੋਂ ਮਰਜ਼ੀ ਇਸ ਤਫ਼ਤੀਸ਼ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ, ਸਾਡੀ ਕਿਸੇ ਵੀ ਗ਼ਲਤੀ ਬਾਰੇ ਹਰ ਇਕ ਨਾਗਰਿਕ ਨੂੰ ਟੋਕਣ ਦਾ ਪੂਰਾ ਅਧਿਕਾਰ ਹੈ। ਸੌਦਾ ਸਾਧ, ਤਖ਼ਤਾਂ ਦੇ ਜਥੇਦਾਰਾਂ ਅਤੇ ਬਾਦਲ ਪਿਉ-ਪੁੱਤ ਬਾਰੇ ਗਿਆਨੀ ਇਕਬਾਲ ਸਿੰਘ ਪਟਨਾ ਵਲੋਂ ਕੀਤੀ ਬਿਆਨਬਾਜ਼ੀ ਦੇ ਪੁਛੇ ਸਵਾਲ ਦੇ ਜਵਾਬ 'ਚ ਕੁੰਵਰਵਿਜੈ ਪ੍ਰਤਾਪ ਸਿੰਘ ਨੇ ਦਸਿਆ ਕਿ ਇਸ ਸਬੰਧੀ ਐਸਆਈਟੀ ਦੀ ਬਕਾਇਦਾ ਮੀਟਿੰਗ ਹੋ ਚੁਕੀ ਹੈ ਤੇ ਉਸ ਸੰਦਰਭ 'ਚ ਜਲਦ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।