ਟਰਾਈਸਿਟੀ 'ਚ ਪੈਰ ਪਸਾਰਦਾ ਕਰੋਨਾ ਵਾਇਰਸ : ਚੰਡੀਗੜ੍ਹ ਤੋਂ ਬਾਅਦ ਮੋਹਾਲੀ ਮਿਲਿਆ ਇਕ ਮਰੀਜ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਵਲ ਹਸਪਤਾਲ ਵਿਚ ਇਲਾਜ ਜਾਰੀ

file photo

ਚੰਡੀਗੜ੍ਹ : ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਾ ਵਧਣਾ ਲਗਾਤਾਰ ਜਾਰੀ ਹੈ। ਪਹਿਲਾਂ ਦੇਸ਼ ਦੇ ਗਿਣੇ-ਚੁਣੇ ਸਥਾਨਾਂ 'ਤੇ ਹੀ ਇਸ ਤੋਂ ਪੀੜਤ ਮਰੀਜ਼ ਸਾਹਮਣੇ ਆ ਰਹੇ ਸਨ। ਪਰ ਹੁਣ ਦੇਸ਼ ਦੇ ਕੋਨੇ-ਕੋਨੇ 'ਚੋਂ ਅਜਿਹੀਆਂ ਖ਼ਬਰਾਂ ਆਉਣੀਆਂ ਜਾਰੀ ਹਨ ਜਿੱਥੇ ਨਵੇਂ ਕੇਸਾਂ ਦੀ ਪੁਸ਼ਟੀ ਹੋ ਰਹੀ ਹੈ। ਚੰਡੀਗੜ੍ਹ ਵਿਚ ਜਿੱਥੇ ਇਨ੍ਹਾਂ ਮਰੀਜ਼ਾਂ ਦੀ ਗਿਣਤੀ ਵੱਧ ਕੇ ਪੰਜ ਹੋ ਚੁੱਕੀ ਹੈ, ਉਥੇ ਹੀ ਨਾਲ ਲਗਦੇ ਮੋਹਾਲੀ ਸ਼ਹਿਰ ਵਿਚ ਵੀ ਇਕ ਮਰੀਜ਼ 'ਚ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਹੋ ਗਈ ਹੈ। ਮੋਹਾਲੀ ਦੀ ਵਸਨੀਕ ਇਕ ਔਰਤ ਗੁਰਦੇਵ ਕੌਰ ਉਮਰ 69 ਸਾਲ ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ ਹੈ। ਇਸ ਔਰਤ ਦਾ ਸਿਵਲ ਹਸਪਤਾਲ ਮੋਹਾਲੀ ਵਿਖੇ ਇਲਾਜ ਕੀਤਾ ਜਾ ਰਿਹਾ।

ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਂਝੀ ਕੀਤੀ। ਉਨ੍ਹਾਂ ਦਸਿਆ ਕਿ ਗੁਰਦੇਵ ਕੌਰ ਨਾਂ ਦੀ ਔਰਤ ਜੋ ਕਿ ਮੋਹਾਲੀ ਦੇ ਫੇਜ-3ਏ ਵਿਚ ਰਹਿੰਦੀ ਹੈ, ਉਸ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਗੁਰਦੇਵ ਕੌਰ 13 ਮਾਰਚ ਨੂੰ ਇੰਗਲੈਂਡ ਤੋਂ ਪੰਜਾਬ ਆਈ ਸੀ।

