ਅਕਾਲੀ ਲੀਡਰ ਮਨਤਾਰ ਬਰਾੜ ਨੂੰ ਝਟਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਨਤਾਰ ਬਰਾੜ ਦੀ ਜ਼ਮਾਨਤ ਅਰਜ਼ੀ ਖ਼ਾਰਜ

Mantar Brar

ਫਰੀਦਕੋਟ: ਕੋਟਕਪੂਰਾ ਗੋਲੀਕਾਂਡ ਵਿਚ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਅਦਾਲਤ ਦਾ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਉਨ੍ਹਾਂ ਨੂੰ ਕੋਈ ਰਾਹਤ ਨਾ ਦਿੰਦਿਆਂ ਜ਼ਮਾਨਤ ਦੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ। ਕੱਲ੍ਹ ਕਰੀਬ ਦੋ ਘੰਟੇ ਮਨਤਾਰ ਬਰਾੜ ਦੀ ਜ਼ਮਾਨਤ ਅਰਜ਼ੀ 'ਤੇ ਬਹਿਸ ਹੋਈ ਸੀ। ਇਸ ਮਗਰੋਂ ਅਦਾਲਤ ਨੇ ਅੱਜ ਤੱਕ ਫੈਸਲਾ ਰਾਖਵਾਂ ਰੱਖਿਆ ਸੀ।

ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਨੇ SIT ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜ਼ਮਾਨਤ ਦੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ। ਪੰਜਾਬ ਸਰਕਾਰ ਨੇ ਅਦਾਲਤ ਵਿਚ ਮਨਤਾਰ ਬਰਾੜ ਦੇ ਪੱਖ ਦੀ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਬਰਾੜ ਜੇਕਰ ਸ਼ਾਂਤਮਈ ਧਰਨਾ ਚੁਕਵਾਉਣਾ ਚਾਹੁੰਦੇ ਸਨ ਤਾਂ ਉਹ ਕੋਟਕਪੂਰਾ ਚੌਂਕ ਵਿਚ ਖੁਦ ਜਾ ਕੇ ਸੰਗਤ ਨਾਲ ਗੱਲਬਾਤ ਕਰ ਸਕਦੇ ਸਨ।

ਸੂਬਾ ਸਰਕਾਰ ਨੇ ਅਦਾਲਤ ਵਿਚ ਇਹ ਵੀ ਦਾਅਵਾ ਕੀਤਾ ਸੀ ਕਿ ਬਰਾੜ ਨੂੰ ਜਾਂਚ ਟੀਮ ਨੇ 9 ਨਵੰਬਰ ਤੇ 27 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਪਰ ਉਨ੍ਹਾਂ ਨੇ ਬਿਲਕੁਲ ਵੀ ਸਹਿਯੋਗ ਨਹੀਂ ਦਿੱਤਾ। ਇਸ ਲਈ ਬਰਾੜ ਨੂੰ ਹਿਰਾਸਤ ਵਿਚ ਲੈਣਾ ਜ਼ਰੂਰੀ ਹੈ।