ਬੀਤੇ ਦਿਨੀਂ ਉਸ ਨੂੰ ਮੈਕਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਇਥੇ ਉਸ ਦੀ ਟੈਸਟ ਰਿਪੋਰਟ ਕੋਰੋਨਾ ਵਾਇਰਸ ਪੋਜ਼ੀਟਿਵ ਆਈ ਸੀ। ਪਰ ਪਰਵਾਰ ਦੇ ਇਸ ਰਿਪੋਰਟ ਬਾਰੇ ਸਹਿਮਤ ਨਾ ਹੋਣ ਕਾਰਨ ਗੁਰਦੇਵ ਕੌਰ ਦਾ ਪੀ.ਜੀ.ਆਈ ਚੰਡੀਗੜ• ਤੋਂ ਦੁਬਾਰਾ ਟੈਸਟ ਕਰਵਾਇਆ ਗਿਆ ਅਤੇ ਪੀ.ਜੀ.ਆਈ ਤੋਂ ਵੀ ਉਸ ਔਰਤ ਦੀ ਟੈਸਟ ਰਿਪੋਰਟ ਕੋਰੋਨਾ ਪੋਜ਼ੀਟਿਵ ਆਈ ਹੈ। ਇਸ ਲਈ ਹੁਣ ਗੁਰਦੇਵ ਕੌਰ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਫੇਜ 6 ਵਿੱਚ ਇਲਾਜ ਅਧੀਨ ਰੱਖਿਆ ਗਿਆ ਹੈ।

ਉਨ੍ਹਾਂ ਦਸਿਆ ਕਿ ਗੁਰਦੇਵ ਕੌਰ ਦੇ ਇਲਾਜ ਦੇ ਨਾਲ –ਨਾਲ ਉਸ ਦੇ ਪਰਿਵਾਰ ਦੇ ਦੋ ਹੋਰ ਮੈਂਬਰਾਂ ਨੂੰ ਇਤਿਆਦ ਦੇ ਤੌਰ 'ਤੇ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਦਸਿਆ ਕਿ ਮੋਹਾਲੀ ਦੇ ਹੀ ਸੈਕਟਰ 68 ਦੀ ਰਹਿਣ ਵਾਲੀ ਜਿਹੜੀ ਔਰਤ ਪੀ.ਜੀ.ਆਈ ਤੋਂ ਦੌੜ ਆਈ ਸੀ ਉਸ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਪੁਲਿਸ ਮਾਮਲਾ ਦਰਜ ਕੀਤਾ ਗਿਆ ਹੈ, ਪਰ ਇਹ ਔਰਤ ਕੋਰੋਨਾ ਵਾਇਰਸ ਤੋਂ ਪੀੜਤ ਨਹੀਂ ਹੈ। ਇਤਿਆਹਦ ਦੇ ਤੌਰ 'ਤੇ ਉਸ ਔਰਤ ਨੂੰ ਘਰ ਵਿਚ ਹੀ ਇਕਾਂਤ ਵਿੱਚ ਰੱਖਿਆ ਗਿਆ ਹੈ ਅਤੇ ਸਿਹਤ ਵਿਭਾਗ ਵੱਲੋਂ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲੇ ਵਿਚ ਜੋ ਅੰਤਰਰਾਸ਼ਟਰੀ ਏਅਰਪੋਰਟ ਹੈ, ਇਸ 'ਤੇ ਆਉਣ ਵਾਲੀਆਂ ਸਾਰੀਆਂ ਫਲਾਇਟਾਂ ਦੇ ਮੁਸਾਫਰਾਂ ਦੀ ਡਾਕਟਰੀ ਜਾਂਚ ਕੀਤੀ ਜਾਵੇਗੀ ਅਤੇ ਮੁਸਾਫਰਾਂ ਨੂੰ ਇਤਿਆਹਦ ਦੇ ਤੌਰ 'ਤੇ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਜਾਵੇਗਾ। ਇਸ ਦੇ ਲਈ ਗਿਆਨ ਸਾਗਰ ਹਸਪਤਾਲ ਸਮੇਤ ਵੱਖ-ਵੱਖ ਥਾਵਾਂ 'ਤੇ ਮੁਸਾਫਰਾਂ ਨੂੰ ਰੱਖਣ ਦੇ ਪ੍ਰਬੰਧ ਕੀਤੇ ਗਏ ਹਨ।  ਕਾਬਲੇਗੌਰ ਹੈ ਕਿ ਦੇਸ਼ ਭਰ 'ਚ ਇਹ ਗਿਣਤੀ ਹੁਣ ਤਕ 200 ਦਾ ਅੰਕੜਾ ਛੂੰਹਦੀ ਜਾਪ ਰਹੀ ਹੈ।